ਪੰਜਾਬ ਬਜਟ ਸੈਸ਼ਨ : ਫੂਲਕਾ ਨੇ ਮੁੜ ਚੁੱਕਿਆ ਐੱਸ. ਜੀ. ਪੀ. ਸੀ. ਚੋਣਾਂ ਦਾ ਮੁੱਦਾ
Thursday, Feb 21, 2019 - 01:11 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ 7ਵੇਂ ਦਿਨ ਦੀ ਕਾਰਵਾਈ ਵੀਰਵਾਰ ਨੂੰ ਸਵਾਲ-ਜਵਾਬ ਨਾਲ ਸ਼ੁਰੂ ਹੋਈ। ਇਸ ਦੌਰਾਨ ਵਿਧਾਇਕ ਐੱਚ. ਐੱਸ. ਫੂਲਕਾ ਵਲੋਂ ਵਿਧਾਨ ਸਭਾ 'ਚ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ਦਾ ਮੁੱਦਾ ਚੁੱਕਿਆ ਗਿਆ। ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਵਲੋਂ ਚੋਣਾਂ ਸਬੰਧੀ ਪਾਸ ਕੀਤਾ ਗਿਆ ਮਤਾ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੇਂਦਰ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਅੱਗੇ ਇਹ ਮੁੱਦਾ ਰੱਖਣ।
ਇਸ 'ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਸਰਕਾਰ ਹਰ ਲੋੜੀਂਦਾ ਕਦਮ ਚੁੱਕੇਗੀ। ਵਿਧਾਇਕ ਸੁਰਜੀਤ ਧੀਮਾਨ ਨੇ ਸਦਨ 'ਚ ਸਵਾਲ ਕੀਤਾ ਕਿ ਪਿੰਡ ਕੋਹਰੀਆਂ ਵਿਖੇ ਇਨਡੋਰ ਸਟੇਡੀਅਮ ਨੂੰ ਜ਼ਿਲਾ ਪੱਧਰੀ ਦਰਜਾ ਦਿੱਤਾ ਜਾਵੇਗਾ ਕਿ ਨਹੀਂ, ਜਿਸ ਦੇ ਜਵਾਬ 'ਚ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਹਾਂ ਪੱਖੀ ਜਵਾਬ ਦਿੱਤਾ।