ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਣ ’ਤੇ ਵੀ ਰਾਹੁਲ, ਪ੍ਰਿਯੰਕਾ ਦੇ ਉਲਟ ਹੈ ਪੰਜਾਬ ਦੇ ਕਾਂਗਰਸੀਆਂ ਦਾ ਸਟੈਂਡ

Sunday, Mar 24, 2024 - 09:57 AM (IST)

ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਣ ’ਤੇ ਵੀ ਰਾਹੁਲ, ਪ੍ਰਿਯੰਕਾ ਦੇ ਉਲਟ ਹੈ ਪੰਜਾਬ ਦੇ ਕਾਂਗਰਸੀਆਂ ਦਾ ਸਟੈਂਡ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਗੱਠਜੋੜ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਦੇ ਕਾਂਗਰਸੀਆਂ ਦਾ ਸਟੈਂਡ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੇ ਉਲਟ ਹੀ ਨਜ਼ਰ ਆ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਬਣਾਏ ਗਏ ਇੰਡੀਆ ਗੱਠਜੋੜ ਤਹਿਤ ਕਾਂਗਰਸ ਅਤੇ ‘ਆਪ’ ਵਿਚਕਾਰ ਰਾਜਾਂ ਵਿਚ ਸੀਟਾਂ ਦਾ ਵੰਡ ਹੋਈ ਹੈ ਪਰ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੇ ਜ਼ੋਰਦਾਰ ਵਿਰੋਧ ਦੀ ਵਜ੍ਹਾ ਨਾਲ ਸਮਝੌਤਾ ਸਿਰੇ ਨਹੀਂ ਚੜ੍ਹਿਆ। ਹੁਣ ਲੋਕ ਸਭਾ ਚੋਣ ਤੋਂ ਠੀਕ ਪਹਿਲਾ ਈ. ਡੀ. ਵਲੋਂ ਦਿੱਲੀ ’ਚ ਸ਼ਰਾਬ ਪਾਲਿਸੀ ਬਣਾਉਣ ਦੀ ਆੜ ਵਿਚ ਘਪਲਾ ਕਰਨ ਦੇ ਦੋਸ਼ ਵਿਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦਾ ਇੰਡੀਆ ਗੱਠਜੋੜ ਵਿਚ ਸ਼ਾਮਲ ਸਾਰੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਰਾਹੁਲ, ਪ੍ਰਿਯੰਕਾ ਵਲੋਂ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਹੈ ਪਰ ਇਸ ਮਾਮਲੇ ਵਿਚ ਪੰਜਾਬ ਦੇ ਕਾਂਗਰਸੀਆਂ ਦਾ ਸਟੈਂਡ ਇਕ ਵਾਰ ਫਿਰ ਹਾਈ ਕਮਾਨ ਦੇ ਉਲਟ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਪ੍ਰਦਰਸ਼ਨਾਂ ’ਚ ਪਹੁੰਚੇ ਮਾਨ, ਪਹਿਲਾਂ ਗੋਰਿਆਂ ਨਾਲ ਲੜੇ ਸੀ ਹੁਣ ਚੋਰਾਂ ਨਾਲ ਲੜਾਂਗੇ

ਜਿਸ ਦੇ ਤਹਿਤ ਪ੍ਰਧਾਨ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੇ ਟਵੀਟ ਨੂੰ ਸ਼ੇਅਰ ਕਰਨ ਦੀ ਜ਼ਿੰਮੇਦਾਰੀ ਤਾਂ ਨਿਭਾ ਦਿੱਤੀ ਪਰ ਨਾਲ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ’ਤੇ ਹਮਲਾ ਕਰਨ ਦਾ ਮੌਕਾ ਨਹੀਂ ਗਵਾਇਆ। ਵੜਿੰਗ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਲਿਖਿਆ ਹੈ ਕਿ ਨੈਸ਼ਨਲ ਲੈਵਲ ਹੋਵੇ ਜਾਂ ਪੰਜਾਬ, ਬਦਲਾਖ਼ੋਰੀ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਈ. ਡੀ., ਸੀ. ਬੀ. ਆਈ. ਜਾਂ ਵਿਜੀਲੈਂਸ ਦੇ ਜ਼ਰੀਏ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਨਾਲ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ। ਭਾਵੇਂ ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਦੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਮਾਮਲੇ ਵਿਚ ਸ਼ਾਂਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਹਿਰੀਲੀ ਸ਼ਰਾਬ ਦੁਖਾਂਤ ’ਤੇ ਭਾਰਤੀ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ

ਇਸ ਦੇ ਮੁਕਾਬਲੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਨੂੰ ਵੀ ਨਹੀਂ ਬਖਸ਼ਿਆ। ਬਿੱਟੂ ਨੇ ਕਿਹਾ ਕਿ ਜੋ ਪਾਰਟੀ ਲੋਕਪਾਲ ਅਤੇ ਸਵਰਾਜ ਦੀ ਗੱਲ ਕਰ ਕੇ ਸੱਤਾ ਵਿਚ ਆਈ ਸੀ, ਉਸ ਦੀ ਅਸਲੀਅਤ ਹੁਣ ਸਾਹਮਣੇ ਆ ਗਈ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 300 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਸ਼ਤਿਹਾਰਾਂ ਦਾ ਅੰਕੜਾ ਵਧਾ ਲੈਣਾ ਚਾਹੀਦਾ। ਬਿੱਟੂ ਨੇ ਕਿਹਾ ਹੈ ਕਿ ਕੇਜਰੀਵਾਲ ਵਾਂਗ ਮੁੱਖ ਮੰਤਰੀ ਮਾਨ ਅਤੇ ਰਾਘਵ ਚੱਢਾ ਨੂੰ ਪੰਜਾਬ ਵਿਚ ਐਕਸਾਈਜ਼ ਪਾਲਿਸੀ ਜਾਂ ਹੋਰ ਮਾਮਲਿਆਂ ਵਿਚ ਹੋ ਰਹੀ ਕਰੱਪਸ਼ਨ ਦੇ ਦੋਸ਼ ਵਿਚ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
ਜੇਲ੍ਹ ਜਾਣ ਵਾਲੇ ਨੇਤਾ ਖੁੱਲ ਕੇ ਕੱਢ ਰਹੇ ਭੜਾਸ
ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਈ ਵੀ ਟਿੱਪਣੀ ਕਰਨ ਨਾਲ ਜਿੱਥੇ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਵੱਡੇ ਨੇਤਾ ਪਰਹੇਜ਼ ਹੀ ਕਰ ਰਹੇ ਹਨ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦਰਜ ਹੋਏ ਕੇਸ ਦੀ ਵਜ੍ਹਾ ਨਾਲ ਜੇਲ੍ਹ ਜਾਣ ਵਾਲੇ ਨੇਤਾ ਖੁੱਲ੍ਹ ਕੇ ਭੜਾਸ ਕੱਢ ਰਹੇ ਹਨ। ਇਨ੍ਹਾਂ ਵਿਚ ਸੁਖਪਾਲ ਖਹਿਰਾ ਦਾ ਨੰਬਰ ਸਭ ਤੋਂ ਅੱਗੇ ਹੈ ਅਤੇ ਕੁਸ਼ਲਦੀਪ ਢਿੱਲੋਂ ਨੇ ਵੀ ਆਪਣਾ ਗੁੱਸਾ ਕੱਢਿਆ ਹੈ। ਜਿਥੋਂ ਤੱਕ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸਵਾਲ ਹੈ। ਉਨ੍ਹਾਂ ਦੀ ਪਤਨੀ ਅਤੇ ਸਮਰੱਥਕਾਂ ਵਲੋਂ ਵੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖੁਸ਼ੀ ਜ਼ਾਹਰ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News