ਕਿਸਾਨ ਅੰਦੋਲਨ ਦੇ ਹੱਕ 'ਚ ਉਤਰੀ ਪੰਜਾਬ ਕਾਂਗਰਸ, ਕਿਸਾਨਾਂ ਲਈ ਜਾਰੀ ਕੀਤੀ ਕਾਨੂੰਨੀ ਸਹਾਇਤਾ ਹੈਲਪਲਾਈਨ

Wednesday, Feb 14, 2024 - 05:19 AM (IST)

ਕਿਸਾਨ ਅੰਦੋਲਨ ਦੇ ਹੱਕ 'ਚ ਉਤਰੀ ਪੰਜਾਬ ਕਾਂਗਰਸ, ਕਿਸਾਨਾਂ ਲਈ ਜਾਰੀ ਕੀਤੀ ਕਾਨੂੰਨੀ ਸਹਾਇਤਾ ਹੈਲਪਲਾਈਨ

ਚੰਡੀਗੜ੍ਹ (ਅਸ਼ਵਨੀ)- ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਪ੍ਰੈੱਸ ਕਾਨਫਰੰਸ ਬੁਲਾਈ ਗਈ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ ਧਰਨੇ 'ਚ ਸ਼ਾਮਲ ਪੰਜਾਬ ਦੇ ਕਿਸਾਨਾਂ ਨੂੰ ਅਟੁੱਟ ਸਮਰਥਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਸਾਡੇ ਦੇਸ਼ ਦੇ ਅੰਨਦਾਤਾ ਆਪਣੇ ਮੌਲਿਕ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸ ਦਾ ਵਾਅਦਾ ਕੇਂਦਰ ਸਰਕਾਰ ਨੇ ਉਨ੍ਹਾਂ ਨਾਲ ਬਹੁਤ ਪਹਿਲਾਂ ਕੀਤਾ ਸੀ ਤੇ ਇਹ ਮੋੜ ਖੁਦ ਨੂੰ ਇਤਿਹਾਸ ਵਿਚ ਸ਼ਾਮਲ ਕਰੇਗਾ।

ਇਹ ਵੀ ਪੜ੍ਹੋ- ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ, ਤਿੰਨ ਗੁਣਾ ਕੀਮਤਾਂ 'ਤੇ ਵੇਚ ਰਹੀਆਂ ਟਿਕਟਾਂ

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਵਿਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰਿਆਣਾ ਦੀਆਂ ਸਰਹੱਦਾਂ ’ਤੇ ਖੜ੍ਹੀਆਂ ਰੁਕਾਵਟਾਂ ਭਾਰਤ-ਪਾਕਿ ਸਰਹੱਦ ਦੇ ਨਾਲੋਂ ਵੀ ਵੱਧ ਸਖ਼ਤ ਹਨ। ਪੰਜਾਬ ਦੀ ਖੇਤੀ ਸ਼ਕਤੀ ਤੋਂ ਭੈਭੀਤ ਕੇਂਦਰ ਸਰਕਾਰ ਟਕਰਾਅ ਲਈ ਤਿਆਰ ਜਾਪਦੀ ਹੈ। ਕਿਸਾਨਾਂ ਦੀਆਂ ਚੁਣੌਤੀਆਂ ਸਬੰਧੀ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਸਿੱਧੀਆਂ ਹਨ ਜੋ ਕਿ ਪਹਿਲਾਂ ਕੇਂਦਰ ਸਰਕਾਰ ਵਲੋਂ ਮੰਨੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਉਜਰਤਾਂ ਵਿਚ ਵਾਧੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੀ ਮੰਗ ਜਾਇਜ਼ ਹੈ। ਅੰਤ ਵਿਚ ਰਾਜਾ ਵੜਿੰਗ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਿਆਸੀ ਸਮਰਥਨ ਨੂੰ ਸਪੱਸ਼ਟ ਤੌਰ ’ਤੇ ਅਸਵੀਕਾਰ ਕੀਤੇ ਜਾਣ ਦੇ ਬਾਵਜੂਦ ਅਸੀਂ ਅਟੁੱਟ ਏਕਤਾ ਦਾ ਯਕੀਨ ਦਿਵਾਉਂਦੇ ਹਾਂ। ਕਿਸਾਨਾਂ ਨੂੰ ਜਦੋਂ ਵੀ ਲੋੜ ਪਵੇ ਤਾਂ ਸਾਡਾ ਸਮਰਥਨ ਉਨ੍ਹਾਂ ਦੇ ਨਾਲ ਹੈ। ਇਸ ਲਈ ਸਾਡੀ ਕਾਨੂੰਨੀ ਟੀਮ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏਗੀ ਅਤੇ ਇਕ ਸਮਰਪਿਤ ਮੋਬਾਇਲ ਹੈਲਪਲਾਈਨ ਨੰਬਰ 82838-35469 ਦੀ ਸਹੂਲਤ ਵੀ ਦਿੱਤੀ ਗਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜਰਨਲ ਸਕੱਤਰ ਸੰਦੀਪ ਸੰਧੂ, ਪੰਜਾਬ ਕਾਂਗਰਸ ਲੀਗਲ ਸੈੱਲ ਦੇ ਚੇਅਰਮੈਨ ਐਡ. ਬਿਪਨ ਘਈ ਅਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਐਡ. ਅਰਸ਼ਪ੍ਰੀਤ ਸਿੰਘ ਖਡਿਆਲ ਮੌਜੂਦ ਸਨ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਇੰਟਰਨੈੱਟ ਸੇਵਾ 'ਤੇ ਪਾਬੰਦੀ ਦੀ ਮਿਆਦ 'ਚ ਕੀਤਾ ਵਾਧਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News