ਪੰਜਾਬ ਨੇ ਅਗਸਤ ਮਹੀਨੇ ’ਚ ਇਕੱਠਾ ਕੀਤਾ 1188.70 ਕਰੋੜ ਦਾ GST ਮਾਲੀਆ
Sunday, Sep 05, 2021 - 09:38 PM (IST)
ਚੰਡੀਗੜ੍ਹ(ਸ਼ਰਮਾ)- ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ’ਤੇ 1188.70 ਕਰੋੜ ਦਾ ਜੀ.ਐੱਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਅਗਸਤ ਮਹੀਨੇ ਦੌਰਾਨ 987.20 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਹਿਸਾਬ ਨਾਲ ਜੀ.ਐੱਸ.ਟੀ. ਮਾਲੀਏ ਵਿਚ ਪਿਛਲੇ ਸਾਲ ਨਾਲੋਂ 20.41 ਫੀਸਦੀ ਵਾਧਾ ਹੋਇਆ ਹੈ। ਇਹ ਵਾਧਾ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅਰਥ-ਵਿਵਸਥਾ ਵਿਚ ਤੇਜ਼ੀ ਨਾਲ ਹੋ ਰਹੇ ਸੁਧਾਰ ਦਾ ਪ੍ਰਤੱਖ ਸੂਚਕ ਹੈ।
ਇਹ ਵੀ ਪੜ੍ਹੋ : ਕਾਂਗਰਸ ਤੇ ਅਕਾਲੀ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਮੰਗਣ ਮੁਆਫ਼ੀ : ਚੁੱਘ
ਕਰ ਕਮਿਸ਼ਨਰ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਨੂੰ ਇਕੱਤਰ ਹੁੰਦੇ ਮਾਲੀਏ ਦਾ ਵੱਖ-ਵੱਖ ਖੇਤਰਾਂ ਦੇ ਹਿਸਾਬ ਨਾਲ ਜੇ ਅਧਿਐਨ ਕੀਤਾ ਜਾਵੇ ਤਾਂ ਲੋਹਾ ਤੇ ਸਟੀਲ, ਇਲੈਕਟ੍ਰਾਨਿਕਸ ਵਸਤਾਂ, ਖਾਦਾਂ, ਟੈਲੀਕਾਮ ਤੇ ਬੈਂਕਿੰਗ ਵਰਗੇ ਖੇਤਰਾਂ ਵਿਚ ਆਰਥਿਕ ਸੁਧਾਰ ਦੀ ਗਤੀ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਜੀ. ਐੱਸ. ਟੀ. ਵਿਚ ਇਹ ਵਾਧਾ ਆਉਣ ਵਾਲੇ ਮਹੀਨਿਆਂ ਵਿਚ ਜਾਰੀ ਰਹਿਣ ਦੀ ਸੰਭਾਵਨਾ ਹੈ।
ਬੁਲਾਰੇ ਨੇ ਦੱਸਿਆ ਕਿ ਪੱਕੇ ਆਈ. ਜੀ. ਐੱਸ.ਟੀ. ਬੰਦੋਬਸਤ ਤੋਂ ਇਲਾਵਾ ਪੰਜਾਬ ਨੂੰ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ-2021 ਵਿਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਜੋਂ ਮਿਲੇ ਹਨ। ਇਸੇ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀ.ਐੱਸ.ਟੀ. ਮਾਲੀਏ ਵਿਚ ਵਾਧਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 80 ਫੀਸਦੀ ਦੇ ਕਰੀਬ ਹੋਇਆ ਹੈ।
ਇਹ ਵੀ ਪੜ੍ਹੋ : ਪੂਰੀ ਦੁਨੀਆ ਮੁਜ਼ੱਫਰਨਗਰ 'ਚ ਅੰਨਦਾਤੇ ਦੇ ਇਤਿਹਾਸਕ ਇਕੱਠ ਨੂੰ ਕਰ ਰਹੀ ਹੈ ਸਿਜਦਾ : ਸੁਖਬੀਰ
ਬੁਲਾਰੇ ਨੇ ਅੱਗੇ ਦੱਸਿਆ ਕਿ ਅਗਸਤ, 2021 ਦੌਰਾਨ ਵੈਟ ਅਤੇ ਜੀ.ਐੱਸ.ਟੀ. ਮਾਲੀਆ ਕ੍ਰਮਵਾਰ 648.44 ਕਰੋੜ ਰੁਪਏ ਅਤੇ 26.97 ਕਰੋੜ ਰੁਪਏ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਹ ਕ੍ਰਮਵਾਰ 24 ਫੀਸਦੀ ਅਤੇ 40 ਫੀਸਦੀ ਵੱਧ ਹੈ ਜੋ ਅਰਥਵਿਵਸਥਾ ਦੀ ਬਹਾਲੀ ਦਾ ਪ੍ਰਗਟਾਵਾ ਕਰਦਾ ਹੈ। ਇਸੇ ਤਰ੍ਹਾਂ ਅਗਸਤ, 2021 ਵਿਚ ਇਕੱਤਰ ਹੋਇਆ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਸੀ, ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 9.63 ਫੀਸਦੀ ਵੱਧ ਹੈ।