ਅਹਿਮ ਖ਼ਬਰ : ਪੰਜਾਬ 'ਚ ਕਰਾਰੀ ਹਾਰ ਮਗਰੋਂ ਚਿੰਤਤ 'ਕਾਂਗਰਸ', ਇੰਝ ਫਾਈਨਲ ਹੋਵੇਗਾ ਨਵੇਂ ਪ੍ਰਧਾਨ ਦਾ ਨਾਂ

Friday, Mar 18, 2022 - 03:15 PM (IST)

ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ਾ ਲੈਣ ਮਗਰੋਂ ਪੰਜਾਬ ਦੇ ਨਵੇਂ ਪ੍ਰਧਾਨ ਦੀ ਜੋ ਭਾਲ ਸ਼ੁਰੂ ਕੀਤੀ ਗਈ ਹੈ, ਉਸ ਦਾ ਨਾਂ ਸੰਸਦ ਮੈਂਬਰਾਂ ਦੀ ਸਲਾਹ ਨਾਲ ਫਾਈਨਲ ਹੋਵੇਗਾ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਜੋ ਮੰਥਨ ਕੀਤਾ ਜਾ ਰਿਹਾ ਹੈ, ਉਸ 'ਚ ਵਰਕਿੰਗ ਕਮੇਟੀ ਦੀ ਬੈਠਕ ਤੋਂ ਇਲਾਵਾ ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵੱਖਰੇ ਤੌਰ 'ਤੇ ਮੀਟਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ 'ਚ ਪਈ ਖੱਟਾਸ ਮਗਰੋਂ ਚੱਲੀਆਂ ਅੰਨ੍ਹੇਵਾਹ ਗੋਲੀਆਂ, ਵਕੀਲ ਮੁੰਡੇ ਨੇ ਦੱਸੀ ਸਾਰੀ ਕਹਾਣੀ

ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਦੌਰਾਨ ਸੰਸਦ ਮੈਂਬਰਾਂ ਵੱਲੋਂ ਕਾਂਗਰਸ ਨੂੰ ਜਿੱਤ ਨਾ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਸੁਨੀਲ ਜਾਖੜ ਦੇ ਨਾਲ ਹਰੀਸ਼ ਚੌਧਰੀ ਅਤੇ ਅਜੇ ਮਾਕਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੰਜਾਬ 'ਚ ਪਾਰਟੀ ਦੀ ਹਾਲਤ ਕਾਫੀ ਪਤਲੀ ਹੋਣ ਦੇ ਮੱਦੇਨਜ਼ਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਦੀ ਗਿਣਤੀ ਵਧੀ, 30 ਕਰੋੜ ਤੋਂ ਪਾਰ ਜਾ ਸਕਦੈ ਸਲਾਨਾ ਬਜਟ

ਇਸ ਦੌਰ 'ਚ ਕਾਂਗਰਸ ਨੂੰ ਮੁੜ ਸੰਭਾਲਣ ਲਈ ਮਜ਼ਬੂਤ ਅਗਵਾਈ ਦੇਣ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਨਾਂ ਸੰਸਦ ਮੈਂਬਰਾਂ ਦੀ ਸਲਾਹ ਦੇ ਨਾਲ ਫਾਈਨਲ ਹੋਵੇਗਾ। ਸ਼ਾਇਦ ਇਹੀ ਕਾਰਨ ਹੈ ਕਿ ਪਹਿਲਾਂ ਜੋ ਹਿੰਦੂ ਚਿਹਰੇ ਨੂੰ ਪਾਰਟੀ ਦੀ ਵਾਂਗਡੋਰ ਸੌਂਪਣ ਦੀ ਚਰਚਾ ਹੋ ਰਹੀ ਸੀ, ਉਸ ਦੇ ਨਾਲ ਹੀ ਹੁਣ ਸੰਸਦ ਮੈਂਬਰਾਂ ਅਤੇ ਮੌਜੂਦਾ ਵਿਧਾਇਕਾਂ ਦੇ ਨਾਂ ਵੀ ਸੁਣਨ ਨੂੰ ਮਿਲ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News