ਸੁਖਬੀਰ ਬਾਦਲ ਵੱਲੋਂ ਸਮੂਹ ਪੰਜਾਬੀਆਂ ਨੂੰ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ

Tuesday, Mar 24, 2020 - 12:43 AM (IST)

ਸੁਖਬੀਰ ਬਾਦਲ ਵੱਲੋਂ ਸਮੂਹ ਪੰਜਾਬੀਆਂ ਨੂੰ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਕਰਫਿਊ ਦੇ ਨਿਯਮ ਦਾ ਪੂਰੀ ਤਰ੍ਹਾਂ ਪਾਲਣ ਕਰਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਬਤੌਰ ਅਕਾਲੀ ਦਲ ਅਸੀਂ ਮੁੱਖ ਮੰਤਰੀ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਇਸ ਲੜਾਈ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਘੜੀ ਸਾਡੇ ਵਿਚੋਂ ਕੋਈ ਵੀ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਨਹੀਂ, ਅਸੀਂ ਸਾਰੇ ਪੰਜਾਬੀ ਹਾਂ ਤੇ ਇਸ ਲੜਾਈ ਵਿਚ ਸਭ ਮੱਤਭੇਦ ਭੁਲਾ ਕੇ ਇਕ ਹਾਂ।

ਸਰਦਾਰ ਬਾਦਲ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਵਿਰੁੱਧ ਜੰਗ ਵਿਚ ਅਗਵਾਈ ਦੇਵੇ ਅਤੇ ਹਸਪਤਾਲਾਂ ਸਮੇਤ ਹਰ ਜਗਾ ਖੁੱਲੇ ਲੰਗਰ ਦਾ ਪ੍ਰਬੰਧ ਯਕੀਨੀ ਬਣਾਏ। ਅਕਾਲੀ ਦਲ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਵੀ ਆਖਿਆ ਕਿ ਉਹ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਸਾਂਝੀ ਚੁਣੌਤੀ ਦੀ ਘੜੀ 'ਚ ਉਨ੍ਹਾਂ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ। ਜਿਨ੍ਹਾਂ ਦਾ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਲਾਨ ਕਰਦੇ ਹਨ।

ਸਰਦਾਰ ਬਾਦਲ ਨੇ ਹਰ ਘਰ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖ਼ਿਆਲ ਰੱਖਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਆਪਣੇ ਬਜ਼ੁਰਗਾਂ ਦਾ ਮੁੱਲ ਮੋੜਣ ਦਾ ਸਮਾਂ ਹੈ, ਜਿਨ੍ਹਾਂ ਨੇ ਸਾਡੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਸਾਬਕਾ ਉਪ ਮੁੱਖ ਮੰਤਰੀ ਨੇ ਕੈਨੇਡਾ, ਇਟਲੀ, ਅਮਰੀਕਾ, ਬਰਤਾਨੀਆ, ਸਪੇਨ, ਜਰਮਨੀ ਅਤੇ ਮਿਡਲ ਈਸਟ 'ਚ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦੇਸ਼ਾਂ ਵਿਚ ਹਰ ਲੋੜਵੰਦ ਪੰਜਾਬੀ ਦੀ ਬਿਨਾਂ ਕੋਈ ਸਿਆਸੀ ਜਾਂ ਹੋਰ ਵਿਤਕਰਾ ਕੀਤੇ ਹਰ ਸੰਭਵ ਸਹਾਇਤਾ ਕਰਨ। ਉਹਨਾਂ ਨੇ ਅਕਾਲੀ ਅਹੁਦੇਦਾਰਾਂ ਨੂੰ ਆਖਿਆ ਕਿ ਉਹ ਪੰਜਾਬੀ ਲੋਕਾਂ ਦੀ ਮੱਦਦ ਕਰਨ ਲਈ ਭਾਰਤੀ ਵਿਦੇਸ਼ੀ ਮਿਸ਼ਨਾਂ ਨਾਲ ਤਾਲਮੇਲ ਕਰਨ। ਬਾਦਲ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ 'ਚ ਆਏ ਪਰਵਾਸੀਆਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਝੂਠੀਆਂ ਅਫਵਾਹਾਂ ਕਰਕੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ੍ਰੀ ਸੁਬਰਾਮਨੀਅਮ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਕਸਦ ਲਈ ਵਿਸ਼ੇਸ਼ ਸਹਾਇਤਾ ਸੈਲ ਬਣਾਉਣ ਅਤੇ ਪਰਵਾਸੀਆਂ ਲਈ ਇੱਕ ਹੈਲਪਲਾਇਨ ਵੀ ਸ਼ੁਰੂ ਕਰਨ।


author

Deepak Kumar

Content Editor

Related News