ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਪਟਵਾਰੀਆਂ ਦੀਆਂ 1090 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ

Wednesday, Dec 04, 2019 - 06:46 PM (IST)

ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਪਟਵਾਰੀਆਂ ਦੀਆਂ 1090 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ

ਚੰਡੀਗੜ੍ਹ : ਮਾਲ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਹੋਰ ਵਧੇਰੇ ਕਾਰਜਕੁਸ਼ਲਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ 1090 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਸੂਬਾਈ ਪ੍ਰਸ਼ਾਸਨ ਵਿਚ ਮਾਲ ਵਿਭਾਗ ਦਾ ਅਹਿਮ ਹਿੱਸਾ ਹੋਣ ਕਰਕੇ ਲਿਆ ਗਿਆ ਹੈ, ਜਿੱਥੇ ਜ਼ਮੀਨੀ ਰਿਕਾਰਡ ਨੂੰ ਇਕੱਠਾ ਕਰਨ, ਸਾਂਭ ਸੰਭਾਲ ਅਤੇ ਅੱਪਡੇਟ ਕਰਨ ਵਿਚ ਪਟਵਾਰੀਆਂ ਦਾ ਅਹਿਮ ਰੋਲ ਹੁੰਦਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਨਾਲ ਮਾਲ ਵਿਭਾਗ ਦੇ ਕੰਮ ਨਿਪਟਾਉਣ ਦੀ ਗਤੀ ਵਿਚ ਹੋਰ ਤੇਜ਼ੀ ਅਤੇ ਕਾਰਜਕੁਸ਼ਲਤਾ ਆਉਣ ਤੋਂ ਇਲਾਵਾ ਲੋਕਾਂ ਨੂੰ ਸੇਵਾਵਾਂ ਦੇਣ ਦੀ ਵਿਵਸਥਾ ਵਿਚ ਸੁਧਾਰ ਆਵੇਗਾ। ਸਰਕਾਰ ਦੇ ਇਸ ਲੋਕ ਪੱਖੀ ਉਦਮ ਸਦਕਾ ਲੋਕਾਂ ਨੂੰ ਵੱਡੇ ਪੱਧਰ 'ਤੇ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਮੰਤਰੀ ਮੰਡਲ ਵੱਲੋਂ 7 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਦੀ ਪੋਸਟਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਮੌਜੂਦਾ ਸਮੇਂ 10 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਤਾਇਨਾਤ ਹੈ। ਇਸ ਫੈਸਲੇ ਨਾਲ ਕਾਨੂੰਗੋ ਦੀਆਂ 34 ਨਵੀਆਂ ਅਸਾਮੀਆਂ ਦੀ ਰਚਨਾ ਹੋਵੇਗੀ। ਇਹ ਫੈਸਲਾ ਸੂਬੇ ਵਿਚ ਸਮਾਜਿਕ-ਆਰਥਿਕ ਤਬਦੀਲੀਆਂ ਕਾਰਨ ਫੀਲਡ ਵਿਚ ਤਾਇਨਾਤ ਕਾਨੂੰਗੋਆਂ ਦੇ ਵਧੇ ਕੰਮ ਨੂੰ ਵੀ ਘਟਾਏਗਾ।


author

Gurminder Singh

Content Editor

Related News