ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ’ਤੇ ਸਸਪੈਂਸ ਦਰਮਿਆਨ ਥੀਮ ਸਾਂਗ ਜਾਰੀ
Thursday, Feb 03, 2022 - 09:31 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਬੁੱਧਵਾਰ ਨੂੰ ਦਿਨ ਭਰ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ। ਪਹਿਲਾਂ ਕਿਹਾ ਗਿਆ ਕਿ ਦੇਰ ਸ਼ਾਮ ਨੂੰ ਕਾਂਗਰਸ ਹਾਈਕਮਾਨ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਸਕਦੀ ਹੈ ਪਰ ਸ਼ਾਮ ਢੱਲਦੇ-ਢੱਲਦੇ ਇਹ ਸਸਪੈਂਸ ਕਾਂਗਰਸ ਦੇ ਥੀਮ ਸਾਂਗ ਦੇ ਨਾਲ ਸੰਪੰਨ ਹੋ ਗਿਆ। ਦੇਰ ਸ਼ਾਮ ਪੰਜਾਬ ਕਾਂਗਰਸ ਨੇ ਆਧਿਕਾਰਕ ਤੌਰ ’ਤੇ ਕੰਪੇਨ ਸਾਂਗ ਭਾਵ ਪ੍ਰਚਾਰ ਗੀਤ ਲਾਂਚ ਕਰ ਦਿੱਤਾ। ਉੱਧਰ, ਦਿਨ ਭਰ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲੀਆਂ ਅਟਕਲਾਂ ਦਰਮਿਆਨ ਪੰਜਾਬ ਕਾਂਗਰਸ ਵਿਚ ਸਿਆਸੀ ਰੰਗ ਬਦਲਦੇ ਰਹੇ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਚਾਨਕ ਆਪਣੀਆਂ ਤਮਾਮ ਪ੍ਰਚਾਰ ਸਭਾਵਾਂ ਨੂੰ ਛੱਡ ਕੇ ਮਾਤਾ ਸ਼੍ਰੀ ਵੈਸ਼ਣੋ ਦੇਵੀ ਦੇ ਦਰ ’ਤੇ ਮੱਥਾ ਟੇਕਣ ਲਈ ਰਵਾਨਾ ਹੋ ਗਏ। ਇਕ ਗੱਲਬਾਤ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਰਵੇ ਕਰਵਾ ਰਹੀ ਹੈ, ਛੇਤੀ ਹੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਈਕਮਾਨ ਜਿਸ ਨੂੰ ਵੀ ਮੁੱਖ ਮੰਤਰੀ ਚਿਹਰਾ ਐਲਾਨੇਗੀ, ਸਾਰੇ ਉਸ ਦਾ ਸਮਰਥਨ ਕਰਨਗੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਾਬੂ ਕਾਰ ਸਣੇ ਨਹਿਰ 'ਚ ਡਿੱਗੇ 2 ਲੋਕ, ਇਕ ਨੌਜਵਾਨ ਤੈਰ ਕੇ ਬਾਹਰ ਆਇਆ
ਚੰਨੀ ਨੇ ਇਹ ਵੀ ਕਿਹਾ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਆਧਾਰ ’ਤੇ ਨਹੀਂ ਸਗੋਂ ਚਿਹਰੇ ਦੇ ਆਧਾਰ ’ਤੇ ਵੋਟਿੰਗ ਹੋਵੇਗੀ, ਜਨਤਾ ਉਸ ਨੂੰ ਹੀ ਚੁਣੇਗੀ, ਜਿਸ ਕੋਲ ਮੁੱਖ ਮੰਤਰੀ ਦਾ ਬਿਹਤਰ ਚਿਹਰਾ ਹੋਵੇਗਾ। ਸਿੱਧੂ ਨੇ ਬਕਾਇਦਾ ਟਵੀਟ ਕਰ ਕੇ ਆਪਣੀ ਧਾਰਮਿਕ ਯਾਤਰਾ ਦਾ ਵੇਰਵਾ ਦਿੱਤਾ। ਨਾਲ ਹੀ ਇਹ ਵੀ ਲਿਖਿਆ ਕਿ ਦੁਸ਼ਮਣ ਦਾ ਨਾਸ਼ ਕਰਕੇ, ਪੰਜਾਬ ਦਾ ਕਲਿਆਣ ਕਰੋ। ਸੱਚ ਧਰਮ ਦੀ ਸਥਾਪਨਾ ਕਰੋ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਿਖਿਆ ਕਿ ਧਰਮ ਦੇ ਇਸ ਰਸਤੇ ’ਤੇ ਮਾਤਾ ਦੀ ਅਨੰਤ ਕ੍ਰਿਪਾ ਨੇ ਹਮੇਸ਼ਾ ਮੇਰੀ ਰੱਖਿਆ ਕੀਤੀ ਹੈ। ਅਸ਼ੀਰਵਾਦ ਲਈ ਉਨ੍ਹਾਂ ਦੇ ਚਰਨ ਕਮਲਾਂ ਵਿਚ। ਉੱਧਰ, ਸ਼ਾਮ ਢੱਲਦੇ-ਢੱਲਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੇ ਪੱਧਰ ’ਤੇ ਕਿਹਾ ਗਿਆ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਰਵੇ ਮੁਕੰਮਲ ਹੋਣ ਦੀ ਕਗਾਰ ’ਤੇ ਹੈ ਅਤੇ ਇਸ ਹਫ਼ਤੇ ਵਿਚ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦੇਵਾਂਗੇ। ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਛੇਤੀ ਤੋਂ ਛੇਤੀ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਤੱਕ ਸੁਨੀਲ ਜਾਖੜ ਸਮੂਹਿਕ ਹਿੱਸੇਦਾਰੀ ਦੇ ਨਾਲ ਬਿਨਾਂ ਮੁੱਖ ਮੰਤਰੀ ਚਿਹਰੇ ਦੇ ਚੋਣ ਮੈਦਾਨ ਵਿਚ ਉਤਰਨ ਦੀ ਵਕਾਲਤ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਦੇ ਸਿਰ ਚੜ੍ਹ ਬੋਲਦੈ 'ਹਥਿਆਰਾਂ' ਦਾ ਸ਼ੌਂਕ, ਪੁਲਸ ਨੂੰ ਵੀ ਛੱਡਿਆ ਪਿੱਛੇ
ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਗਾਇਬ ਹੋਏ ਨਵਜੋਤ ਸਿੱਧੂ
ਉਧਰ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਉੱਤਰਾਖੰਡ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਇਸ ਸੂਚੀ ਵਿਚ ਪੰਜਾਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਰੱਖਿਆ ਗਿਆ ਹੈ ਪਰ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਉੱਤਰਾਖੰਡ ਲਈ ਕਰੀਬ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ