ਕਿਸਾਨਾਂ ਵੱਲੋਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਪੰਜਾਬ ''ਬੰਦ''
Monday, Dec 30, 2024 - 05:56 AM (IST)
 
            
            ਪਟਿਆਲਾ/ਸਨੌਰ (ਮਨਦੀਪ ਜੋਸਨ)- ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਮੋਰਚਿਆਂ ’ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ (30 ਦਸੰਬਰ) ਨੂੰ ਸਵੇਰ 7 ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਹੋਵੇਗਾ। ਇਸ ਬੰਦ ’ਚ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਹੋਵੇਗੀ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਨੇ ਆਖਿਆ ਕਿ ਪੰਜਾਬ ਬੰਦ ’ਚ ਰੇਲਵੇ ਅਤੇ ਸੜਕੀ ਆਵਾਜਾਈ ਜਾਮ ਰਹੇਗੀ, ਦੁਕਾਨਾਂ ਵੀ ਬੰਦ ਰਹਿਣਗੀਆਂ, ਗੈਸ ਸਟੇਸ਼ਨ, ਪੈਟਰੋਲ ਪੰਪ, ਸਬਜ਼ੀ ਮੰਡੀ, ਦੁੱਧ ਦੀ ਸਪਲਾਈ ਸਮੇਤ ਹਰ ਚੀਜ਼ ਬੰਦ ਰੱਖੀ ਜਾਵੇਗੀ। ਉਨ੍ਹਾਂ ਆਖਿਆ ਕਿ ਮੈਡੀਕਲ ਸੇਵਾਵਾਂ, ਵਿਆਹ ਦੀਆਂ ਰਸਮਾਂ, ਇੰਟਰਵਿਊ ਦੇਣ ਵਾਲਿਆਂ ਅਤੇ ਫਲਾਈਟ ਵਾਲਿਆਂ ਲਈ ਰਸਤਾ ਖੁੱਲ੍ਹਾ ਰਹੇਗਾ। ਪੰਧੇਰ ਨੇ ਆਖਿਆ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਸਰਕਾਰ ਤੱਕ ਪਹੁੰਚਾਉਣ ਲਈ ਸੰਘਰਸ਼ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਦੁਕਾਨਾਂ ਬੰਦ ਰੱਖਣ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਬੰਦ ’ਚ ਯੋਗਦਾਨ ਪਾਉਣ ਦਾ ਐਲਾਨ
ਉੱਧਰੋਂ ਸਰਕਾਰੀ ਮੁਲਾਜ਼ਮਾਂ ਨੇ ਵੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ 30 ਦਸੰਬਰ ਨੂੰ ਸਮੁੱਚੇ ਡੀ.ਸੀ. ਦਫਤਰ ਬੰਦ ਰਹਿਣਗੇ। ਯਾਨੀ ਕਿ ਮੁਲਾਜ਼ਮ ਦਫਤਰਾਂ ’ਚ ਨਹੀਂ ਜਾਣਗੇ ਕਿਉਂਕਿ ਕਿਸਾਨ ਸਿੱਧੇ ਤੌਰ ’ਤੇ ਡੀ.ਸੀ. ਦਫਤਰਾਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਬਿਜਲੀ ਬੋਰਡ ਯੂਨੀਅਨਾਂ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਚਾਹਲ ਨੇ ਆਖਿਆ ਕਿ ਪਾਰਵਕਾਮ ਦੀਆਂ ਸਮੁੱਚੀਆਂ ਯੂਨੀਅਨਾਂ ਇਸ ਸੰਘਰਸ਼ ਦੀ ਹਿਮਾਇਤ ਕਰਨਗੀਆਂ।
ਕਾਰਪੋਰੇਟਾਂ ਦੀ ਗੱਲ ਮੰਨ ਕੇ ਆਪਣੇ ਆਦੇਸ਼ ਸੁਪਰੀਮ ਕੋਰਟ ਤੋਂ ਲਾਗੂ ਕਰਵਾ ਰਹੇ ਪ੍ਰਧਾਨ ਮੰਤਰੀ ਮੋਦੀ : ਪੰਧੇਰ
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅਸਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਕਾਰਪੋਰੇਟਾਂ ਦੇ ਕਹੇ ਲੱਗ ਕੇ ਸੁਪਰੀਮ ਕੋਰਟ ਰਾਹੀਂ ਆਪਣੇ ਆਦੇਸ਼ ਲਾਗੂ ਕਰਵਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਅਜਿਹਾ ਆਦੇਸ਼ ਨਾ ਜਾਰੀ ਕਰਨ, ਜਿਸ ਨਾਲ ਕਿਸਾਨਾਂ ਅਤੇ ਅਧਿਕਾਰੀਆਂ ਵਿਚਾਲੇ ਜਾਂ ਪੁਲਸ ਵਿਚਾਲੇ ਕੋਈ ਟਕਰਾਅ ਵਧੇ। ਉਨ੍ਹਾਂ ਆਖਿਆ ਕਿ ਕਿਸਾਨ ਜਗਜੀਤ ਸਿੰਘ ਡਲੇਵਾਲ ਨੂੰ ਚੁੱਕਣ ਨਹੀਂ ਦੇਣਗੇ, ਇਹ ਉਨ੍ਹਾਂ ਦਾ ਆਖਰੀ ਫੈਸਲਾ ਹੈ।
ਇਹ ਵੀ ਪੜ੍ਹੋ- ਪੁਲਸ ਨੂੰ ਮਿਲੀ ਵੱਡੀ ਸਫ਼ਲਤਾ ; ਥਾਣਿਆਂ 'ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਸਣੇ 5 ਕੀਤੇ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            