ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ
Friday, May 21, 2021 - 10:12 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ)-ਕੋਵਿਡ ਦੀ ਤੀਜੀ ਸੰਭਾਵੀ ਲਹਿਰ ਅਤੇ ਇਸ ਦੇ ਬੱਚਿਆਂ ਉਪਰ ਪ੍ਰਭਾਵ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮਹਿਕਮੇ ਨੂੰ ਮਿਸ਼ਨ ਵਾਂਗ ਪੂਰੀ ਤਨਦੇਹੀ ਨਾਲ ਤਿਆਰੀਆਂ ਵਿਚ ਜੁਟ ਜਾਣ ਦੇ ਹੁਕਮ ਦਿੱਤੇ। ਇਨ੍ਹਾਂ ਤਿਆਰੀਆਂ ਦੇ ਤਹਿਤ ਜੂਨ ਦੇ ਅੰਤ ਤੱਕ ਸਿਹਤ ਮਹਿਕਮੇ ਦੇ ਸਾਰੇ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਪੇਂਡੂ ਇਲਾਕਿਆਂ ਵਿਚ ਮੌਜੂਦਾ ਲਹਿਰ ਦੇ ਫੈਲਾਅ ਨੂੰ ਕਾਬੂ ਹੇਠ ਲਿਆਉਣ ਲਈ ਘਰ-ਘਰ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਵਰਚੂਅਲ ਮੀਟਿੰਗ ਦੌਰਾਨ ਸੂਬੇ ਵਿਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਟੀਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁੱਢਲੀਆਂ ਦਵਾਈਆਂ ਦੇ ਨਾਲ ਲੈਸ ਕੀਤਾ ਜਾਵੇ ਅਤੇ ਲੱਛਣਾਂ ਵਾਲੇ ਵਿਅਕਤੀਆਂ ਦੀ ਆਰ. ਏ. ਟੀ. ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਕੁਝ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਐੱਲ. 2 ਸਹੂਲਤਾਂ ਲਈ ਤਿਆਰ ਕੀਤਾ ਜਾਵੇ, ਜਿੱਥੇ ਆਕਸੀਜਨ ਕੰਸਨਟ੍ਰੇਟਰ ਤੇ ਉਚਿਤ ਇਲਾਜ ਪ੍ਰੋਟੋਕੋਲ ਸਮੇਤ ਡਾਕਟਰਾਂ ਦੀ ਵਿਵਸਥਾ ਹੋਵੇ।
ਮਾਰਚ ਵਿਚ ਲਏ ਗਏ ਨਮੂਨਿਆਂ ’ਚ 96 ਫ਼ੀਸਦੀ ਯੂ. ਕੇ. ਦਾ ਵਾਇਰਸ
ਬੈਠਕ ਦੌਰਾਨ ਡਾਕਟਰ ਕੇ. ਕੇ. ਤਲਵਾੜ ਨੇ ਦੱਸਿਆ ਕਿ ਮਾਰਚ ਵਿਚ ਲਏ ਗਏ ਨਮੂਨਿਆਂ ਦੀ ਵਾਇਰਸ ਦੇ ਬਦਲਦੇ ਰੂਪ ਦੇ ਪੱਖ ਵਿਚ ਜਾਂਚ ਕੀਤੇ ਜਾਣ ’ਤੇ 96 ਫ਼ੀਸਦੀ ਨਮੂਨਿਆਂ ਵਿਚ ਯੂ. ਕੇ. ਦਾ ਵਾਇਰਸ ਪਾਇਆ ਗਿਆ, ਜਦਕਿ ਅਪ੍ਰੈਲ ਦੌਰਾਨ ਲਏ ਗਏ ਨਮੂਨਿਆਂ ਵਿਚ ਸਿਰਫ਼ ਇਕ ਦੁੱਗਣਾ ਮਿਊਟੈਂਟ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ
ਵੱਧ ਵਸੂਲੀ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ’ਤੇ ਸਖ਼ਤ ਮੁੱਖ ਮੰਤਰੀ
ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਕੋਵਿਡ ਮਰੀਜਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵੱਲੋਂ ਪੈਸੇ ਵਾਪਸ ਕਰਵਾਏ ਜਾਣੇ ਚਾਹੀਦੇ ਹਨ। ਇਸ ਤੱਥ ਵੱਲ ਗੌਰ ਕਰਦਿਆਂ ਕਿ ਹਸਪਤਾਲਾਂ ਵਿੱਚ ਇਲਾਜ ਅਧੀਨ ਕੁਝ ਮਰੀਜਾਂ ਨੂੰ ਛੁੱਟੀ ਮਿਲਣ ਤੋਂ ਕੁਝ ਦਿਨ ਬਾਅਦ ਤੱਕ ਵੀ ਆਕਸੀਜਨ ਦੀ ਲੋੜ ਪੈਂਦੀ ਹੈ, ਮੁੱਖ ਮੰਤਰੀ ਨੇ ਸਿਹਤ ਮਹਿਕਮੇ ਨੂੰ ਕਿਹਾ ਕਿ ਉਨ੍ਹਾਂ ਦੇ ਪੰਜ ਲੀਟਰ ਪ੍ਰਤੀ ਮਿੰਟ ਕੰਸਨਟਰੇਟਰਾਂ ਨੂੰ ਇਸ ਮਕਸਦ ਲਈ ਆਰਜੀ ਤੌਰ ’ਤੇ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ
ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਵਸੂਲਿਆ 12 ਕਰੋੜ ਰੁਪਏ ਜੁਰਮਾਨਾ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਾਬੰਦੀਆਂ ਲਾਗੂ ਕਰਵਾਉਣ ਦੀ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ, ਜਿਸ ਨਾਲ ਹੁਣ ਲੋਕ ਵੀ ਜ਼ਿਆਦਾ ਚੌਕਸ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 19 ਮਾਰਚ ਤੋਂ ਲੈ ਕੇ ਹੁਣ ਤੱਕ ਕੁਲ 25 ਲੱਖ ਉਲੰਘਣਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ 1.31 ਲੱਖ ਚਲਾਨ ਜਾਰੀ ਕਰਕੇ 12 ਕਰੋੜ ਰੁਪਏ ਦੀ ਰਕਮ ਹਰਜਾਨੇ ਵਜੋਂ ਜੁਟਾਈ ਗਈ ਹੈ। ਇਸ ਤੋਂ ਇਲਾਵਾ ਉਲੰਘਣਾ ਕਰਨ ਵਾਲੇ 2600 ਵਿਅਕਤੀਆਂ ਨੂੰ ਖੁੱਲ੍ਹੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?