ਪੰਜਾਬ: ਡਰਾਈਵਰ ਹੱਥ ਲੱਗਿਆ 'ਖਜ਼ਾਨਾ'! ਬਣ ਗਿਆ 3,00,00,000 ਰੁਪਏ ਦਾ ਮਾਲਕ

Friday, Jun 19, 2026 - 01:11 PM (IST)

ਪੰਜਾਬ: ਡਰਾਈਵਰ ਹੱਥ ਲੱਗਿਆ 'ਖਜ਼ਾਨਾ'! ਬਣ ਗਿਆ 3,00,00,000 ਰੁਪਏ ਦਾ ਮਾਲਕ

ਬਠਿੰਡਾ (ਵਿਜੈ ਵਰਮਾ): ਕਿਸਮਤ ਕਦੋਂ ਅਤੇ ਕਿੱਥੇ ਮਿਹਰਬਾਨ ਹੋ ਜਾਵੇ, ਇਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸਥਾਨਾ ਪਿੰਡ ਦੇ ਰਹਿਣ ਵਾਲੇ ਕੈਬ ਡਰਾਈਵਰ ਕਲਿਆਣ ਚੰਦ ਦੀ ਕਿਸਮਤ ਉਸ ਵੇਲੇ ਚਮਕ ਉੱਠੀ, ਜਦੋਂ ਉਨ੍ਹਾਂ ਨੇ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਵਿਚ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ।

ਜਾਣਕਾਰੀ ਅਨੁਸਾਰ ਕਲਿਆਣ ਚੰਦ ਕੁਝ ਦਿਨ ਪਹਿਲਾਂ ਇਕ ਸਵਾਰੀ ਨੂੰ ਛੱਡਣ ਲਈ ਬਠਿੰਡਾ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ੌਕੀਆ ਤੌਰ ’ਤੇ ਇੱਕੋ ਨੰਬਰ ਦੀਆਂ ਏ ਅਤੇ ਬੀ ਸੀਰੀਜ਼ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ। ਹਾਲ ਹੀ ਵਿਚ ਐਲਾਨੇ ਗਏ ਨਤੀਜਿਆਂ ਵਿਚ ਉਨ੍ਹਾਂ ਦੀ ਇਕ ਟਿਕਟ ’ਤੇ 3 ਕਰੋੜ ਰੁਪਏ ਦਾ ਜੈਕਪਾਟ ਨਿਕਲ ਆਇਆ।

ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਸਮੇਤ ਬਠਿੰਡਾ ਪਹੁੰਚੇ ਕਲਿਆਣ ਚੰਦ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਇਕ ਸਵਾਰੀ ਛੱਡਣ ਬਠਿੰਡਾ ਆਇਆ ਸੀ। ਇੱਥੇ ਉਸ ਨੇ ਇੱਕੋ ਨੰਬਰ ਦੀਆਂ ਦੋ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਵਿਚੋਂ ਇਕ ਟਿਕਟ ’ਤੇ ਪਹਿਲਾ ਇਨਾਮ ਨਿਕਲ ਆਇਆ। ਕਲਿਆਣ ਚੰਦ ਨੇ ਕਿਹਾ ਕਿ ਇਹ ਸਭ ਉਸ ਦੇ ਲਈ ਕਿਸੇ ਸੁਫ਼ਨੇ ਦੇ ਸੱਚ ਹੋਣ ਵਾਂਗ ਹੈ। 

ਉਨ੍ਹਾਂ ਦੱਸਿਆ ਕਿ ਇਹ ਰਕਮ ਉਨ੍ਹਾਂ ਦੇ ਪਰਿਵਾਰ ਲਈ ਨਵੀਆਂ ਉਮੀਦਾਂ ਲੈ ਕੇ ਆਈ ਹੈ। ਕਲਿਆਣ ਚੰਦ ਨੇ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਵੱਲੋਂ ਪਿੰਡ ਵਿਚ ਬਣਾਈ ਗਈ ਪੁਰਾਣੀ ਸਰਾਂ (ਧਰਮਸ਼ਾਲਾ) ਹੁਣ ਖਸਤਾਹਾਲ ਹੋ ਚੁੱਕੀ ਹੈ। ਉਹ ਇਸ ਇਨਾਮੀ ਰਕਮ ਨਾਲ ਸਭ ਤੋਂ ਪਹਿਲਾਂ ਉਸ ਸਰਾਂ ਦਾ ਮੁੜ ਨਿਰਮਾਣ ਕਰਵਾਉਣਗੇ, ਤਾਂ ਜੋ ਪਿਤਾ ਦੀਆਂ ਯਾਦਾਂ ਨੂੰ ਸੰਭਾਲਿਆ ਜਾ ਸਕੇ ਅਤੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ।

ਜ਼ਿਕਰਯੋਗ ਹੈ ਕਿ 13 ਜੂਨ ਨੂੰ ਕੱਢੀ ਗਈ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਦਾ ਪਹਿਲਾ ਇਨਾਮ 3 ਕਰੋੜ ਰੁਪਏ ਸੀ, ਜਿਸ ਦੀ ਜੇਤੂ ਟਿਕਟ ਦਾ ਨੰਬਰ ਬੀ-896239 ਰਿਹਾ। ਇਸ ਬੰਪਰ ਲਾਟਰੀ ਦੀ ਇੱਕ ਟਿਕਟ ਦੀ ਕੀਮਤ 500 ਰੁਪਏ ਸੀ।


author

Anmol Tagra

Content Editor

Related News