ਪੰਜਾਬ ਦੇ CM ਭਗਵੰਤ ਮਾਨ ਨੇ ਕੈਨੇਡਾ ਸਰਕਾਰ ਤੋਂ ਗੈਂਗਸਟਰਾਂ ’ਤੇ ਨੱਥ ਕੱਸਣ ਲਈ ਮੰਗਿਆ ਸਮਰਥਨ

Saturday, Jun 11, 2022 - 09:30 AM (IST)

ਪੰਜਾਬ ਦੇ CM ਭਗਵੰਤ ਮਾਨ ਨੇ ਕੈਨੇਡਾ ਸਰਕਾਰ ਤੋਂ ਗੈਂਗਸਟਰਾਂ ’ਤੇ ਨੱਥ ਕੱਸਣ ਲਈ ਮੰਗਿਆ ਸਮਰਥਨ

ਚੰਡੀਗੜ੍ਹ (ਅਸ਼ਵਨੀ, ਧਵਨ)- ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਦੀ ਧਰਤੀ ਤੋਂ ਆਪਣੀਆਂ ਸਰਗਰਮੀਆਂ ਚਲਾ ਰਹੇ ਗੈਂਗਸਟਰਾਂ ਨੂੰ ਫੜ੍ਹਨ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੁੱਖ ਮੰਤਰੀ ਨੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੋਨ ਮਕਾਏ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ। ਦੱਸ ਦੇਈਏ ਕਿ 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਸ ਨੇ ਦਾਅਵਾ ਕੀਤਾ ਸੀ ਕਿ ਇਸ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਕੈਨੇਡਾ ਵਾਸੀ ਗੋਲਡੀ ਬਰਾੜ, ਜੋ ਕਿ ਗਿਰੋਹ ਦਾ ਮੈਂਬਰ ਹੈ, ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਮੁੱਖ ਮੰਤਰੀ ਨੇ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ’ਤੇ ਗੈਂਗਾਂ ਤੇ ਗੈਂਗਸਟਰਾਂ ਦੇ ਵਾਧੇ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਕੈਨੇਡਾ ਦੀ ਧਰਤੀ ਤੋਂ ਸਰਗਰਮੀਆਂ ਚਲਾ ਰਹੇ ਕੁੱਝ ਪੰਜਾਬੀ ਗੈਂਗਸਟਰ ਪੰਜਾਬ ਵਿਚ ਸਖ਼ਤ ਘਾਲਣਾ ਤੋਂ ਬਾਅਦ ਹਾਸਲ ਕੀਤੀ ਅਮਨ-ਸ਼ਾਂਤੀ ਲਈ ਖ਼ਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਇਕ ਪਾਸੇ ਅਮਨ ਤੇ ਕਾਨੂੰਨ ਦੀ ਸਮੱਸਿਆ ਖੜ੍ਹੀ ਕਰ ਰਹੇ ਹਨ, ਦੂਜੇ ਪਾਸੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਨੂੰ ਲੀਹੋਂ ਲਾਹ ਰਹੇ ਹਨ।

ਇਹ ਵੀ ਪੜ੍ਹੋ:ਯੂਰਪ 'ਚ ਰਹਿ ਰਹੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਵੱਡਾ ਝਟਕਾ, EU ਦੀ ਚੋਟੀ ਦੀ ਅਦਾਲਤ ਨੇ ਲਿਆ ਇਹ ਫ਼ੈਸਲਾ

PunjabKesari

ਇਨ੍ਹਾਂ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਕਾਨੂੰਨ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਰਾਹ ’ਤੇ ਜਾਣ ਤੋਂ ਰੋਕਣ ਦਾ ਕੰਮ ਕਰੇ। ਕੈਨੇਡਾ ਤੇ ਪੰਜਾਬ ਪੁਲਸ ਵਿਚਾਲੇ ਸਾਂਝੀ ਪੁਲਸ ਕਾਰਵਾਈ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਇਹੀ ਇਕ ਰਾਹ ਹੈ, ਜਿਸ ਨਾਲ ਅਸੀਂ ਦੋਵਾਂ ਥਾਵਾਂ ਨੂੰ ਗੈਂਗਸਟਰਾਂ ਤੋਂ ਮੁਕਤ ਕਰਵਾ ਸਕਾਂਗੇ। ਉਨ੍ਹਾਂ ਹਾਈ ਕਮਿਸ਼ਨਰ ਨੂੰ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਖ਼ਾਸ ਤੌਰ ’ਤੇ ਮੁਸ਼ਕਲ ਹਾਲਾਤ ’ਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਸ ਦੀ ਸ਼ਾਨਾਮੱਤੀ ਰਵਾਇਤ ਤੋਂ ਵੀ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੇ ਕੈਨੇਡਾ ਵਰਗੀ ਆਧੁਨਿਕ ਪੁਲਸ ਫੋਰਸ ਪੰਜਾਬ ਪੁਲਸ ਦਾ ਸਹਿਯੋਗ ਕਰੇਗੀ ਤਾਂ ਇਨ੍ਹਾਂ ਗੈਂਗਾਂ ਦਾ ਆਸਾਨੀ ਨਾਲ ਖ਼ਾਤਮਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵਿਵਾਦਤ ਬਿਆਨ ਦੇ ਮੁੱਦੇ 'ਤੇ ਭਾਰਤ ਨਾਲੋਂ ਸਬੰਧ ਤੋੜੇ ਪਾਕਿਸਤਾਨ ਸਰਕਾਰ: ਇਮਰਾਨ ਖਾਨ

ਮੁੱਖ ਮੰਤਰੀ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਪੰਜਾਬ ਤੇ ਕੈਨੇਡਾ ਪੁਲਸ ਵਿਚਾਲੇ ਸਿੱਧੇ ਤਾਲਮੇਲ ਦੀਆਂ ਸੰਭਾਵਨਾਵਾਂ ਲੱਭਣ ਲਈ ਕਿਹਾ ਤਾਂ ਕਿ ਗੈਂਗਸਟਰਾਂ ਨੂੰ ਸੀਖਾਂ ਪਿੱਛੇ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਹ ਗੈਂਗਸਟਰ ਤੇ ਇਨ੍ਹਾਂ ਦੀਆਂ ਕਾਰਵਾਈਆਂ ਕੈਨੇਡਾ ਤੇ ਪੰਜਾਬ ਦੋਵਾਂ ਥਾਂਵਾਂ ’ਤੇ ਸਮਾਜ, ਅਰਥਚਾਰੇ ਤੇ ਜੀਵਨ ਲਈ ਗੰਭੀਰ ਖ਼ਤਰਾ ਖੜ੍ਹਾ ਕਰ ਰਹੀਆਂ ਹਨ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਸਹਿਯੋਗ ਨਾਲ ਕੈਨੇਡਾ ਤੇ ਪੰਜਾਬ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜਣਗੇ।

ਇਹ ਵੀ ਪੜ੍ਹੋ: EU ਨੇ ਲਿਆ ਵੱਡਾ ਫੈਸਲਾ, ਹੁਣ ਹਰ ਇਲੈਕਟ੍ਰਾਨਿਕ ਡਿਵਾਈਸ ਲਈ ਨਹੀਂ ਖ਼ਰੀਦਣਾ ਪਵੇਗਾ ਵੱਖਰਾ ਚਾਰਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


author

cherry

Content Editor

Related News