ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ, ਇਨ੍ਹਾਂ ਵੱਡੇ ਫ਼ੈਸਲਿਆਂ ’ਤੇ ਲੱਗੀ ਮੋਹਰ
Tuesday, Feb 21, 2023 - 09:18 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ‘ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨਿਯਮ-1958’ (ਪੰਜਾਬ ਸ਼ਾਪਜ਼ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਰੂਲਜ਼) ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮੌਜੂਦਾ ਨਿਯਮ 22 ਤੋਂ ਇਲਾਵਾ ਨਵੇਂ ਨਿਯਮ 23 ਅਤੇ 24 ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਫ਼ੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੋਧ ਅਨੁਸਾਰ ਹਰੇਕ ਅਦਾਰੇ ਲਈ ਬੋਰਡ 'ਤੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਆਪਣਾ ਨਾਂ ਦਰਸਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਬੋਰਡ ’ਤੇ ਨਾਮ ਲਿਖਣ ਲਈ ਗੁਰਮੁਖੀ ਲਿਪੀ ਤੋਂ ਇਲਾਵਾ ਇਸ ਤੋਂ ਹੇਠ ਹੋਰ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਿਨ੍ਹਾਂ ਅਦਾਰਿਆਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਉਨ੍ਹਾਂ ਨੂੰ ਇਹ ਨਿਯਮ ਲਾਗੂ ਹੋਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਅਜਿਹਾ ਕਰਨਾ ਹੋਵੇਗਾ। ਨਵੇਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਪਹਿਲੀ ਵਾਰ ਇਕ ਹਜ਼ਾਰ ਰੁਪਏ ਅਤੇ ਇਸ ਦੇ ਬਾਅਦ ਹਰੇਕ ਉਲੰਘਣ ਲਈ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਵੱਡਾ ਬਦਲਾਅ, ਹਲਕੀ ਬਰਸਾਤ ਦੀ ਸੰਭਾਵਨਾ ਪਰ ਵੱਟ ਕੱਢੇਗੀ ਗਰਮੀ
45 ਦਿਨਾਂ ਅੰਦਰ ਸੀ. ਐੱਲ. ਯੂ. ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ
ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਕੇ ਸੂਬੇ ਵਿਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ 45 ਦਿਨਾਂ ਦੇ ਅੰਦਰ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ (ਸੀ. ਐੱਲ. ਯੂ.) ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਵਿਚ ਜ਼ਮੀਨ ਦੇ ਕਿਸੇ ਵੀ ਹਿੱਸੇ ’ਤੇ ਕੋਈ ਵੀ ਉਸਾਰੀ/ਗਤੀਵਿਧੀ ਸ਼ੁਰੂ ਕਰਨ ਲਈ ਸੀ.ਐੱਲ.ਯੂ. ਦੀ ਪ੍ਰਵਾਨਗੀ ਲੈਣਾ ਲਾਜ਼ਮੀ ਹੈ, ਜਿਸ ਤੋਂ ਬਾਅਦ ਹੀ ਸਬੰਧਤ ਗਤੀਵਿਧੀ ਲਈ ਲੇਆਊਟ ਪਲਾਨ/ਬਿਲਡਿੰਗ ਪਲਾਨ ਅਤੇ ਕਾਲੋਨੀ ਨੂੰ ਲਾਇਸੈਂਸ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਸਾਰੀ ਪ੍ਰਕਿਰਿਆ ਵਿਚ ਕਈ ਵਾਰ ਛੇ ਮਹੀਨਿਆਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਪ੍ਰਾਜੈਕਟ ਵਿਚ ਬੇਲੋੜੀ ਦੇਰੀ ਹੁੰਦੀ ਹੈ ਪਰ ਹੁਣ ਸੀ. ਐੱਲ. ਯੂ., ਲੇਆਊਟ ਪਲਾਨ/ਬਿਲਡਿੰਗ ਪਲਾਨ ਅਤੇ ਕਾਲੋਨੀ ਨੂੰ ਲਾਇਸੈਂਸ ਦੀ ਇਜਾਜ਼ਤ ਇੱਕੋ ਸਮੇਂ ਦਿੱਤੀ ਜਾਵੇਗੀ ਜਿਸ ਨਾਲ ਉਪਰੋਕਤ ਇਜਾਜ਼ਤ ਦੇਣ ਦੀ ਸਮਾਂ-ਸੀਮਾਂ 45-60 ਦਿਨਾਂ ਤੱਕ ਘਟ ਜਾਵੇਗੀ।
ਦੰਗਾ/ਅੱਤਵਾਦ ਪੀੜਤਾਂ ਲਈ ਰਾਖਵਾਂਕਰਨ 31 ਦਸੰਬਰ, 2026 ਤੱਕ ਵਧਾਇਆ
ਮੰਤਰੀ ਮੰਡਲ ਨੇ ਅਰਬਨ ਅਸਟੇਟ/ਇੰਪਰੂਵਮੈਂਟ ਟਰੱਸਟ/ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਅਤੇ ਹੋਰਨਾਂ ਵੱਲੋਂ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਪਲਾਟਾਂ/ਮਕਾਨਾਂ ਦੀ ਅਲਾਟਮੈਂਟ ਵਿੱਚ ਦੰਗਾ/ਅੱਤਵਾਦ ਪੀੜਤਾਂ ਨੂੰ 5 ਫ਼ੀਸਦ ਰਾਖਵਾਂਕਰਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪਾਲਿਸੀ ਦੀ ਮਿਆਦ 31 ਦਸੰਬਰ, 2021 ਨੂੰ ਖਤਮ ਹੋ ਗਈ ਸੀ ਪਰ ਇਸ ਫੈਸਲੇ ਨਾਲ ਪਾਲਿਸੀ ਦੀ ਮਿਆਦ ਨੂੰ ਹੋਰ ਪੰਜ ਸਾਲ ਭਾਵ 31 ਦਸੰਬਰ, 2026 ਤੱਕ ਵਧਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ ’ਚ ਰੱਖੇ ਕਬੱਡੀ ਟੂਰਨਮੈਂਟ ’ਤੇ ਗੈਂਗਸਟਰਾਂ ਦਾ ਸਾਇਆ, ਮੈਦਾਨ ’ਚ ਨਹੀਂ ਉੱਤਰੇ ਖਿਡਾਰੀ
ਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਪਾਲਿਸੀ 2023" ਨੂੰ ਵੀ ਪ੍ਰਵਾਨਗੀ
ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿਚ ਅਨਾਜ ਦੀ ਢੋਆ-ਢੁਆਈ ਲਈ "ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਪਾਲਿਸੀ 2023" ਅਤੇ ਅਨਾਜ ਦੀ ਲੇਬਰ ਅਤੇ ਕਾਰਟੇਜ ਲਈ "ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਪਾਲਿਸੀ 2023" ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਆਪਣੀਆਂ ਸਟੇਟ ਖਰੀਦ ਏਜੰਸੀਆਂ ਅਤੇ ਐੱਫ.ਸੀ.ਆਈ. ਰਾਹੀਂ ਵੱਖ-ਵੱਖ ਮਨੋਨੀਤ ਕੇਂਦਰਾਂ/ਮੰਡੀਆਂ ਤੋਂ ਅਨਾਜ ਦੀ ਖਰੀਦ ਕਰਦੀ ਹੈ। ਸਾਲ 2023 ਦੌਰਾਨ ਅਨਾਜ ਦੀ ਢੋਆ-ਢੁਆਈ, ਅਨਾਜ ਦੀ ਲੇਬਰ ਅਤੇ ਕਾਰਟੇਜ ਦੇ ਕੰਮ ਮੁਕਾਬਲੇ ਵਾਲੀ ਅਤੇ ਪਾਰਦਰਸ਼ੀ ਆਨਲਾਈਨ ਟੈਂਡਰ ਪ੍ਰਣਾਲੀ ਰਾਹੀਂ ਅਲਾਟ ਕੀਤੇ ਜਾਣਗੇ।
ਇਕ ਹੋਰ ਵੱਡਾ ਫ਼ੈਸਲਾ
ਪ੍ਰਸ਼ਾਸਨਿਕ ਲੋੜਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ 16 ਅਗਸਤ, 2022 ਨੂੰ ਠੇਕਾ ਆਧਾਰ 'ਤੇ ਰੱਖੇ ਪਟਵਾਰੀਆਂ ਦੀ ਤਨਖਾਹ 25000/- ਰੁਪਏ ਤੋਂ ਵਧਾ ਕੇ 35000/- ਰੁਪਏ ਕਰਨ ਅਤੇ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਾਲ ਵਿਭਾਗ ਸੂਬੇ ਦੇ ਪ੍ਰਮੁੱਖ ਵਿਭਾਗਾਂ ਵਿਚੋਂ ਇਕ ਹੈ ਅਤੇ ਮਾਲ ਪਟਵਾਰੀਆਂ ਦੀ ਮੁੱਖ ਡਿਊਟੀ ਪੁਰਾਣੇ ਮਾਲ ਰਿਕਾਰਡ ਦੀ ਸਾਂਭ-ਸੰਭਾਲ ਅਤੇ ਰਿਕਾਰਡ ਦਾ ਰੱਖ-ਰਖਾਅ ਅਤੇ ਅਪਡੇਟ ਕਰਨਾ ਹੈ। ਮਾਲ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਮਾਲ ਵਿਭਾਗ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਔਖਾ ਹੋ ਗਿਆ ਹੈ। ਹਾਲਾਂਕਿ, ਮਾਲ ਪਟਵਾਰੀਆਂ ਦੀਆਂ 1090 ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਇਹ ਪਟਵਾਰੀ ਡੇਢ ਸਾਲ ਦੀ ਸਿਖਲਾਈ ਪੂਰੀ ਕਰਨ ਉਪਰੰਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕਣਗੇ। ਇਸ ਲਈ ਰੈਗੂਲਰ ਮਾਲ ਪਟਵਾਰੀ ਮਿਲਣ ਤੱਕ ਮਾਲ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਟਵਾਰੀਆਂ ਦੀਆਂ 1766 ਰੈਗੂਲਰ ਅਸਾਮੀਆਂ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ 'ਚੋਂ ਠੇਕੇ 'ਤੇ ਭਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਆਰਥਿਕ ਅਤੇ ਅੰਕੜਾ ਸੰਗਠਨ, ਯੋਜਨਾਬੰਦੀ ਵਿਭਾਗ, ਪੰਜਾਬ (ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ) ਦੇ ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਏ) ਸਰਵਿਸਿਜ਼ ਰੂਲਜ਼, 2023, ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਬੀ) ਸਰਵਿਸਿਜ਼ ਰੂਲਜ਼, 2023 ਅਤੇ ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਸੀ) ਸਰਵਿਸਿਜ਼ ਰੂਲਜ਼, 2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ