ਪੰਜਾਬ ਮੰਤਰੀ ਮੰਡਲ ਵਲੋਂ ਲਾਂਘੇ ਲਈ ਪਾਸਪੋਰਟ ਸ਼ਰਤ ਖਤਮ ਕਰਨ ਦੇ ਪ੍ਰਸਤਾਵ ਦਾ ਸਵਾਗਤ

Monday, Mar 02, 2020 - 09:51 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) - ਦੇਸ਼-ਦੁਨੀਆ ਦੇ ਸਿੱਖ ਸ਼ਰਧਾਲੂਆਂ ਦੀਆਂ ਅਰਦਾਸਾਂ ਕਰਨ ’ਤੇ 72 ਸਾਲਾ ਬਾਅਦ ਸ੍ਰੀ ਕਰਤਾਰਪੁਰ ਸਾਹਿਬ (ਪਾਕਿ) ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਦਾ, ਜੋ ਸੁਭਾਗ ਪ੍ਰਾਪਤ ਹੋਇਆ, ਸਬੰਧੀ ਦੇਸ਼ ਦੇ ਕਰੋੜਾਂ ਸ਼ਰਧਾਲੂਆਂ ਦੀਆਂ ਆਸਥਾਵਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਸੇ ਕਾਰਣ ਇਹ ਸ਼ਰਧਾਲੂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਰਹੇ ਹਨ। ਰੋਜ਼ਾਨਾ ਸੰਭਾਵੀ ਸ਼ਰਧਾਲੂਆਂ ਦੀ ਆਮਦ ਦੇ ਬਦਲੇ ਅੱਜ ਦੀ ਤਰੀਕ ’ਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ। ਇਕ ਰਿਪੋਰਟ ਅਨੁਸਾਰ 115 ਦਿਨਾਂ ’ਚ ਸਿਰਫ 55 ਹਜ਼ਾਰ ਦੇ ਕਰੀਬ ਸ਼ਰਧਾਲੂ ਨਤਮਸਤਕ ਹੋ ਸਕੇ, ਜਦਕਿ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਦੀ ਗਿਣਤੀ ’ਚ ਹੋਣੀ ਚਾਹੀਦੀ ਸੀ।

ਪਹਿਲਾਂ ਤਾਂ ਸ਼ਰਧਾਲੂਆਂ ਨੂੰ ਅਧੂਰੇ ਕਾਗਜ਼ਾਤ ਅਤੇ ਸਰਕਾਰੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਣ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਮੁੱਖ ਦਰਵਾਜ਼ੇ ਤੋਂ ਨਿਰਾਸ਼ ਹੋ ਕੇ ਮੁੜਨਾ ਪੈਂਦਾ ਸੀ। ਕੇਂਦਰ ਸਰਕਾਰ ਦੇ ਦਖਲ ਮਗਰੋਂ ਸ਼ਰਧਾਲੂਆਂ ਨੂੰ ਇਸ ਤੋਂ ਕਾਫੀ ਨਿਜਾਤ ਮਿਲੀ ਹੈ ਪਰ ਨਾਲ ਹੀ ਪਾਕਿ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਰੱਖੀ ਗਈ ਹੈ। ਅਕਸਰ ਦੇਖਣ ਨੂੰ ਮਿਲਿਆ ਹੈ ਕਿ ਭਾਰਤ-ਪਾਕਿ ਵੰਡ ਵੇਲੇ ਦੇ ਬਜ਼ੁਰਗ ਮਰਦਾਂ ਤੇ ਔਰਤਾਂ ਕੋਲ ਪਾਸਪੋਰਟ ਨਹੀਂ ਹਨ। ਇਸੇ ਕਾਰਣ ਉਹ ਆਪਣੇ ਵਿਛੜੇ ਗੁਰਧਾਮਾਂ ਅਤੇ ਪਾਕਿਸਤਾਨ ਜਾਣ ਤੋਂ ਲਾਚਾਰ ਹੋਏ ਬੈਠੇ ਹਨ। ਇਸ ਤੋਂ ਇਲਾਵਾ ਅੱਜ ਦੇ ਯੁੱਗ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਕੋਲ ਪਾਸਪੋਰਟ ਤਾਂ ਹਨ ਅਤੇ ਉਹ ਆਪਣੇ ਕਾਰੋਬਾਰ ਲਈ ਵਿਦੇਸ਼ ਜਾਣ ਦੇ ਚਾਹਵਾਨ ਹਨ। ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਲੋਚਦੇ ਹਨ ਪਰ ਉਨ੍ਹਾਂ ਸਿੱਖ ਨੌਜਵਾਨਾਂ ਦੇ ਮਨਾਂ ’ਚ ਇਕ ਸ਼ੱਕ ਅਤੇ ਡਰ ਭਾਰੂ ਹੋ ਚੁੱਕਾ ਹੈ ਕਿ ਜੇਕਰ ਉਹ ਪਾਕਿ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਨ੍ਹਾਂ ਦੇ ਪਾਸਪੋਰਟ ’ਤੇ ਪਾਕਿ  ਸਰਕਾਰ ਵਲੋਂ ਐਂਟਰੀ ਕੀਤੀ ਜਾਵੇਗੀ, ਜੋ ਉਨ੍ਹਾਂ ਦੇ ਵਿਦੇਸ਼ ਜਾਣ ਦੇ ਰਾਹ ’ਚ ਮੁਸ਼ਕਲ ਪੈਦਾ ਕਰ ਸਕਦੀ ਹੈ। ਅਜਿਹਾ ਹੋਣ ਨਾਲ ਸਿੱਖ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ।

ਅਜਿਹੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸੂਬੇ ’ਚ ਕੈਪਟਨ ਸਰਕਾਰ ਤੇ ਸਮੁੱਚੀ ਕੈਬਨਿਟ ਵਲੋਂ ਇਕ ਸਰਬਸੰਮਤੀ ਨਾਲ ਮਤਾ ਪਾਸ ਕਰ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਵੀਜ਼ਾ ਫੀਸ ’ਚ ਛੋਟ ਕਰਨ ਅਤੇ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਲਈ ਜੋ ਪ੍ਰਸਤਾਵ ਪਾਸ ਕੀਤਾ ਗਿਆ ਹੈ, ਉਸ ਦਾ ਸੂਬੇ ਦੇ ਲੋਕਾਂ ਤੇ ਖਾਸ ਕਰ ਕੇ ਸ਼ਰਧਾਲੂਆਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਮਤੇ ਦੀ ਕਾਪੀ ਸਮੇਤ ਸਰਬ ਪਾਰਟੀ ਵਫਦ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਮਤੇ ਨੂੰ ਲਾਗੂ ਕਰਵਾਉਣ ’ਤੇ ਜ਼ੋਰ ਦੇਵੇਗਾ, ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਕਾਫੀ ਰਾਹਤ ਮਿਲੇਗੀ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਇਨ੍ਹਾਂ ਸ਼ਰਤਾਂ ਨੂੰ ਨਰਮ ਅਤੇ ਖਤਮ ਕਰਨ ਲਈ ਪਹਿਲਕਦਮੀ ਕਰਨ ਤਾਂ ਕਿ ਕਾਫੀ ਸਮੇਂ ਤੋਂ ਸ਼ਰਧਾਲੂਆਂ ਦੀਆਂ ਨਜ਼ਰਾਂ ਜੋ ਇਸ ਕੋਰੀਡੋਰ ਦੇ ਖੁੱਲ੍ਹਣ ’ਤੇ ਟਿਕੀਆਂ ਹੋਈਆਂ ਸਨ, ਪੂਰੀਆਂ ਹੋ ਸਕਣ।


rajwinder kaur

Content Editor

Related News