ਪੰਜਾਬ ਬੰਦ ਦਾ ਦੋਆਬੇ 'ਚ ਅਸਰ, ਤਸਵੀਰਾਂ 'ਚ ਦੇਖੋ ਕਿਵੇਂ ਸੁੰਨੇ ਪਏ ਬਾਜ਼ਾਰ
Saturday, Oct 10, 2020 - 01:57 PM (IST)
ਜਲੰਧਰ (ਸੋਨੂੰ, ਰਾਜੇਸ਼ ਸੂਰੀ, ਦੀਪਕ)— ਪੋਸਟ ਮੈਟ੍ਰਿਕ ਵਜ਼ੀਫ਼ਾ ਘਪਲਾ ਅਤੇ ਹਾਥਰਸ 'ਚ ਹੋਈ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਅੱਜ ਸੰਤ ਸਮਾਜ ਅਤੇ ਵਾਲਮੀਕਿ ਟਾਈਗਰਸ ਫੋਰਸ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਸਬੰਧ 'ਚ ਅੱਜ ਪੰਜਾਬ ਭਰ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਪੰਜਾਬ ਬੰਦ ਦਾ ਅਸਰ ਮਹਾਨਗਰ ਜਲੰਧਰ ਸਮੇਤ ਪੂਰੇ ਦੋਆਬੇ 'ਚ ਵੀ ਵੇਖਣ ਨੂੰ ਮਿਲਿਆ। ਇਕ ਪਾਸੇ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਹੀ ਬਾਜ਼ਾਰਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਦੋਸ਼ੀਆਂ ਨੂੰ ਸਖ਼ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਕੇਂਦਰ ਅਤੇ ਯੂ.ਪੀ. ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਲੰਧਰ ਦੇ ਜੋਤੀ ਚੌਕ ਵਿਖੇ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਮੌਕੇ ਕਈ ਨਕੋਦਰ ਚੌਕ ਵਿਖੇ ਟਾਇਰ ਵੀ ਸਾੜੇ ਗਏ।
ਭੋਗਪੁਰ 'ਚ ਵੀ ਦਿਸਿਆ ਅਸਰ
ਦੱਸਣਯੋਗ ਹੈ ਕਿ ਉੱਤਰ-ਪ੍ਰਦੇਸ਼ ਦੇ ਹਾਥਰਸ 'ਚ ਵਾਪਰੇ ਬਲਾਤਕਾਰ ਅਤੇ ਕਤਲ ਕਾਂਡ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਕਾਰਨ ਵਾਲਮੀਕਿ ਸਮਾਜ ਵੱਲੋਂ ਅੱਜ ਦੇ ਦਿੱਤੇ ਗਏ ਬੰਦੇ ਸੱਦੇ ਦੇ ਚੱਲਦਿਆਂ ਇਲਾਕੇ ਦੀਆਂ ਵਾਲਮੀਕ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਭੋਗਪੁਰ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।
ਦੱਸਣਯੋਗ ਹੈ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਸ ਵੱਲੋਂ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਹਨ। ਭੋਗਪੁਰ 'ਚ ਨਰਿੰਦਰ ਸਿੰਘ ਨਿੰਦੀ ਦੀ ਅਗਵਾਈ ਹੇਠ ਵਾਲਮੀਕਿ ਭਾਈਚਾਰੇ ਦੇ ਨਾਲ ਸਬੰਧਤ ਨੌਜਵਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦਾ ਇਕ ਵੱਡਾ ਕਾਫ਼ਲਾ ਭੋਗਪੁਰ ਵਿਚਲੇ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਉੱਤਰ ਕੇ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਸਰਕਾਰਾਂ ਖ਼ਿਲਾਫ਼ ਭੜਾਸ ਕੱਢੀ ਗਈ।
ਟਾਂਡਾ ਦੀਆਂ ਸੜਕਾਂ 'ਤੇ ਪਸਰਿਆ ਸੰਨਾਟਾ
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ ਬੰਦ ਦੌਰਾਨ ਵਾਲਮੀਕੀ ਭਾਈਚਾਰੇ ਅਤੇ ਹੋਰ ਸੰਗਠਨਾਂ ਵੱਲੋਂ ਟਾਂਡਾ ਦੇ ਬਾਜ਼ਾਰਾਂ ਅਤੇ ਸੜਕਾਂ 'ਤੇ ਕੱਢੇ ਰੋਸ ਮਾਰਚ ਤੋਂ ਬਾਅਦ ਟਾਂਡਾ ਹੋਇਆ ਮੁਕੰਮਲ ਬੰਦ। ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ।
ਫਗਵਾੜਾ ਸ਼ਹਿਰ ਵੀ ਰਿਹਾ ਮੁਕੰਮਲ ਤੌਰ 'ਤੇ ਬੰਦ
ਫਗਵਾੜਾ (ਹਰਜੋਤ)— ਫਗਵਾੜਾ 'ਚ ਪੰਜਾਬ ਬੰਦ ਦਾ ਅਸਰ ਮੁਕੰਮਲ ਤੌਰ 'ਤੇ ਵੇਖਣ ਨੂੰ ਮਿਲਿਆ। ਇਕ ਪਾਸੇ ਜਿੱਥੇ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਹੀ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ।
ਪੰਜਾਬ ਬੰਦ ਦਾ ਅਸਰ, ਕਪੂਰਥਲਾ ਦੀਆਂ ਸੜਕਾਂ ਪਈਆਂ ਸੁੰਨ
ਕਪੂਰਥਲਾ (ਵਿਪਨ)— ਪੰਜਾਬ ਬੰਦ ਦੌਰਾਨ ਕਪੂਰਥਲਾ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸਵੇਰ ਤੋਂ ਹੀ ਦੁਕਾਨਾਂ ਅਤੇ ਸਬਜ਼ੀ ਮੰਡੀ ਵੀ ਬੰਦ ਰਹੀ। ਇਸ ਬੰਦ ਦੌਰਾਨ ਜਿੱਥੇ ਬਾਜ਼ਾਰ ਬੰਦ ਰਹੇ, ਉਥੇ ਹੀ ਮੈਡੀਕਲ ਸਟੋਰ ਵੀ ਬੰਦ ਰਹੇ ਅਤੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਵਾਜਾਈ 'ਚ ਵੀ ਥੋੜ੍ਹੀ ਦੇਰ ਰੁਕਾਵਟ ਆਈ।
ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ, ਸਦਰ ਬਾਜ਼ਾਰ, ਸ਼ਾਲੀਮਾਰ ਬਾਗ ਰੋਡ, ਸ਼ਾਸਤਰੀ ਮਾਰਕਿਟ, ਪੁਰਾਣੀ ਸਬਜ਼ੀ ਮੰਡੀ, ਰੇਲਵੇ ਰੋਡ ਆਦਿ ਸਮੇਤ ਪੂਰਾ ਸ਼ਹਿਰ 'ਚ ਸੜਕਾਂ 'ਤੇ ਸੰਨਾਟਾ ਪਸਰਿਆ ਨਜ਼ਰ ਆਇਆ।
ਪੰਜਾਬ ਬੰਦ ਦੌਰਾਨ ਰੂਪਨਗਰ ਪੂਰਨ ਤੌਰ ਤੇ ਰਿਹਾ ਬੰਦ
ਰੂਪਨਗਰ (ਸੱਜਣ ਸੈਣੀ)— ਯੂਪੀ ਦੇ ਹਾਥਰਸ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤ ਬੰਦ ਦੇ ਤਹਿਤ ਰੂਪਨਗਰ 'ਚ ਵਾਲਮੀਕਿ ਭਾਈਚਾਰੇ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਰੋਸ ਰੈਲੀ ਕੱਢੀ ਗਈ। ਇਸ ਬੰਦ ਦਾ ਰੂਪਨਗਰ 'ਚ ਪੂਰਨ ਤੌਰ 'ਤੇ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਯੋਗੀ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਮਾਜ ਸੇਵੀ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਸ਼ਹਿਰ 'ਚ ਰੈਲੀ ਕੱਢੀ ਗਈ।
ਵਜ਼ੀਫ਼ੇ ਘਪਲੇ ਨੂੰ ਲੈ ਕੇ ਬੰਦ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿੱਤਾ ਹੈ। ਸੰਤ ਸਮਾਜ ਅਤੇ ਸਾਰੀਆਂ ਅਨੁਸੂਚਿਤ ਜਾਤੀ ਜੱਥੇਬੰਦੀਆਂ ਦੇ ਵਰਕਰਾਂ ਵੱਲੋਂ ਇਕ ਵਜੇ ਤੱਕ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਜਾਵੇਗਾ। ਇਥੇ ਹੀ ਬਸ ਨਹੀਂ ਵਜ਼ੀਫ਼ਾ ਘਪਲੇ ਨੂੰ ਲੈ ਕੇ ਸਾਬਕਾ ਆਈ. ਏ. ਐੱਸ. ਅਧਿਕਾਰੀ ਐੱਸ. ਆਰ. ਲੱਦੜ ਵੀ ਇਸ ਮੁੱਦੇ 'ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ। ਸਿਆਸੀ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ 'ਚੋਂ ਬਰਖ਼ਾਸਤ ਕਰਨ ਦੀ ਮੰਗ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਭਗਵਾਨ ਵਾਲਮੀਕਿ ਟਾਈਗਰ ਫੋਰਸ ਫੋਰਸ ਦੇ ਚੇਅਰਮੈਨ ਅਜੇ ਖੋਸਲਾ ਨੇ ਕਿਹਾ ਸੀ ਕਿ ਹਾਥਰਸ ਦੀ ਘਟਨਾ 'ਚ ਅਜੇ ਤੱਕ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕ ਸਕੀ ਹੈ। ਖੋਸਲਾ ਨੇ ਕਿਹਾ ਕਿ ਯੂ. ਪੀ. ਸਰਕਾਰ ਅਜੇ ਤੱਕ ਮੁਲਜ਼ਮਾਂ ਤਕ ਨਹੀਂ ਪਹੁੰਚ ਸਕੀ ਹੈ ਅਤੇ ਪੁਲਸ ਦੀ ਕਾਰਜ ਪ੍ਰਣਾਲੀ ਵੀ ਸ਼ੱਕੀ ਹੈ, ਹਰ ਵਾਰ ਕੋਈ ਨਾ ਕੋਈ ਕਹਾਣੀ ਬਣਾ ਕੇ ਇਸ ਘਟਨਾ 'ਚ ਪੇਸ਼ ਕੀਤੀ ਜਾ ਰਹੀ ਹੈ।