ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਭਵਾਨੀਗੜ੍ਹ ਸ਼ਹਿਰ ਵਿਚ ਭਰਵਾਂ ਹੁੰਗਾਰਾ
Friday, Aug 21, 2026 - 01:52 PM (IST)
ਭਵਾਨੀਗੜ੍ਹ (ਕਾਂਸਲ)- ਬੰਦੀ ਸਿੰਘਾਂ ਨੂੰ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਸ਼੍ਰੋਮਣੀ ਅਕਾਲੀ ਅਮ੍ਰਿੰਤਸਰ ਤੇ ਹੋਰ ਗਰਮ ਖਿਆਲੀ ਜਥੇਬੰਦੀਆਂ ਦੇ ਆਗੂਆਂ ਵਲੋਂ ਸਥਾਨਕ ਸ਼ਹਿਰ ਚੋਂ ਲੰਘਦੇ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇ 'ਤੇ ਟ੍ਰੈਫਿਕ ਜਾਮ ਕਰਕੇ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦਿੰਦਿਆ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ।
ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਸਖਵਿੰਦਰ ਸਿੰਘ ਬਲਿਆਲ ਤੇ ਅਵਤਾਰ ਸਿੰਘ ਬਲਿਆਲ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਦੇਸ਼ ਦਾ ਕਾਨੂੰਨ ਸਭ ਲਈ ਇੱਕ ਹੈ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਵੱਖ ਵੱਖ ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।


ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਭਵਾਨੀਗੜ੍ਹ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਸਾਰੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਨਜ਼ਰ ਆਏ। ਸ਼ਹਿਰ ਦੇ ਵਿੱਚ ਕੇਵਲ ਜਰੂਰੀ ਸੇਵਾਵਾਂ ਦੇ ਵਿੱਚੋਂ ਵੀ ਕੇਵਲ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲੀਆਂ ਨਜਰ ਆਈਆਂ। ਅੱਜ ਦੇ ਬੰਦ ਕਾਰਨ ਬਸ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਸਨ।
ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕੀਤੇ ਜਾਣ ਕਾਰਨ ਹਾਈਵੇ ਉੱਪਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਸਹਿਯੋਗ ਦੇਣ ਲਈ ਸਾਰੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਸੱਗੂ ਸਾਬਕਾ ਕੌਂਸਲਰ, ਕਰਮਜੀਤ ਸਿੰਘ ਕਪਿਆਲ, ਸੁਖਵਿੰਦਰ ਸੁੱਖੀ ਆਲੋਅਰਖ, ਤਰਸੇਮ ਸਿੰਘ ਵਪਾਰ ਸੈੱਲ, ਗੁਰਦਰਸ਼ਨ ਬਾਵਾ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ, ਜਥੇਦਾਰ ਦਲਜੀਤ ਸਿੰਘ, ਹਾਕਮ ਸਿੰਘ ਘਰਾਚੋਂ ਤੇ ਜਗਸੀਰ ਸਿੰਘ ਘਰਾਚੋਂ ਆਗੂ ਵਾਰਿਸ ਪੰਜਾਬ ਦੇ, ਹਰਵਿੰਦਰ ਗੱਗੀ ਤੇ ਬਾਬਾ ਚਮਕੌਰ ਸਿੰਘ ਮਾਨ ਸਮੇਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
