ਮੁਲਾਜ਼ਮਾਂ ਦੀ ਨਵੀਂ ਭਰਤੀ ਬਾਰੇ ਪੰਜਾਬ ਕੈਬਨਿਟ ਅੱਜ ਕਰ ਸਕਦੀ ਹੈ ਫੈਸਲਾ
Wednesday, Dec 20, 2017 - 06:52 AM (IST)

ਚੰਡੀਗੜ੍ਹ (ਭੁੱਲਰ) - ਪੰਜਾਬ ਕੈਬਨਿਟ ਦੀ ਅਹਿਮ ਬੈਠਕ 20 ਦਸੰਬਰ ਨੂੰ ਬਾਅਦ ਦੁਪਹਿਰ ਹੋਣੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਹਰ ਹਫ਼ਤੇ ਹੋਣ ਵਾਲੀ ਕੈਬਨਿਟ ਮੀਟਿੰਗ ਮਿਊਂਸੀਪਲ ਚੋਣਾਂ ਕਾਰਨ ਪਿਛਲੇ ਹਫਤਿਆਂ ਦੌਰਾਨ ਨਹੀਂ ਹੋ ਸਕੀ। ਚੋਣਾਂ 'ਚ ਭਾਰੀ ਜਿੱਤ ਤੋਂ ਬਾਅਦ 20 ਦਸੰਬਰ ਨੂੰ ਹੋ ਰਹੀ ਬੈਠਕ ਵਿਚ ਰਾਜ ਦੇ ਲੋਕਾਂ ਨੂੰ ਰਾਹਤਾਂ ਦੇਣ ਸਬੰਧੀ ਅਹਿਮ ਵਿਚਾਰਾਂ ਹੋਣਗੀਆਂ। ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਈਆਂ ਆਸਾਮੀਆਂ 'ਤੇ ਨਵੀਂ ਭਰਤੀ ਦਾ ਫੈਸਲਾ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਭਵਿੱਖ ਵਿਚ ਸਰਕਾਰ ਕੰਟ੍ਰੈਕਟ 'ਤੇ ਭਰਤੀ ਦਾ ਕੰਮ ਬੰਦ ਕਰਨ ਜਾ ਰਹੀ ਹੈ, ਜਿਸ ਨਾਲ ਰੈਗੂਲਰ ਭਰਤੀ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਦੀ ਇਸ ਬੈਠਕ ਵਿਚ ਵਿੱਤੀ ਮਾਮਲਿਆਂ ਨੂੰ ਲੈ ਕੇ ਵੀ ਵਿਸ਼ੇਸ਼ ਚਰਚਾ ਹੋਵੇਗੀ।
ਇਸੇ ਤਹਿਤ ਏਜੰਡੇ ਵਿਚ ਵਿੱਤ ਵਿਭਾਗ ਵਿਚ ਇਕ ਨਵਾਂ ਡਾਇਰੈਕਟੋਰੇਟ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ। ਇਹ ਡਾਇਰੈਕਟੋਰੇਟ ਵਿੱਤੀ ਮਾਮਲਿਆਂ ਸਬੰਧੀ ਵੱਖ-ਵੱਖ ਵਿਭਾਗਾਂ ਵਿਚ ਤਾਲਮੇਲ ਸਥਾਪਿਤ ਕਰਨ ਦੇ ਨਾਲ-ਨਾਲ ਵਿੱਤੀ ਮਾਮਲਿਆਂ ਨੂੰ ਲੈ ਕੇ ਆਉਂਦੀਆਂ ਔਕੜਾਂ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਕੈਬਨਿਟ ਦੀ ਬੈਠਕ ਵਿਚ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਕੰਮ ਨੂੰ ਸ਼ੁਰੂ ਕਰਨ ਬਾਰੇ ਵੀ ਫੈਸਲੇ ਲਾਗੂ ਕਰਨ ਸਬੰਧੀ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਿੱਜੀ ਯੂਨੀਵਰਸਿਟੀਆਂ ਦੇ ਕਾਲਜਾਂ ਲਈ ਬਣਾਈ ਜਾਣ ਵਾਲੀ ਰੈਗੂਲੇਟਰੀ ਬਾਡੀ ਦਾ ਖਰੜਾ ਵੀ ਮਨਜ਼ੂਰੀ ਲਈ ਇਸ ਬੈਠਕ ਵਿਚ ਰੱਖਿਆ ਜਾ ਸਕਦਾ ਹੈ ਕਿਉਂਕਿ ਕੈਬਨਿਟ ਸਬ ਕਮੇਟੀ ਮੁੱਖ ਮੰਤਰੀ ਨੂੰ ਇਹ ਖਰੜਾ ਪਿਛਲੇ ਦਿਨੀਂ ਸੌਂਪ ਚੁੱਕੀ ਹੈ।