ਨਸ਼ੇ ਦੇ ਮਾਮਲੇ ''ਚ ਨਿਮਿਸ਼ਾ ਮਹਿਤਾ ਨੇ ਪੰਜਾਬ ਪੁਲਸ ਨੂੰ ਲਿਆ ਕਰੜੇ ਹੱਥੀ
Tuesday, Oct 31, 2017 - 05:07 PM (IST)

ਜਲੰਧਰ (ਸੋਨੂੰ) — ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਨੇ ਨਸ਼ੇ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਕਰੜੇ ਹੱਥੀ ਲਿਆ ਹੈ। ਉਨ੍ਹਾਂ ਪੰਜਾਬ ਪੁਲਸ ਦੇ ਕੁਝ ਭ੍ਰਿਸ਼ਟ ਕਰਮਚਾਰੀਆਂ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸੂਬੇ 'ਚ ਅਕਾਲੀ-ਭਾਜਪਾ ਸਰਕਾਰ ਵੇਲੇ ਦੀਆਂ ਨਸ਼ਾ ਵੇਚਣ ਦੀਆਂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਸਪਸ਼ੱਟ ਸ਼ਬਦਾਂ 'ਚ ਕਿਹਾ ਕਿ ਸੂਬਾ ਕਾਂਗਰਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਾਅਦੇ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਨਸ਼ਿਆਂ ਨੂੰ ਵੇਚਣ ਵਾਲੀਆਂ ਜਿਹੜੀਆਂ ਕਾਲੀਆਂ ਭੇਡਾਂ ਅਜੇ ਵੀ ਲੋਕਾਂ ਨੂੰ ਨਸ਼ੇ ਵੇਚਣ ਲਈ ਦਬਾਅ ਪਾ ਰਹੀਆਂ ਹਨ, ਉਹ ਬਾਜ਼ ਆਉਣ। ਉਨ੍ਹਾਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਕੇ ਇਸ ਗੰਦੇ ਧੰਦੇ ਨੂੰ ਚਲਾਉਣ ਵਾਲੇ ਪੁਲਸ ਕਰਮਚਾਰੀਆਂ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਖੁਦ ਡੀ. ਜੀ. ਪੀ. ਤਕ ਪਹੁੰਚਾਉਣ ਦੀ ਗੱਲ ਕਹੀ।
ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੀ ਇਕ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ 27 ਅਕਤੂਬਰ ਦੀ ਰਾਤ ਜਸਬੀਰ ਕੌਰ ਪਤਨੀ ਕਿਸ਼ਨ ਸਿੰਘ ਦੇ ਘਰ ਸੰਦੀਪ ਕੁਮਾਰ ਹੈਡਕਾਂਸਟੇਬਲ ਆਇਆ ਤੇ ਜਸਬੀਰ ਕੌਰ ਦੇ ਪਰਿਵਾਰ ਨੂੰ ਇਲਾਕੇ 'ਚ ਨਸ਼ਾ ਵੇਚ ਕੇ 50 ਹਜ਼ਾਰ ਰੁਪਏ ਮਹੀਨਾ ਕਮਾਉਣ ਦੀ ਪੇਸ਼ਕਸ਼ ਕੀਤੀ, ਜਦ ਉਨ੍ਹਾਂ ਨੇ ਇਸ ਗੱਲ ਤੋਂ ਮਨ੍ਹਾ ਕੀਤਾ ਤਾਂ ਹੈਡਕਾਂਸਟੇਬਲ ਨੇ ਉਕਤ ਮਹਿਲਾ ਤੇ ਉਸ ਦੇ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਤੇ ਵੱਡੇ ਪੁਲਸ ਅਫਸਰਾਂ ਕੋਲ ਉਸ ਦੀ ਸ਼ਿਕਾਇਤ ਕਰਨ ਦੀ ਗੱਲ ਕਰਦਿਆਂ ਆਪਣੇ ਥਾਣੇ ਦੇ ਕੁਝ ਹੋਰ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾ ਲਿਆ। ਆਪਣੇ ਗਨਮੈਨ ਨੂੰ ਬਚਾਉਣ ਲਈ ਥਾਣਾ ਮੁਖੀ ਆਪਣੇ ਕਰਮਚਾਰੀਆਂ ਨਾਲ ਜਸਬੀਰ ਕੌਰ ਦੇ ਘਰ ਪਹੁੰਚਿਆਂ ਪਰ ਮੌਕੇ 'ਤੇ ਮੀਡੀਆ ਨੂੰ ਦੇਖ ਕੇ ਪੁਲਸਕਰਮੀ ਆਪਣਾ ਮੁਲਾਜ਼ਮ ਲੈ ਕੇ ਉਥੋਂ ਫਰਾਰ ਹੋ ਗਏ।
ਅਗਲੇ ਦਿਨ ਜਦ ਮੀਡੀਆ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਲਈ ਐੱਸ. ਐੱਚ. ਓ. ਤੋਂ ਸਵਾਲ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਸਬੀਰ ਕੌਰ ਦੇ ਘਰ ਇਕ ਵਿਅਕਤੀ ਚੂਰਾ ਪੋਸਤ ਦਾ ਬੋਰਾ ਲੈ ਕੇ ਵੜ੍ਹਿਆ , ਜਿਸ ਦਾ ਪਿੱਛਾ ਕਰਦਾ ਪੁਲਸ ਮੁਲਾਜ਼ਮ ਵੀ ਉਥੇ ਜਾ ਪਹੁੰਚਿਆਂ ਤੇ ਪੁਲਸ ਮੁਲਾਜ਼ਮ ਨੂੰ ਪਿੱਛੇ ਖੜ੍ਹਾ ਦੇਖ ਕੇ ਜਸਬੀਰ ਕੌਰ ਦੇ ਪਰਿਵਾਰ ਨੇ ਉਸ ਨੂੰ ਅੰਦਰ ਘੜੀਸ ਕੇ ਉਸ ਨਾਲ ਕੁੱਟਮਾਰ ਕੀਤੀ।
ਨਿਮਿਸ਼ਾ ਮਹਿਤਾ ਨੇ ਇਸ ਮਾਮਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਜਸਵੀਰ ਕੌਰ ਨੇ ਪੁਲਸ ਮੁਲਾਜ਼ਮ ਨੂੰ ਜਬਰੀ ਘੜੀਸ ਕੇ ਉਸ ਦੀ ਕੁੱਟਮਾਰ ਕੀਤੀ ਸੀ ਤਾਂ ਐੱਸ. ਐੱਚ. ਓ. ਨੇ ਉਸ ਵੇਲੇ ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਤੇ ਜੇਕਰ ਕੋਈ ਵਿਅਕਤੀ ਚੂਰਾ ਪੋਸਤ ਦਾ ਬੋਰਾ ਲੈ ਕੇ ਜਸਬੀਰ ਕੌਰ ਦੇ ਘਰ ਵੜ੍ਹਿਆ ਸੀ ਤਾਂ ਪੁਲਸ ਨੇ ਉਸ ਸਮੇਂ ਬੋਰਾ ਬਰਾਮਦ ਕਿਉਂ ਨਹੀਂ ਕੀਤਾ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜੇਕਰ ਜਸਬੀਰ ਕੌਰ ਖਿਲਾਫ ਨਸ਼ੇ ਦਾ ਮਾਮਲਾ ਦਰਜ ਕੀਤਾ ਗਿਆ ਤਾਂ ਐੱਫ. ਆਈ. ਆਰ. 'ਚ ਨਸ਼ਿਆਂ ਸੰਬੰਧੀ ਧਾਰਾ ਦਰਜ ਕਿਉਂ ਨਹੀਂ ਕੀਤੀ ਗਈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੁਝ ਅਜਿਹੇ ਭ੍ਰਿਸ਼ਟ ਪੁਲਸ ਕਰਮਚਾਰੀਆਂ ਕਾਰਨ ਸਾਰਾ ਪੁਲਸ ਡਿਪਾਰਟਮੈਂਟ ਸ਼ਰਮਸਾਰ ਹੁੰਦਾ ਹੈ ਤੇ ਪੰਜਾਬ 'ਚੋਂ ਨਸ਼ਾ ਜੜ੍ਹੋਂ ਖਤਮ ਕਰਨ 'ਚ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਸਪਸ਼ੱਟ ਕਿਹਾ ਕਿ ਕੈਪਟਨ ਸਰਕਾਰ ਨਸ਼ੇ ਨੂੰ ਨੱਥ ਪਾ ਕੇ ਛੱਡੇਗੀ।