Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
Saturday, Jul 12, 2025 - 02:06 PM (IST)

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਨਾਲ ਘਿਰੇ ਲਤੀਫਪੁਰਾ ਇਲਾਕੇ ਵਿਚ ਪਿਛਲੇ ਢਾਈ ਸਾਲਾਂ ਤੋਂ ਬੰਦ ਪਈ 120 ਫੁੱਟੀ ਮੇਨ ਸੜਕ ਨੂੰ ਲੈ ਕੇ ਹੁਣ ਸਥਾਨਕ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਜੀ. ਟੀ. ਬੀ. ਨਗਰ ਅਤੇ ਮਾਡਲ ਟਾਊਨ ਦੇ ਨਾਲ ਲੱਗਦੇ ਇਸ ਇਲਾਕੇ ਦੇ ਸੈਂਕੜੇ ਲੋਕਾਂ ਨੇ ਇਕਜੁੱਟ ਹੋ ਕੇ ਸੜਕ ਨੂੰ ਖੁੱਲ੍ਹਵਾਉਣ ਦੀ ਮੰਗ ਕੀਤੀ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਇਸ ਦੇ ਨਾਲ ਹੀ ਮੋਰਚੇ ਦੇ ਆਗੂਆਂ ਨੇ 24 ਜੁਲਾਈ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ ਹੈ ਵਜ੍ਹਾ
ਲੋਕਾਂ ਨੇ ਦੱਸਿਆ ਕਿ ਇਸ ਮੁੱਖ ਮਾਰਗ ਤੋਂ ਕਬਜ਼ੇ ਹਟਾਉਣ ਵਿਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀ ਆਵਾਜਾਈ ਅਤੇ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਲੋਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਤਕ ਨਹੀਂ ਜਾ ਪਾ ਰਹੇ। ਲੋਕਾਂ ਨੂੰ ਆਪਣੇ ਘਰਾਂ ਤਕ ਜਾਣ ਲਈ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਰਸਤਾ ਖੁੱਲ੍ਹਾ ਹੈ, ਉਹ ਇੰਨਾ ਤੰਗ ਹੈ ਕਿ ਉਥੇ ਸਾਰਾ ਦਿਨ ਭਾਰੀ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਨਾਲ ਸਕੂਲੀ ਬੱਚਿਆਂ ਦੀਆਂ ਬੱਸਾਂ ਅਤੇ ਮਾਤਾ-ਪਿਤਾ ਨੂੰ ਕਾਫ਼ੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ। ਇਸ ਮੌਕੇ ਵੱਖ-ਵੱਖ ਧਾਰਮਿਕ ਕਮੇਟੀਆਂ, ਸੋਸਾਇਟੀਆਂ ਅਤੇ ਸਥਾਨਕ ਨਿਵਾਸੀਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਲੀਡਰ ਰਾਜਵਿੰਦਰ ਕੌਰ ਥਿਆੜਾ ਨੂੰ ਇਕ ਮੰਗ-ਪੱਤਰ ਦਿੱਤਾ।
ਮੰਗ-ਪੱਤਰ ਵਿਚ 120 ਫੁੱਟੀ ਸੜਕ ਤੋਂ ਨਾਜਾਇਜ਼ ਕਬਜ਼ੇ ਜਲਦ ਹਟਾਉਣ ਅਤੇ ਸੜਕ ਖੁਲ੍ਹਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ, ਨਿਰਵੈਲ ਸਿੰਘ ਕੰਗ, ਵਰਿੰਦਰ ਮਲਿਕ, ਲਲਿਤ ਤ੍ਰਿਖਾ, ਸੁਨੀਲ ਚੋਪੜਾ, ਪਰਮਜੀਤ ਸਿੰਘ, ਰਾਜੀਵ ਦੁੱਗਲ ਸਮੇਤ ਕਈ ਲੋਕ ਮੌਜੂਦ ਰਹੇ। ਸ਼੍ਰੀਮਤੀ ਰਾਜਵਿੰਦਰ ਕੌਰ ਥਿਆੜਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮੰਗ-ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤਕ ਪਹੁੰਚਾਉਣਗੇ ਅਤੇ ਇਸ ਗੰਭੀਰ ਮੁੱਦੇ ’ਤੇ ਮੀਟਿੰਗ ਕਰਕੇ ਇਸ ਸਮੱਸਿਆ ਦਾ ਜਲਦ ਕਰਵਾਉਣ ਦਾ ਯਤਨ ਕਰਨਗੇ।
ਇਹ ਵੀ ਪੜ੍ਹੋ: ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ Good News, ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਉੱਜੜੇ ਪਰਿਵਾਰਾਂ ਦਾ ਵੀ ਧਰਨਾ ਜਾਰੀ, ਸੰਘਰਸ਼ ਦਾ ਅਲਟੀਮੇਟਮ ਦਿੱਤਾ
ਦੂਜੇ ਪਾਸੇ ਲਤੀਫਪੁਰਾ ਦੇ ਉੱਜੜੇ ਪਰਿਵਾਰਾਂ ਵੱਲੋਂ ਵੀ ਇਕ ਧਰਨਾ ਦਿੱਤਾ ਗਿਆ। ਲਤੀਫਪੁਰਾ ਮੁੜ-ਵਸੇਬਾ ਮੋਰਚਾ ਦੇ ਆਗੂ ਮਹਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਵੱਲੋਂ ਉਨ੍ਹਾਂ ਦੇ ਘਰ ਤੋੜ ਦਿੱਤੇ ਗਏ ਸਨ ਪਰ ਅੱਜ ਤਕ ਉਨ੍ਹਾਂ ਦਾ ਮੁੜ-ਵਸੇਬਾ ਨਹੀਂ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਮੌਕੇ ’ਤੇ ਆਏ ਤਾਂ ਸਿਰਫ਼ 15 ਕਦਮ ਦੂਰੋਂ ਮੁੜ ਗਏ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਖੇਚਲ ਨਹੀਂ ਕੀਤੀ, ਜੋਕਿ ਅਪਮਾਨਜਨਕ ਅਤੇ ਅਸੰਵੇਦਨਸ਼ੀਲ ਰਵੱਈਆ ਹੈ।
ਮੋਰਚੇ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ’ਤੇ ਵੀ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਜਿਸ ਦਿਨ ਘਰ ਤੋੜੇ ਗਏ ਸਨ, ਉਸ ਦਿਨ ਉਨ੍ਹਾਂ ਮੰਚ ਤੋਂ ਵਾਅਦਾ ਕੀਤਾ ਸੀ ਕਿ ਜਦੋਂ ਤਕ ਉੱਜੜੇ ਪਰਿਵਾਰਾਂ ਨੂੰ ਦੋਬਾਰਾ ਉਸੇ ਜਗ੍ਹਾ ਵਸਾਇਆ ਨਹੀਂ ਜਾਵੇਗਾ, ਉਹ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਪਰ ਹੁਣ ਉਹੀ ਆਗੂ ਉੱਜੜੇ ਪਰਿਵਾਰਾਂ ਦੇ ਖ਼ਿਲਾਫ਼ ਖੜ੍ਹੇ ਹੋ ਕੇ ਉਨ੍ਹਾਂ ਦੇ ਜ਼ਖ਼ਮ ਫਿਰ ਤੋਂ ਹਰੇ ਕਰ ਗਏ ਹਨ, ਜੋਕਿ ਇਕ ਵੱਡਾ ਧੋਖਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ ਦਾ ਕਤਲ
24 ਜੁਲਾਈ ਨੂੰ ਵੱਡਾ ਵਿਰੋਧ-ਪ੍ਰਦਰਸ਼ਨ ਕਰਨ ਦੀ ਚਿਤਾਵਨੀ
ਮੋਰਚੇ ਦੇ ਆਗੂਆਂ ਨੇ 24 ਜੁਲਾਈ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ, ਕਿਸਾਨ ਯੂਨੀਅਨਾਂ, ਖੇਤ ਮਜ਼ਦੂਰ ਸੰਗਠਨਾਂ, ਨਿਹੰਗ ਸਿੰਘ ਜਥੇਬੰਦੀਆਂ, ਟਰਾਂਸਪੋਰਟ ਯੂਨੀਅਨਾਂ, ਛੋਟੇ ਦੁਕਾਨਦਾਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਲਤੀਫਪੁਰਾ ਦੇ ਹੱਕ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮੋਰਚੇ ਦੇ ਮੁਖੀ ਲਖਬੀਰ ਸਿੰਘ, ਅਵਤਾਰ ਸਿੰਘ ਰੇਰੂ, ਤਰਸੇਮ ਸਿੰਘ, ਮਹਿੰਦਰ ਸਿੰਘ ਬਾਜਵਾ, ਬੀਬੀ ਪਲਵਿੰਦਰ ਕੌਰ, ਬੀਬੀ ਭੁਪਿੰਦਰ ਕੌਰ, ਜਸਪਾਲ ਸਿੰਘ, ਬਾਬਾ ਪ੍ਰੀਤਮ ਸਿੰਘ, ਗੁਰਬਖਸ਼ ਸਿੰਘ ਮੰਗਾ, ਕਸ਼ਮੀਰ ਸਿੰਘ, ਸਰਬਜੀਤ ਸਿੰਘ, ਗੁਰਦਿਆਲ ਸਿੰਘ, ਹਰਦੀਪ ਸਿੰਘ ਸਮੇਤ ਅਨੇਕ ਲੋਕ ਮੌਜੂਦ ਰਹੇ। ਲਤੀਫਪੁਰਾ ਦਾ ਮੁੱਦਾ ਹੁਣ ਸਿਆਸੀ ਅਤੇ ਸਮਾਜਿਕ ਸੰਘਰਸ਼ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਕ ਪਾਸੇ ਸੜਕ ਖੁਲ੍ਹਵਾਉਣ ਦੀ ਮੰਗ ਹੈ ਤਾਂ ਦੂਜੇ ਪਾਸੇ ਉੱਜੜੇ ਪਰਿਵਾਰ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਇਹ ਮਸਲਾ ਹੋਰ ਗਰਮਾਉਣ ਦੇ ਆਸਾਰ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e