Punjab Budget 2023 Live : ਖਜ਼ਾਨਾ ਮੰਤਰੀ ਦੇ ਪਿਟਾਰੇ 'ਚੋਂ ਕੀ ਕੁੱਝ ਨਿਕਲਿਆ, ਜਾਣੋ ਹਰ ਪਲ ਦੀ ਅਪਡੇਟ

Friday, Mar 10, 2023 - 02:20 PM (IST)

Punjab Budget 2023 Live : ਖਜ਼ਾਨਾ ਮੰਤਰੀ ਦੇ ਪਿਟਾਰੇ 'ਚੋਂ ਕੀ ਕੁੱਝ ਨਿਕਲਿਆ, ਜਾਣੋ ਹਰ ਪਲ ਦੀ ਅਪਡੇਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ 'ਚ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕੀਤਾ ਗਿਆ। ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰੀ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰਨ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਹੋਵੇਗਾ, ਜੋ ਪਿਛਲੇ ਸਾਲ ਤੋਂ 26 ਫ਼ੀਸਦੀ ਜ਼ਿਆਦਾ ਹੈ। ਸਾਲ 2022-23 'ਚ ਪੰਜਾਬ ਦਾ ਕੁੱਲ ਬਜਟ ਇਕ ਲੱਖ 55 ਹਜ਼ਾਰ, 860 ਕਰੋੜ ਰੁਪਏ ਦਾ ਸੀ। ਚੀਮਾ ਨੇ ਦਾਅਵਾ ਕੀਤਾ ਕਿ ਆਪ ਸਰਕਾਰ ਦਾ ਸਭ ਤੋਂ ਜ਼ਿਆਦਾ ਫੋਕਸ ਸਿੱਖਿਆ ਅਤੇ ਸਿਹਤ ਸੈਕਟਰ 'ਤੇ ਹੈ ਪਰ ਬਾਕੀ ਸੈਕਟਰਾਂ 'ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਤਾਂ ਉਨ੍ਹਾਂ ਨੂੰ ਵਿਰਾਸਤ 'ਚ ਭਾਰੀ ਕਰਜ਼ਾ ਮਿਲਿਆ, ਜੋ ਪਿਛਲੀਆਂ ਸਰਕਾਰਾਂ ਨੇ ਲਿਆ ਸੀ। ਇਸ ਦੇ ਬਾਵਜੂਦ 'ਆਪ' ਸਰਕਾਰ ਪੰਜਾਬ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 15 ਸਾਲਾਂ ਤੋਂ ਪੁਰਾਣੇ ਸਰਕਾਰੀ ਵਾਹਨਾਂ ਦੀ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਰੱਦ, ਤਿਆਰ ਕਰਵਾਈ ਜਾ ਰਹੀ ਸੂਚੀ

ਜਾਣੋ ਪਲ-ਪਲ ਦੀ ਅਪਡੇਟ

117 ਮਾਈਨਿੰਗ ਸਾਈਟਾਂ ਜਲਦ ਸ਼ੁਰੂ ਹੋਣਗੀਆਂ

ਲੁਧਿਆਣਾ, ਫਾਜ਼ਿਲਕਾ, ਤਰਨਤਾਰਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ 'ਚ 33 ਜਨਤਕ ਮਾਈਨਿੰਗ ਸਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ। 
ਜਲਦੀ ਹੀ 117 ਮਾਈਨਿੰਗ ਸਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ
ਨਿਊ ਪੰਜਾਬ ਸਟੇਟ ਸੈਂਡ ਐਂਡ ਗ੍ਰੇਵਲ ਮਾਈਨਿੰਗ ਪਾਲਿਸੀ 2023 ਨੂੰ ਨੋਟੀਫਾਈ ਕੀਤਾ ਗਿਆ
ਗੈਰ ਕਾਨੂੰਨੀ ਮਾਈਨਿੰਗ ਜਾਂ ਵੱਧ ਦਰ ਵਸੂਲਣ ਸੰਬਧਿਤ ਸ਼ਿਕਾਇਤਾਂ ਦਰਜ ਕਰਨ ਲਈ ਇਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ

ਸਦਨ 'ਚ ਬਜਟ ਭਾਸ਼ਣ ਦੌਰਾਨ ਹੰਗਾਮਾ

ਪੰਜਾਬ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਭਾਸ਼ਣ ਪੜ੍ਹਨ ਦੌਰਾਨ ਕਾਂਗਰਸ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਖਜ਼ਾਨਾ ਮੰਤਰੀ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ 'ਚ ਕੁੱਝ ਵੀ ਨਹੀਂ ਹੈ। ਇਸ 'ਤੇ ਸਪੀਕਰ ਨੇ ਕਾਂਗਰਸੀ ਵਿਧਾਇਕਾਂ ਨੂੰ ਆਰਾਮ ਨਾਲ ਬੈਠਣ ਲਈ ਕਿਹਾ ਅਤੇ ਉਨ੍ਹਾਂ ਨੂੰ ਬਹਿਸ ਦੌਰਾਨ 5 ਮਿੰਟ ਜ਼ਿਆਦਾ ਦੇਣ ਦੀ ਗੱਲ ਵੀ ਕਹੀ ਪਰ ਕਾਂਗਰਸੀਆਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਸਦਨ ਅੰਦਰ ਰੌਲਾ ਪਾਇਆ ਜਾ ਰਿਹਾ ਹੈ।

NRI ਮਾਮਲੇ
ਐੱਨ. ਆਰ. ਆਈ. ਮਿਲਣੀ ਪ੍ਰੋਗਰਾਮ ਦੇ ਸਦਕੇ ਕਈ ਐੱਨ. ਆਰ. ਆਈਜ਼ ਦੀਆਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਵਾਇਆ ਗਿਆ
ਮੋਗਾ ਦੇ ਪਿੰਡ ਰੋਡੇ 'ਚ 17.5 ਏਕੜ ਜ਼ਮੀਨ ਯੂ. ਕੇ. ਆਧਾਰਿਤ ਐੱਨ. ਆਰ. ਆਈ. ਨੂੰ ਵਾਪਸ ਦਿਵਾਈ ਗਈ।

ਕੈਂਸਰ ਦੇ ਮਰੀਜ਼ਾਂ ਲਈ ਅਹਿਮ ਐਲਾਨ

ਸੂਬੇ 'ਚ ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਦੀ ਸਕਰੀਨਿੰਗ ਕੀਤੀ ਜਾਵੇਗੀ
ਹੋਮੀ ਭਾਭਾ ਕੈਂਸਰ ਸੈਂਟਰ ਲਈ ਪੈਟ ਸਕੈਨ ਤੇ ਸਪੈਕਟ ਸਿਟੀ ਸਿਟੀ ਮਸ਼ੀਨਾਂ ਦੀ ਖ਼ਰੀਦ ਲਈ 17 ਕਰੋੜ ਜਾਰੀ
24 ਘੰਟੇ ਐਮਰਜੈਂਸੀ ਰਿਸਪਾਂਸ ਸੇਵਾਵਾਂ, 61 ਕਰੋੜ ਰੁਪਏ ਦੇ ਉਪਬੰਧ ਦਾ ਪ੍ਰਸਤਾਵ

ਮੈਡੀਕਲ ਸਿੱਖਿਆ ਅਤੇ ਖੋਜ

ਮੈਡੀਕਲ ਸਿੱਖਿਆ ਲਈ 1,015 ਕਰੋੜ ਰੁਪਏ ਦੀ ਤਜਵੀਜ਼
ਮੋਹਾਲੀ ਵਿਖੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇਸਿੰਜ਼ ਤੇ ਸਰਕਾਰੀ ਮੈਡੀਕਲ ਕਾਲਜ ਖੋਲ੍ਹਿਆ ਗਿਆ ਹੈ। ਇਸ 'ਚ 100 ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੇ ਦੋ ਬੈਚਾਂ ਦਾ ਦਾਖ਼ਲਾ ਹੋ ਚੁੱਕਾ ਹੈ।
ਮੈਡੀਕਲ ਸੰਸਥਾਵਾਂ 'ਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ 880 ਸਟਾਫ਼ ਨਰਸਾਂ ਤੇ 81 ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਗਈ ਹੈ।
ਕੈਂਸਰ ਦੇ ਮਰੀਜ਼ਾਂ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 119 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜ਼ਿਲਕਾ ਵਿਖੇ 46 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਕੇਅਰ ਸੈਂਟਰ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਲ੍ਹਾ ਬਰਨਾਲਾ ਵਿਖੇ ਨਵਾਂ ਨਰਸਿੰਗ ਕਾਲਜ ਸਥਾਪਿਤ ਕਰਨ ਦੀ ਤਜਵੀਜ਼

ਸਿੱਖਿਆ ਖੇਤਰ ਦੇ ਅਹਿਮ ਐਲਾਨ
ਸਰਕਾਰੀ ਸਕੂਲਾਂ 'ਚ ਰੂਫ ਟਾਪ ਸੋਲਰ ਪੈਨਲ ਸਿਸਟਮ ਦੀ ਸਥਾਪਨਾ ਲਈ 100 ਕਰੋੜ ਰੁਪਏ
16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਪ੍ਰਦਾਨ ਕਰਨ ਲਈ 456 ਕਰੋੜ ਰੁਪਏ
ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਪ੍ਰਦਾਨ ਕਰਨ ਲਈ 25 ਕਰੋੜ ਰੁਪਏ
ਮੁਫ਼ਤ ਕਿਤਾਬਾਂ, ਮੁਰੰਮਤ ਅਤੇ ਰੱਖ-ਰਖਾਅ ਲਈ 90 ਕਰੋੜ ਰੁਪਏ

ਪੜ੍ਹੋ ਬਜਟ ਦੌਰਾਨ ਕੀਤੇ ਜਾ ਰਹੇ ਵੱਡੇ ਐਲਾਨ

ਗਰੀਨ ਪੰਜਾਬ ਮਿਸ਼ਨ ਦੇ ਤਹਿਤ 151 ਨਾਨਕ ਬਗੀਚੀਆਂ, 68 ਪਵਿੱਤਰ ਵਣ ਵਿਕਸਿਤ ਕੀਤੇ ਜਾ ਰਹੇ
ਅਗਲੇ ਸਾਲ ਇੰਨੀਆਂ ਹੀ ਹੋਰ ਨਾਨਕ ਬਗੀਚੀਆਂ ਤੇ ਪਵਿੱਤਰ ਵਣ ਵਿਕਸਿਤ ਕਰਾਂਗੇ
ਜੰਗਲੀ ਜੀਵ ਅਤੇ ਚਿੜੀਆਘਰ ਵਿਕਾਸ ਲਈ 13 ਕਰੋੜ ਰੁਪਏ
ਗਰੀਨ ਪੰਜਾਬ ਮਿਸ਼ਨ ਦੇ ਲਈ 31 ਕਰੋੜ ਰੁਪਏ ਦੀ ਤਜਵੀਜ਼
ਸਕੂਲ ਅਤੇ ਹਾਇਰ ਐਜੂਕੇਸ਼ਨ ਲਈ 17 ਹਜ਼ਾਰ 74 ਕਰੋੜ ਰੁਪਏ
ਵਿਸ਼ਵ ਪੱਧਰੀ ਡੇਅਰੀ ਪ੍ਰੋਡਕਟਾਂ ਲਈ ਮਿਲਕਫੈੱਡ ਦਾ ਖ਼ਰੀਦ ਦੇ ਨੈੱਟਵਰਕ ਦਾ ਵਿਸਥਾਰ ਹੋਵੇਗਾ
ਮਾਰਕਫੈੱਡ ਦੇ ਨਵੇਂ ਗੋਦਾਮਾਂ ਲਈ 100 ਕਰੋੜ ਰੁਪਏ ਦੀ ਤਜਵੀਜ਼
ਕਿਸਾਨਾਂ ਅਤੇ ਪਸ਼ੂ-ਪਾਲਕਾਂ ਨੂੰ ਦਰਵਾਜ਼ੇ 'ਤੇ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਇਲ ਵੈਟਰਨਰੀ ਯੂਨਿਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਲਈ 13 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ
ਬਿਜਲੀ ਸਬਸਿਡੀ ਲਈ 9331 ਕਰੋੜ ਦੀ ਤਜਵੀਜ਼
ਮਿਲਕਫੈੱਡ ਨੂੰ ਪਹਿਲੀ ਵਾਰ 36 ਕਰੋੜ ਰੁਪਏ ਦੀ ਵਿੱਤੀ ਰਾਸ਼ੀ ਮੁਹੱਈਆ
ਗੰਨਾ ਉਤਪਾਦਕਾਂ ਲਈ ਗੰਨੇ ਦੀ ਕੀਮਤ 380 ਤੈਅ ਕੀਤੀ ਗਈ
ਸ਼ੂਗਰਫੈੱਡ ਨੂੰ ਦੇਣਦਾਰੀਆਂ ਖ਼ਤਮ ਕਰਨ ਲਈ 400 ਕਰੋੜ ਦੀ ਮਦਦ ਦਿੱਤੀ ਗਈ
2022-23 ਵਿੱਚ ਕਿਸਾਨਾਂ ਨੂੰ 9 ਹਜ਼ਾਰ 64 ਕਰੋੜ ਦੀ ਮੁਫ਼ਤ ਬਿਜਲੀ ਮੁਹੱਈਆ ਕਰਵਾਈ
2023-24 ਲਈ ਕਿਸਾਨਾਂ ਲਈ 9,331 ਕਰੋੜ ਰੁਪਏ ਰਾਖਵਾਂ ਰੱਖਣ ਦੀ ਤਜਵੀਜ਼
ਕਿਸਾਨਾਂ ਨੂੰ ਮੌਸਮ ਦੀਆਂ ਤਬਦੀਲੀਆਂ ਤੋਂ ਬਚਾਉਣ ਲਈ ਫ਼ਸਲ ਬੀਮਾ ਯੋਜਨਾ ਮੁਹੱਈਆ ਕੀਤੀ ਜਾਵੇਗੀ
ਅਗਲੇ ਵਿੱਤੀ ਸਾਲ ਲਈ 253 ਕਰੋੜ ਰੁਪਏ ਬਾਗਵਾਨੀ ਲਈ ਰੱਖਣ ਦੀ ਤਜਵੀਜ਼
ਸੂਬੇ ਦੀਆਂ ਨਰਸਰੀਆਂ ਨੂੰ ਰੋਗ ਮੁਕਤ ਕਰਨ ਲਈ ਐਕਟ 'ਚ ਸੋਧ ਕੀਤੀ ਗਈ
2574 ਕਿਸਾਨ ਮਿੱਤਰਾਂ ਦੀ ਭਰਤੀ ਕੀਤੀ ਜਾਵੇਗੀ
30,312 ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 25 ਕਰੋੜ ਦੀ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ
ਅਗਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖ਼ਰੀਦ ਲਈ 125 ਕਰੋੜ ਦੀ ਤਜਵੀਜ਼
ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫ਼ੀਸਦੀ ਦੀ ਕਮੀ
1 ਲੱਖ, 23 ਹਜ਼ਾਰ, 441 ਕਰੋੜ ਰਾਜ ਦੇ ਮਾਲੀਏ ਖ਼ਰਚੇ ਦਾ ਅਨੁਮਾਨ
1 ਲੱਖ, 96 ਹਜ਼ਾਰ, 462 ਕਰੋੜ ਰੁਪਏ ਦਾ ਕੁੱਲ ਬਜਟ
ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 13 ਹਜ਼ਾਰ, 888 ਕਰੋੜ ਰੁਪਏ ਦੀ ਤਜਵੀਜ਼
ਨਵੀਂ ਖੇਤੀ ਨੀਤੀ ਨੂੰ ਪੰਜਾਬ 'ਚ ਲਿਆਉਣ ਦਾ ਪ੍ਰਸਤਾਵ 
ਪੰਜਾਬ ਦੀ ਮਾਨ ਸਰਕਾਰ ਨੇ ਦਿੱਤੀਆਂ 26,797 ਨੌਕਰੀਆਂ 
ਪੰਜਾਬ 'ਚ 90 ਫ਼ੀਸਦੀ ਬਿਜਲੀ ਬਿੱਲ ਜ਼ੀਰੋ ਆ ਰਿਹਾ
9 ਮਹੀਨਿਆਂ ਅੰਦਰ 10 ਲੱਖ ਲੋਕਾਂ ਦਾ 'ਆਮ ਆਦਮੀ ਕਲੀਨਿਕਾਂ' 'ਚ ਇਲਾਜ ਹੋਇਆ
ਹਜ਼ਾਰਾਂ ਕਰੋੜ ਰੁਪਏ ਦੀਆਂ ਦੇਣਦਾਰੀਆਂ ਪਿਛਲੀਆਂ ਸਰਕਾਰਾਂ ਤੋਂ ਮਿਲੀਆਂ 
ਮਿਲਕਫੈੱਡ ਨੂੰ ਗ੍ਰਾਂਟ ਦਿੱਤੀ ਗਈ, ਗੰਨਾ ਕਾਸ਼ਤਕਾਰਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਗਿਆ। ਇਸ ਮੰਤਵ ਲਈ 2 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਗਏ
ਅਕਤੂਬਰ-2022 'ਚ 6 ਫ਼ੀਸਦੀ ਡੀ. ਏ. ਦੀ ਕਿਸ਼ਤ ਜਾਰੀ ਕੀਤੀ 
ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜ਼ੂਦਰਾਂ ਦੀ ਆਮਦਨ ਵਧਾਈ ਜਾਵੇਗੀ 
ਪੇਂਡੂ ਵਿਕਾਸ ਫੰਡਾਂ ਦਾ 2880 ਕਰੋੜ ਰੁਪਿਆ ਕੇਂਦਰ ਸਰਕਾਰ ਵੱਲ ਬਕਾਇਆ
ਪੰਜਾਬ ਦੇ ਮੌਜੂਦਾ ਸਾਲ ਲਈ ਜੀ. ਐੱਸ. ਡੀ. ਪੀ. 6 ਲੱਖ, 38 ਹਜ਼ਾਰ 23 ਕਰੋੜ ਰੁਪਏ ਰਿਹਾ
ਵਿੱਤੀ ਸਾਲ 2023-24 ਲਈ ਜੀ. ਐੱਸ. ਡੀ. ਪੀ. ਦਰ 6 ਲੱਖ, 98 ਹਜ਼ਾਰ, 635 ਕਰੋੜ ਰੁਪਏ ਹੋਵੇਗੀ

ਵਿੱਤ ਮੰਤਰੀ ਨੇ ਬਜਟ ਭਾਸ਼ਣ ਪੜ੍ਹਨਾ ਕੀਤਾ ਸ਼ੁਰੂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਅਤੇ ਹਰ ਵਰਗ ਦੇ ਸੈਕਟਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ।

PunjabKesari

ਮੁੱਖ ਮੰਤਰੀ ਮਾਨ ਤੇ ਹਰਪਾਲ ਚੀਮਾ ਪਹੁੰਚੇ ਵਿਧਾਨ ਸਭਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ 'ਚ ਪਹੁੰਚ ਚੁੱਕੇ ਹਨ। ਵਿੱਤ ਮੰਤਰੀ ਦੇ ਹੱਥ 'ਚ ਬਜਟ ਦੀ ਕਾਪੀ ਫੜ੍ਹੀ ਹੋਈ ਹੈ। ਮੁੱਖ ਮੰਤਰੀ ਮਾਨ ਵੀ ਪੀਲੇ ਰੰਗ ਦੀ ਪੱਗੜੀ ਬੰਨ੍ਹ ਕੇ ਸਦਨ 'ਚ ਪੁੱਜੇ ਹਨ।

PunjabKesari

ਬਜਟ ਤੋਂ ਪਹਿਲਾਂ ਕੀ ਬੋਲੇ ਹਰਪਾਲ ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਚੋਣਾਂ ਦੇ ਨਤੀਜੇ ਆਏ ਸਨ ਅਤੇ ਅੱਜ ਇਸ ਦਿਨ ਪੰਜਾਬ ਦਾ ਦੂਜਾ ਪੂਰਨ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸੈਕਟਰਾਂ ਦਾ ਬਜਟ 'ਚ ਧਿਆਨ ਰੱਖਿਆ ਗਿਆ ਹੈ ਅਤੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬ ਦਾ Budget ਪੇਸ਼ ਹੋਣ ਤੋਂ ਪਹਿਲਾਂ CM ਮਾਨ ਦਾ ਟਵੀਟ, 'ਅੱਜ ਦੇ ਦਿਨ ਨੂੰ ਦੱਸਿਆ ਇਤਿਹਾਸਕ'
10 ਵਜੇ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਈ। ਸਭ ਤੋਂ ਪਹਿਲਾਂ ਵੱਖ-ਵੱਖ ਸੂਚੀਆਂ 'ਚ ਦਰਜ ਸਵਾਲ ਪੁੱਛੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਜਵਾਬ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ 11 ਵਜੇ ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਨਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੰਜਾਬ BJP ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)
ਬਜਟ ਪੇਸ਼ ਹੋਣ ਤੋਂ ਪਹਿਲਾਂ CM ਮਾਨ ਦਾ ਟਵੀਟ
ਬਜਟ ਪੇਸ਼ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ। ਆਪਣੇ ਟਵੀਟ 'ਚ ਮੁੱਖ ਮੰਤਰੀ ਮਾਨ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ 'ਚ ਸਾਨੂੰ ਮਿਲਿਆ ਸੀ। ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਲੋਕ ਪੱਖੀ ਹੋਵੇਗਾ ਅਤੇ ਰੰਗਲੇ ਪੰਜਾਬ ਵੱਲ ਵੱਧਦੇ ਪੰਜਾਬ ਦੀ ਝਲਕ ਦਿਖਾਈ ਦੇਵੇਗੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News