ਪੰਜਾਬ ਬਜਟ ਇਜਲਾਸ : 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਵੱਖਰੇ ਵਾਲੰਟੀਅਰ ਰੱਖਣ ਦੀ ਮੰਗ
Tuesday, Mar 03, 2020 - 04:08 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਬਜਟ ਅਨੁਮਾਨਾਂ ਤੇ ਅਨੁਮਾਨ ਕਮੇਟੀ ਵਲੋਂ ਸਾਲ 2019-20 ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਗਰਾਮ ਨਾਲ ਅਧਿਆਪਕਾਂ 'ਤੇ ਕਾਫੀ ਬੋਝ ਪੈ ਰਿਹਾ ਹੈ ਕਿਉਂਕਿ ਅਧਿਆਪਕਾਂ ਨੂੰ ਬੇਸਿਕ ਸਿਲੇਬਸ ਦੇ ਨਾਲ-ਨਾਲ ਹੋਰ ਕਾਫੀ ਕੁਝ ਵਿਦਿਆਰਥੀਆਂ ਨੂੰ ਪੜ੍ਹਾਉਣਾ ਪੈਂਦਾ ਹੈ।
ਇਸ ਲਈ ਕਮੇਟੀ ਵਲੋਂ ਇਸ ਪ੍ਰੋਗਰਾਮ ਲਈ ਵੱਖਰੇ ਵਾਲੰਟੀਅਰ ਰੱਖਣ ਦੀ ਸਿਫਾਰਿਸ਼ ਵਿਧਾਨ ਸਭਾ 'ਚ ਕੀਤੀ ਗਈ। ਕਮੇਟੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਦਾਖਲਿਆਂ 'ਚ 4.48 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਕਿ ਇਹ ਪ੍ਰੋਗਰਾਮ ਛੋਟੀਆਂ ਕਲਾਸਾਂ ਤੋਂ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਇਸ ਦਾ ਪੂਰਾ ਲਾਭ ਲੈ ਸਕਣ ਅਤੇ ਇਸ ਨੂੰ ਨਰਸਰੀ ਤੋਂ ਹੀ ਲਾਗੂ ਕੀਤਾ ਜਾਵੇ। ਕਮੇਟੀ ਨੇ ਮੰਗ ਕੀਤੀ ਕਿ ਹਰ ਪ੍ਰਾਇਮਰੀ ਸਕੂਲ 'ਚ ਆਂਗਨਵਾੜੀ ਬੱਚਿਆਂ ਲਈ ਇਕ ਵੱਖਰਾ ਕਮਰਾ ਹੋਵੇ, ਜਿੱਥੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
