ਪੰਜਾਬ ਕੈਬਨਿਟ ਅੱਜ ਲਾਕਡਾਊਨ ਤੇ ਕੋਰੋਨਾ ਦੀ ਸਥਿਤੀ ਦੀ ਕਰੇਗੀ ਸਮੀਖਿਆ
Wednesday, May 27, 2020 - 01:51 AM (IST)
ਜਲੰਧਰ,(ਧਵਨ) : ਪੰਜਾਬ ਕੈਬਨਿਟ ਦੀ ਭਲਕੇ 27 ਮਈ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਬੈਠਕ 'ਚ ਪੰਜਾਬ 'ਚ ਲਾਕਡਾਊਨ ਦੀ ਸਥਿਤੀ ਅਤੇ ਕੋਰੋਨਾ ਵਾਇਰਸ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਮਈ ਨੂੰ ਸੂਬੇ 'ਚ ਕਰਫਿਊ ਨੂੰ ਖਤਮ ਕਰ ਦਿੱਤਾ ਅਤੇ ਉਸ ਤੋਂ ਬਾਅਦ ਲਾਕਡਾਊਨ ਦੀ ਸਥਿਤੀ ਲਾਗੂ ਕਰ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਵੀ ਦੇਸ਼ ਭਰ 'ਚ 31 ਮਈ ਤੱਕ ਲਾਕਡਾਊਨ ਲਗਾਇਆ ਹੋਇਆ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਧ ਦੀ ਪ੍ਰਧਾਨਗੀ 'ਚ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਲਾਕਡਾਊਨ ਨੂੰ 31 ਮਈ ਤੋਂ ਬਾਅਦ ਵਧਾਇਆ ਜਾਵੇ ਜਾਂ ਨਾ। ਇਸ ਨੂੰ ਦੇਖਦੇ ਹੋਏ ਕੈਬਨਿਟ ਸਾਰੇ ਪਹਿਲੂਆਂ 'ਤੇ ਚਰਚਾ ਕਰੇਗੀ। ਬੈਠਕ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ, ਜਿਸ 'ਚ ਸਾਰੇ ਮੰਤਰੀ ਪਹਿਲਾਂ ਵਾਂਗ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣਗੇ। ਹੁਣ ਤੱਕ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੈਬਨਿਟ ਦੀਆਂ ਬੈਠਕਾਂ ਹੋ ਰਹੀਆਂ ਸਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਸਰਕਾਰ ਵਲੋਂ ਸੂਬੇ 'ਚ ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਆਰਥਿਕ ਹਾਲਾਤ 'ਤੇ ਵੀ ਵਿਚਾਰ ਕੀਤਾ ਜਾਵੇਗਾ। ਪਿਛਲੇ 2 ਮਹੀਨੇ 'ਚ ਕਰਫਿਊ/ਲਾਕਡਾਊਨ ਕਾਰਣ ਆਰਥਿਕ ਸਥਿਤੀ ਨੂੰ ਭਾਰੀ ਝਟਕਾ ਲੱਗਾ ਸੀ ਕਿਉਂਕਿ ਕਰਫਿਊ ਕਾਰਨ ਆਰਥਿਕ ਆਮਦਨ ਦੇ ਸਾਰੇ ਸਾਧਨ ਬੰਦ ਹੋ ਕੇ ਰਹਿ ਗਏ ਸਨ। ਹੁਣ ਸਰਕਾਰ ਨੇ ਪਿਛਲੇ ਕੁਝ ਸਮੇਂ 'ਚ ਇੰਡਸਟਰੀ ਨੂੰ ਚਾਲੂ ਕੀਤਾ ਹੈ ਅਤੇ ਉਸ ਤੋਂ ਬਾਅਦ ਆਰਥਿਕ ਸਰਗਰਮੀਆਂ 'ਚ ਵੀ ਤੇਜ਼ੀ ਆਈ ਹੈ। ਇਸ ਦੇ ਬਾਵਜੂਦ ਸਰਕਾਰੀ ਮਾਲੀਏ ਦੇ ਵਿਸ਼ੇ 'ਤੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਸੂਬੇ ਦੀ ਤਾਜ਼ਾ ਆਰਥਿਕ ਸਥਿਤੀ ਦੀ ਜਾਣਕਾਰੀ ਕੈਬਨਿਟ ਦੇ ਸਾਹਮਣੇ ਰੱਖੀ ਜਾਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਵੇਂ ਹਿਮਾਚਲ ਪ੍ਰਦੇਸ਼ ਨੇ ਸੂਬੇ 'ਚ ਲਾਕਡਾਊਨ ਦੀ ਸਥਿਤੀ 30 ਜੂਨ ਤੱਕ ਵਧਾ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਲਾਕਡਾਊਨ ਨੂੰ ਅੱਗੇ ਵਧਾਉਂਦਾ ਹੈ ਜਾਂ ਨਹੀਂ। ਜਿਥੋਂ ਤੱਕ ਕੋਰੋਨਾ ਵਾਇਰਸ ਦੇ ਕੇਸਾਂ ਦਾ ਸੰਬਧ ਹੈ, ਉਹ ਘੱਟ ਜ਼ਰੂਰੀ ਹੋਵੇ ਪਰ ਕੋਰੋਨਾ ਹਾਲੇ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆਇਆ ਹੈ ਅਤੇ ਨਾ ਹੀ ਇਸ ਦੀ ਵੈਕਸੀਨ ਮਾਰਕੀਟ 'ਚ ਆਈ ਹੈ।