ਕੀ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ ਨੂੰ ਟ੍ਰਾਂਸਫਰ ਹੋ ਸਕਣਗੀਆਂ ਬਸਪਾ ਤੇ ਵਾਮ ਦਲਾਂ ਦੀਆਂ ਵੋਟਾਂ
Friday, May 17, 2019 - 02:44 PM (IST)

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਕੁਝ ਸੀਟਾਂ 'ਤੇ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵੀ ਮੁੱਖ ਪਾਰਟੀਆਂ ਦੇ ਨਾਲ ਮੁਕਾਬਲੇ 'ਚ ਨਜ਼ਰ ਆ ਰਹੇ ਹਨ ਅਤੇ ਇਹ ਵੱਡਾ ਸਵਾਲ ਇਹ ਹੈ ਕਿ ਕੀ ਡ੍ਰੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ ਨੂੰ ਬਸਪਾ ਅਤੇ ਵਾਮ ਦਲਾਂ ਦੀਆਂ ਵੋਟਾਂ ਟ੍ਰਾਂਸਫਰ ਹੋ ਸਕਣਗੀਆਂ। ਪੰਜਾਬ 'ਚ ਇਸ ਵਾਰ ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵੀ ਸਾਰੀਆਂ ਸੀਟਾਂ 'ਤੇ ਚੋਣ ਲੜ ਰਹੇ ਹਨ। ਇਨ੍ਹਾਂ 'ਚੋਂ ਜਲੰਧਰ, ਹੁਸ਼ਿਆਰਪੁਰ ਅਤੇ ਆਨੰਦਪੁਰ ਸਾਹਿਬ ਸੀਟ 'ਤੇ ਬਹੁਜਨ ਸਮਾਜ ਪਾਰਟੀ ਅਤੇ ਗੁਰਦਾਸਪੁਰ ਤੋਂ ਵਾਮ ਪੰਥੀ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ ਬਠਿੰਡਾ, ਖਡੂਰ ਸਾਹਿਬ ਅਤੇ ਫਰੀਦਕੋਟ ਸੀਟ 'ਤੇ ਪੰਜਾਬ ਏਕਤਾ ਪਾਰਟੀ ਅਤੇ ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਸੰਗਰੂਰ ਵਿਚ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਮੈਦਾਨ 'ਚ ਹਨ।
ਇਸ ਤੋਂ ਇਲਾਵਾ ਪਟਿਆਲਾ ਸੀਟ 'ਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਧਰਮਵੀਰ ਗਾਂਧੀ ਨੂੰ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਹਮਾਇਤ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਲੁਧਿਆਣਾ, ਬਠਿੰਡਾ, ਖਡੂਰ ਸਾਹਿਬ ਅਤੇ ਪਟਿਆਲਾ ਦੇ ਉਮੀਦਵਾਰ ਮੁੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਮੁਕਾਬਲੇ ਵਿਚ ਨਜ਼ਰ ਆ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵੱਲੋਂ ਆਪਣੀਆਂ ਰਿਵਾਇਤੀ ਵੋਟਾਂ ਹਾਸਲ ਕਰਨ ਲਈ ਜ਼ੋਰ ਲਗਾਇਆ ਜਾ ਰਿਹਾ ਹੈ, ਨਾਲ ਹੀ ਇਨ੍ਹਾਂ ਉਮੀਦਵਾਰਾਂ ਦਾ ਸਾਰਾ ਦਾਰੋਮਦਾਰ ਬਹੁਜਨ ਸਮਾਜ ਪਾਰਟੀ ਅਤੇ ਵਾਮਪੰਥੀ ਵੋਟ ਬੈਂਕ 'ਤੇ ਟਿਕਿਆ ਹੋਇਆ ਹੈ।
ਹੁਣ ਵੱਡਾ ਸਵਾਲ ਇਹ ਹੈ ਕਿ ਕੀ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ ਨੂੰ ਬਸਪਾ ਅਤੇ ਵਾਮ ਦਲਾਂ ਦੀਆਂ ਵੋਟਾਂ ਟ੍ਰਾਂਸਫਰ ਹੋ ਸਕਣਗੀਆਂ ਕਿਉਂਕਿ ਪੰਜਾਬ ਵਿਚ ਹੁਣ ਤੱਕ ਹੋਣ ਵਾਲੇ ਗਠਜੋੜ ਦੇ ਅਧੀਨ ਇਕ ਪਾਰਟੀ ਨੂੰ ਦੂਜੀ ਪਾਰਟੀ ਦਾ ਪੂਰਾ ਵੋਟ ਬੈਂਕ ਟ੍ਰਾਂਸਫਰ ਨਹੀਂ ਹੋ ਪਾਉਂਦਾ ਹੈ। ਸ਼ਾਇਦ ਇਸੇ ਦੇ ਮੱਦੇਨਜ਼ਰ ਮਾਇਆਵਤੀ ਨੇ ਪਿਛਲੇ ਦਿਨੀਂ ਨਵਾਂਸ਼ਹਿਰ 'ਚ ਰੈਲੀ ਕਰਕੇ ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਡੈਮੋਕ੍ਰੇਟਿਕ ਆਲਾਇੰਸ ਦੇ ਉਮੀਦਵਾਰਾਂ ਨੂੰ ਆਪਣੇ ਵਰਕਰਾਂ ਦੇ ਰੂ-ਬ-ਰੂ ਕਰਵਾਇਆ ਗਿਆ ਸੀ ਕਿਉਂਕਿ ਬਹੁਜਨ ਸਮਾਜ ਪਾਰਅੀ ਆਪਣੀ ਵੋਟ ਫੀਸਦੀ ਘੱਟ ਨਹੀਂ ਹੋਣ ਦੇਣਾ ਚਾਹੁੰਦੀ।
'ਆਪ' ਤੇ ਟਕਸਾਲੀ ਗਰੁੱਪ ਨਾਲ ਗਠਜੋੜ ਹੋਣ 'ਤੇ ਕੁਝ ਹੋਰ ਹੀ ਹੈ ਤਸਵੀਰ
ਪੰਜਾਬ ਵਿਚ ਕਾਂਗਰਸ, ਅਕਾਲੀ-ਭਾਜਪਾ ਖਿਲਾਫ ਮੋਰਚਾ ਬਣਾਉਣ ਲਈ ਖਹਿਰਾ, ਬੈਂਸ ਅਤੇ ਡਾ. ਗਾਂਧੀ ਨੇ ਬਹੁਜਨ ਸਮਾਜ ਪਾਰਟੀ ਅਤੇ ਵਾਮ ਪੰਥੀ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਗਰੁੱਪ ਦੇ ਨਾਲ ਗਠਜੋੜ ਕਰਨ ਦਾ ਯਤਨ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਨੇ ਖਹਿਰਾ ਅਤੇ ਬੈਂਸ ਦੇ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼੍ਰੀ ਆਨੰਦਪੁਰ ਸਾਹਿਬ ਸੀਟ 'ਤੇ ਪਹਿਲਾਂ ਤੋਂ ਉਮੀਦਵਾਰ ਦੀ ਘੋਸ਼ਣਾ ਕਰਨ ਕਰਕੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਟਕਸਾਲੀ ਗਰੁੱਪ ਦੇ ਨਾਲ ਗਠਜੋੜ ਨਹੀਂ ਹੋ ਸਕਿਆ। ਇਸੇ ਤਰ੍ਹਾਂ ਡੈਮੋਕ੍ਰੇਟਿਕ ਅਲਾਇੰਸ ਦਾ ਆਨੰਦਪੁਰ ਸਾਹਿਬ ਸੀਟ 'ਤੇ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਖੜ੍ਹਾ ਕਰਨ ਨੂੰ ਲੈ ਕ ਅਕਾਲੀ ਦਲ ਟਕਸਾਲੀ ਗਰੁੱਪ ਦੇ ਨਾਲ ਗਠਜੋੜ ਨਹੀਂ ਹੋਇਆ। ਜੇਕਰ ਇਹ ਗਠਜੋੜ ਹੋਇਆ ਹੁੰਦਾ ਤਾਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਤਸਵੀਰ ਕੁਝ ਹੋਰ ਹੀ ਹੁੰਦੀ।