ਪੰਜਾਬ ਕਾਂਗਰਸ ਦਾ CM ਚਿਹਰਾ ਚਰਨਜੀਤ ਚੰਨੀ ਜਾਂ ਨਵਜੋਤ ਸਿੱਧੂ? ਐਤਵਾਰ ਦੁਪਹਿਰ ਨੂੰ ਮਿਲੇਗਾ ਜਵਾਬ
Saturday, Feb 05, 2022 - 10:03 AM (IST)
ਚੰਡੀਗੜ੍ਹ (ਅਸ਼ਵਨੀ) : ਆਖ਼ਰਕਾਰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਆਧਿਕਾਰਿਕ ਐਲਾਨ ਕਰਨ ਦਾ ਮਨ ਬਣਾ ਲਿਆ ਹੈ। 6 ਤਾਰੀਖ਼ ਨੂੰ ਦੁਪਹਿਰ 2 ਵਜੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਚ ਪਾਰਟੀ ਪ੍ਰਭਾਰੀ ਹਰੀਸ਼ ਚੌਧਰੀ ਨੇ ਕਿਹਾ ਕਿ ਲੁਧਿਆਣਾ ’ਚ ਪਹਿਲਾਂ ਕੌਮੀ ਪ੍ਰਧਾਨ ਰਾਹੁਲ ਗਾਂਧੀ ਖ਼ੁਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ।
ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਲੁਧਿਆਣਾ ਵਿਚ ਵਰਕਰਾਂ ਅਤੇ ਨੇਤਾਵਾਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਪੂਰੇ ਪ੍ਰਦੇਸ਼ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਵਰਚੁਅਲ ਤਰੀਕੇ ਨਾਲ ਜੁੜਣਗੇ। ਇਸ ਦੌਰਾਨ 117 ਵਿਧਾਨ ਸਭਾ ਖੇਤਰ ਦੇ ਕਾਂਗਰਸੀ ਉਮੀਦਵਾਰ ਵੀ ਵਰਚੁਅਲ ਪਲੇਟਫਾਰਮ ’ਤੇ ਹੋਣਗੇ। ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਨਤੀ ’ਤੇ ਕੀਤਾ ਜਾ ਰਿਹਾ ਹੈ। 27 ਜਨਵਰੀ ਨੂੰ ਚੰਨੀ ਅਤੇ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੀ ਬੇਨਤੀ ਕੀਤੀ ਸੀ। ਇਹ ਵਰਚੁਅਲ ਰੈਲੀ ਇਸ ਸੰਦਰਭ ’ਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਗੁਰਨਾਮ ਸਿੰਘ ਚੜੂਨੀ' ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਕਿਸਾਨਾਂ ਲਈ ਕਹੀਆਂ ਵੱਡੀਆਂ ਗੱਲਾਂ
ਮੁੱਖ ਮੰਤਰੀ ਚਿਹਰਾ ਕਿਵੇਂ ਤੈਅ ਹੋਇਆ, ਕਾਂਗਰਸ ਨਹੀਂ ਕਰੇਗੀ ਖ਼ੁਲਾਸਾ
ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਿਸ ਪ੍ਰਕਿਰਿਆ ਤਹਿਤ ਕੀਤਾ ਗਿਆ ਹੈ, ਇਸ ਦਾ ਬਿਓਰਾ ਨਹੀਂ ਦਿੱਤਾ ਜਾਵੇਗਾ। ਹਰੀਸ਼ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਫੀਡਬੈਕ ਕਾਂਗਰਸ ਨੇ ਅੰਦਰੂਨੀ ਪ੍ਰਕਿਰਿਆ ਅਤੇ ਵੱਖ-ਵੱਖ ਮਾਧਿਅਮਾਂ ਜ਼ਰੀਏ ਲਿਆ ਹੈ। ਕਾਂਗਰਸ ਆਮ ਆਦਮੀ ਪਾਰਟੀ ਵਾਂਗ ‘ਢੋਲ ਵਜਾਉਣ’ ’ਚ ਵਿਸ਼ਵਾਸ ਨਹੀਂ ਰੱਖਦੀ ਹੈ, ਇਸ ਲਈ ਇਸ ਫੀਡਬੈਕ ਦਾ ਬਿਓਰਾ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਬਾਗੀਆਂ ਨਾਲ ਨਜਿੱਠਣ ਦੀ ਕਵਾਇਦ ਕੀਤੀ ਸ਼ੁਰੂ
ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਚੋਣ ਦੌਰਾਨ 42 ਵੋਟ ਮਿਲਣ ਦੇ ਦਾਅਵੇ ਨੂੰ ਚੌਧਰੀ ਨੇ ਨਕਾਰਿਆ
ਉਧਰ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਚੋਣ ਪ੍ਰਕਿਰਿਆ ਦੌਰਾਨ 42 ਵਿਧਾਇਕਾਂ ਦਾ ਸਮਰਥਨ ਮਿਲਣ ਜਾਂ ਵੋਟ ਮਿਲਣ ਦੇ ਦਾਅਵੇ ’ਤੇ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਦੀ ਜਿਸ ਅੰਦਰੂਨੀ ਚੋਣ ਪ੍ਰਕਿਰਿਆ ਦਾ ਸੁਨੀਲ ਜਾਖੜ ਦਾਅਵਾ ਕਰ ਰਹੇ ਹਨ, ਉਸ ਪ੍ਰਕਿਰਿਆ ਤਹਿਤ ਕਾਂਗਰਸ ਪਾਰਟੀ ਨੇ ਗਿਣਤੀ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਸੀ। ਉਹ ਖ਼ੁਦ ਉਸ ਅੰਦਰੂਨੀ ਚੋਣ ਪ੍ਰਕਿਰਿਆ ਦਾ ਹਿੱਸਾ ਸਨ, ਉਹ ਬਸ ਇੰਨਾ ਹੀ ਕਹਿ ਸਕਦੇ ਹਨ।
ਚੰਨੀ ਦੇ ਭਰਾ ’ਤੇ ਹੋ ਸਕਦੀ ਹੈ ਅਨੁਸ਼ਾਸਨਾਤਮਕ ਕਾਰਵਾਈ
ਹਰੀਸ਼ ਚੌਧਰੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਹੋਣ ਜਾਂ ਕੋਈ ਵੀ ਕਾਂਗਰਸ ਦਾ ਵਰਕਰ ਹੋਵੇ। ਕਾਂਗਰਸ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਜੇਕਰ ਕੋਈ ਚੋਣ ਲੜਦਾ ਹੈ ਜਾਂ ਉਸ ਖ਼ਿਲਾਫ਼ ਪ੍ਰਚਾਰ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ