ਮੁੱਖ ਮੰਤਰੀ ਚਰਨਜੀਤ ਚੰਨੀ ਆਏ ਦਿਨ ਐਲਾਨ ਕਰ ਕੇ ਪੰਜਾਬ ਵਾਸੀਆਂ ਨੂੰ ਕਰ ਰਹੇ ਨੇ ਗੁੰਮਰਾਹ : ਸੁਖਬੀਰ ਬਾਦਲ
Tuesday, Nov 02, 2021 - 10:26 PM (IST)
ਲੁਧਿਆਣਾ(ਪਾਲੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਚਰਨਜੀਤ ਚੰਨੀ ਨੇ 3 ਰੁਪਏ ਯੂਨਿਟ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ। ਇਹ ਐਲਾਨ 4 ਸਾਲ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਪੰਜਾਬ ਵਾਸੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਸਤੀ ਬਿਜਲੀ ਦੇ ਵਾਅਦੇ ਤੇ ਸਰਕਾਰੀ ਮੁਲਾਜ਼ਮਾਂ ਦੇ ਡੀ. ਏ. ਵਿਚ ਵਾਧਾ ਕੇਵਲ ਵੋਟਾਂ ਬਟੋਰਨ ਦੀ ਰਾਜਨੀਤੀ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਲਈ 1400 ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਕਾਰਜ ਆਰੰਭ : ਬੀਬੀ ਜਗੀਰ ਕੌਰ
ਮਹਾਨਗਰ ਦੇ ਇਕ ਸਥਾਨਕ ਹੋਟਲ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਆਏ ਦਿਨ ਕੋਈ ਨਾ ਕੋਈ ਨਵਾਂ ਐਲਾਨ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਚੁੱਕੇ ਹਨ ਕਿ ਜੋ ਪੰਜਾਬ ਸਰਕਾਰ ਵਾਅਦੇ ਕਰ ਰਹੀ ਹੈ, ਕੇਵਲ ਲਾਲੀਪੋਪ ਹਨ।
ਬਾਦਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਨੇ ਸੱਤਾ ਛੱਡੀ ਸੀ, ਉਸ ਸਮੇਂ ਪੰਜਾਬ ’ਤੇ 1 ਲੱਖ 82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਤੇ ਹੁਣ 2 ਲੱਖ 73 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ, ਜਿਸ ਦਾ ਮਤਲਬ ਹੈ ਕਿ ਪਿਛਲੇ 5 ਸਾਲਾਂ ਵਿਚ 91 ਹਜ਼ਾਰ ਕਰੋੜ ਕਰਜ਼ਾ ਪੰਜਾਬ ਦੀ ਜਨਤਾ ’ਤੇ ਵਾਧੂ ਪੈ ਗਿਆ ਹੈ। ਜਿਹੜਾ ਕਰਜ਼ਾ ਪੰਜਾਬ ਵਿਚ ਪਿਛਲੇ 40 ਸਾਲਾਂ ’ਚ ਨਹੀਂ ਵਧਿਆ, ਉਸ ਦਾ ਅੱਧਾ ਕਰਜ਼ਾ ਕਾਂਗਰਸ ਨੇ ਕੇਵਲ 5 ਸਾਲਾਂ ਵਿਚ ਹੀ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਮੀਟਿੰਗ ਮਗਰੋਂ ਨਵਜੋਤ ਸਿੱਧੂ ਦਾ ਬਿਆਨ ਆਇਆ ਸਾਹਮਣੇ, ਕਿਹਾ- ਪੰਜਾਬ ਕਾਂਗਰਸ 'ਚ ਸਭ ਕੁਝ ਠੀਕ
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪਾਵਰਕਾਮ ਦੇ 7 ਹਜ਼ਾਰ ਕਰੋੜ ਦਾ ਪੁਰਾਣਾ ਭੁਗਤਾਨ ਨਹੀਂ ਕਰ ਸਕੀ ਹੈ। ਹੁਣ ਸਸਤੀ ਬਿਜਲੀ ਦੇ ਐਲਾਨ ਨਾਲ 5.5 ਹਜ਼ਾਰ ਕਰੋੋੜ ਰੁਪਏ ਦੀ ਨਵੀਂ ਬਕਾਇਆ ਰਾਸ਼ੀ ਪੰਜਾਬ ’ਤੇ ਖੜ੍ਹੀ ਹੋ ਜਾਵੇਗੀ। ਅੱਗੇ ਚੱਲ ਕੇ ਇਸ ਦਾ ਨਤੀਜਾ ਇਹ ਨਿਕਲੇਗਾ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਹੋ ਜਾਣਗੇ, ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕ ਜਾਣਗੀਆਂ ਤੇ ਕੋਲਾ ਆਉਣਾ ਬੰਦ ਹੋ ਜਾਵੇਗਾ।
ਇਸ ਮੌਕੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਕਮਲ ਚੇਤਲੀ, ਵਿਜੈ ਦਾਨਵ, ਮਨਪ੍ਰੀਤ ਸਿੰਘ ਇਆਲੀ ਤੇ ਹੋਰ ਆਗੂ ਸ਼ਾਮਲ ਸਨ।