ਪੰਜਾਬ ਵਜ਼ਾਰਤ ਦਾ ਅਹਿਮ ਫੈਸਲਾ, ਪੁਲਸ 'ਚ ਭਰਤੀ ਹੋਣਗੇ ਤਕਨੀਕੀ ਮਾਹਿਰ
Thursday, Jul 16, 2020 - 08:30 AM (IST)
ਚੰਡੀਗੜ੍ਹ : (ਅਸ਼ਵਨੀ, ਧਵਨ) : ਪੰਜਾਬ ਵਜ਼ਾਰਤ ਨੇ ਪੰਜਾਬ ਪੁਲਸ 'ਚ ਸਿਵਲੀਅਨ ਸੇਵਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉੱਚ ਤਕਨੀਕੀ ਜਾਂਚ-ਪੜਤਾਲ ਦੇ ਕੰਮਾਂ ਲਈ ਸਿਵਲੀਅਨ ਕਾਰਜ ਖੇਤਰ ਨਾਲ ਜੁੜੇ ਮਾਹਰਾਂ ਦੀਆਂ ਸੇਵਾਵਾਂ ਲੈਣ ਵਾਲੀ ਦੇਸ਼ ਦੀ ਪਹਿਲੀ ਪੁਲਸ ਹੋਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੀ ਬੈਠਕ 'ਚ ਲਏ ਫੈਸਲੇ ਮੁਤਾਬਕ ਇਹ ਸਿਵਲੀਅਨ ਮਾਹਰ ਆਈ. ਟੀ./ਡਿਜ਼ੀਟਲ, ਕਾਨੂੰਨੀ, ਫੋਰੈਂਸਿਕ ਅਤੇ ਵਿੱਤੀ ਖੇਤਰਾਂ 'ਚ ਜਾਂਚ-ਪੜਤਾਲ ਦੇ ਮਾਮਲਿਆਂ ਨੂੰ ਸੁਲਝਾਉਣ 'ਚ ਤੇਜ਼ੀ ਲਿਆਉਣ ’ਚ ਸਹਾਈ ਹੋਣਗੇ।
ਇਹ ਵੀ ਪੜ੍ਹੋ : ਕੋਰੋਨਾ ਦੇ 'ਕਮਿਊਨਿਟੀ ਟ੍ਰਾਂਸਮਿਸ਼ਨ' ਵੱਲ ਵਧ ਰਿਹਾ ਚੰਡੀਗੜ੍ਹ, ਮੌਤ ਦਰ ਵਧਣ ਦਾ ਖ਼ਦਸ਼ਾ
ਪੰਜਾਬ ਜਾਂਚ ਬਿਊਰੋ ਲਈ ਸਾਦੇ ਕੱਪੜਿਆਂ ਵਾਲੇ ਸਿਵਲੀਅਨ ਸਹਾਇਕ ਸਟਾਫ ਵਜੋਂ 798 ਮਾਹਰਾਂ ਦੀ ਭਰਤੀ ਕੀਤੀ ਜਾਵੇਗੀ, ਜੋ ਕਿ ਵੱਖੋ-ਵੱਖਰੇ ਰੈਂਕ 'ਚ ਕੀਤੀ ਜਾਣ ਵਾਲੀ ਕੁੱਲ 4251 ਮੁਲਾਜ਼ਮਾਂ ਦੀ ਭਰਤੀ ਦਾ ਹਿੱਸਾ ਹੋਵੇਗੀ, ਜਿਸ ਨਾਲ ਜਾਂਚ-ਪੜਤਾਲ ਦੇ ਕੰਮਾਂ ਦਾ ਅਹਿਮ ਤਕਨੀਕੀ ਪੱਖ ਮਜ਼ਬੂਤ ਹੋਵੇਗਾ। ਇਹ ਭਰਤੀ ਪੰਜਾਬ ਪੁਲਸ ਮਹਿਕਮੇ ਦੇ ਪੁਨਰਗਠਨ ਦਾ ਹਿੱਸਾ ਹੋਵੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪੁਨਰਗਠਨ ਨੂੰ ਮੁੱਖ ਮੰਤਰੀ ਦੀ ਅਗਵਾਈ 'ਚ ਕੈਬਨਿਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ 'ਚ ਮਨਜ਼ੂਰੀ ਦੇ ਦਿੱਤੀ ਹੈ। ਇਸ ਪੁਨਰਗਠਨ, ਜਿਸ 'ਚ ਬਿਊਰੋ ਵਲੋਂ ਸਬ-ਇੰਸਪੈਕਟਰਾਂ/ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਰੈਂਕ ’ਚ ਸਿੱਧੀ ਭਰਤੀ ਕੀਤੀ ਜਾਵੇਗੀ, ਤਹਿਤ ਮੌਜੂਦਾ 4849 ਆਸਾਮੀਆਂ ਖ਼ਤਮ ਕੀਤੀਆਂ ਜਾਣਗੀਆਂ, ਜਿਸ ਨਾਲ ਇਹ ਯਕੀਨੀ ਬਣੇਗਾ ਕਿ ਸੂਬੇ ਦੇ ਖਜ਼ਾਨੇ ’ਤੇ ਕੋਈ ਵਾਧੂ ਵਿੱਤੀ ਬੋਝ ਨਾ ਪਵੇ।