ਹਰਿਆਣਾ ''ਚ ਬੋਲੇ CM ਭਗਵੰਤ ਮਾਨ, ਜੇਕਰ ਲੀਡਰਾਂ ਦੀ ਨੀਯਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ(ਵੀਡੀਓ)
Sunday, Aug 04, 2024 - 07:00 PM (IST)
ਨਵੀਂ ਦਿੱਲੀ - ਹਰਿਆਣੇ ਵਿਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਅਤੇ ਪਿਹੋਵਾ ਹਲਕੇ ਦੀ ਜਨਤਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਸਾਬਕਾ ਮੰਤਰੀ ਬਲਬੀਰ ਸੈਣੀ , ਅਨੁਰਾਗ ਡਾਂਡਾ, ਲੀਗਲ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਸੰਧੂ , ਜਿਲ੍ਹਾ ਪਰਿਸ਼ਦ ਅਮਰੀਕ ਸਿੰਘ ਸੰਧੂ , ਰਾਜ ਕੌਰ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਏ ਮਹਿਮਾਨਾਂ ਦਾ ਸੁਆਗਤ ਨਿੱਘਾ ਸੁਆਗਤ ਕੀਤਾ। ਇਸ ਜਨਸਭਾ ਦੌਰਾਨ 'ਭ੍ਰਿਸ਼ਟਾਚਾਰ ਦਾ ਕਾਲ ਕੇਜਰੀਵਾਲ' ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ।
ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਹਰਿਆਣੇ ਗਏ ਮੁੱਖ ਮੰਤਰੀ ਦਾ ਭਰਵਾਂ ਸੁਆਗਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਅਧਿਕਾਰੀ ਬਲਬੀਰ ਸੈਣੀ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਸ਼ਕਤੀਆਂ ਹਨ ਜਵਾਈ ਹੋਣ ਦੇ ਨਾਤੇ ਅਤੇ ਦੂਜਾ ਉਹ ਪੰਜਾਬ ਦੇ ਮੁੱਖ ਮੰਤਰੀ ਹਨ। ਇਸ ਕਾਰਨ ਪਿਹੋਵੇ ਦੀ ਜਨਤਾ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ 'ਬਦਲਾਅ ਜਨਸਭਾ' ਵਿਚ ਪਿਹੋਵੇ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਆਏ ਸਾਰੇ ਲੋਕਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਪਿਹੋਵਾ ਦੀ ਜਨਤਾ ਦੀ ਪੰਜਾਬ ਨਾਲ ਸਾਡੀ ਡੂੰਘੀ ਸਾਂਝ ਹੈ। ਉਨ੍ਹਾਂ ਕਿਹਾ ਕਿ ਜੇਕਰ ਲੀਡਰਾਂ ਦੀ ਨੀਯਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ। ਪੰਜਾਬ ਵਿਚ ਢਾਈ ਸਾਲ ਤੋਂ ਆਮ ਆਦਮੀ ਪਾਰਟੀ ਦੀ ਸੱਤਾ ਕਾਇਮ ਹੈ। ਇਸ ਦੌਰਾਨ ਪੰਜਾਬ ਦੇ 43 ਹਜ਼ਾਰ ਲੋਕਾਂ ਨੂੰ ਬਿਨਾਂ 1 ਰੁਪਏ ਦੀ ਰਿਸ਼ਵਤ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ। ਜਿਹੜੇ ਬੱਚੇ ਮੈਰਿਟ 'ਚ ਆ ਗਏ ਅਸੀਂ ਉਨ੍ਹਾਂ ਨੂੰ ਬੁਲਾ ਲਿਆ। ਦੂਜੇ ਪਾਸੇ ਖੱਟੜ ਸਰਕਾਰ ਨੇ ਹਰਿਆਣੇ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਬਜਾਏ ਯੂਕ੍ਰੇਨ ਦੀ ਫੌਜ ਵਿਚ ਭਰਤੀ ਹੋਣ ਲਈ ਕਹਿ ਰਹੀ ਹੈ। ਇਨ੍ਹਾਂ ਨੂੰ ਇਹ ਗੱਲ ਕਹਿੰਦੇ ਹੋਏ ਸ਼ਰਮ ਨਹੀਂ ਆਉਂਦੀ, ਇਹ ਨੀਯਤ ਦਾ ਫਰਕ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ 10 ਸਾਲ ਪੁਰਾਣੀ ਰਿਸ਼ਵਤ ਦਾ ਪੈਸਾ ਵੀ ਵਿਆਜ ਸਮੇਤ ਵਾਪਸ ਲਿਆਵਾਂਗਾ। ਪੰਜਾਬ ਦੇ 90 ਫ਼ੀਸਦੀ ਲੋਕਾਂ ਦੇ ਘਰਾਂ ਦਾ 2 ਸਾਲ ਤੋਂ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਕੇਜਰੀਵਾਲ ਸਰਕਾਰ ਨੇ ਕੰਮ ਦੀ ਸਿਆਸਤ ਕੀਤੀ ਹੈ ਨਾਮ ਦੀ ਸਿਆਸਤ ਨਹੀਂ ਕੀਤੀ। ਕੇਜਰੀਵਾਲ ਨੇ ਕਈ ਸਰਕਾਰੀ ਸਹੂਲਤਾਂ ਘਰਾਂ ਤੱਕ ਉਪਲੱਬਧ ਕਰਵਾਈਆਂ, ਸਕੂਲ, ਹਸਪਤਾਲ ਬਣਵਾਏ। ਅਸੀਂ ਦੇਸ਼ ਨੂੰ ਜੋੜਣ ਦਾ ਕੰਮ ਕਰ ਰਹੇ ਹਾਂ। 847 ਆਮ ਆਦਮੀ ਕਲੀਨਿਕ ਬਣਵਾਏ ਗਏ ਹਨ। ਗਰੀਬ ਆਦਮੀ ਪੈਸੇ ਦੀ ਘਾਟ ਕਾਰਨ ਆਪਣਾ ਇਲਾਜ ਹੀ ਨਹੀਂ ਕਰਵਾਉਂਦਾ। ਇਸ ਲ਼ਈ ਅਸੀਂ ਗਰੀਬ ਲੋਕਾਂ ਲਈ ਕਲੀਨਿਕ ਬਣਾਏ।
ਮੁੱਖ ਮੰਤਰੀ ਨੇ ਕਿਹਾ ਕਿ ਇਮਾਨਦਾਰ ਲੋਕਾਂ ਦੇ ਹੱਥਾਂ ਵਿਚ ਲੀਡਰਸ਼ਿਪ ਦਿਓ, ਤਾਂ ਹੀ ਇਲਾਕਾ ਵਾਸੀਆਂ ਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ। ਹਰਿਆਣੇ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਹੁਣ ਸਾਨੂੰ ਵੀ ਮੌਕਾ ਦੇ ਕੇ ਦੇਖੋ। ਅਸੀਂ ਇਥੇ ਪੈਸਾ ਕਮਾਉਣ ਲਈ ਨਹੀਂ ਆਏ ਅਸੀਂ ਪੈਸਾ ਕਮਾਉਣ ਵਾਲੇ ਕੰਮ ਛੱਡ ਕੇ ਆਏ ਹਾਂ। ਅਸੀਂ ਕਈ ਲੋਕਾਂ ਨੂੰ ਸਿੱਧਾ ਕਰਨ ਲਈ ਆਏ ਹਾਂ। ਇਸ ਲਈ ਚੰਗੇ ਕੰਮ ਲਈ ਸਾਡਾ ਸਾਥ ਦਿਓ। ਜਿਸ ਦਿਨ ਤੁਹਾਨੂੰ ਇਹ ਲੱਗਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਜਨਤਾ ਦੇ ਪਿਆਰ ਨਾਲ ਇਨਸਾਫ਼ ਨਹੀਂ ਕਰ ਰਹੇ ਉਸ ਦਿਨ ਵੋਟ ਨਾ ਦੇਣਾ।