ਲੋਕ ਇਨਸਾਫ ਪਾਰਟੀ ਵਲੋਂ 22 ਤੋਂ 26 ਜੂਨ ਤੱਕ ਕੀਤਾ ਜਾਵੇਗਾ 'ਪੰਜਾਬ ਬਚਾਓ ਕਿਸਾਨ ਬਚਾਓ' ਰੋਸ ਮਾਰਚ

06/19/2020 12:02:02 PM

ਭਵਾਨੀਗੜ੍ਹ(ਕਾਂਸਲ) - ਕੇਂਦਰ ਸਰਕਾਰ ਵੱਲੋਂ 'ਇਕ ਦੇਸ਼ ਇਕ ਮੰਡੀ' ਦੇ ਲਿਆਂਦੇ ਕਿਸਾਨ ਵਿਰੋਧੀ ਅਰਡੀਨੈਂਸ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਲੋਕ ਇਨਸਾਫ਼ ਪਾਰਟੀ ਵੱਲੋਂ 22 ਜੂਨ ਤੋਂ 26 ਜੂਨ ਤੱਕ 'ਪੰਜਾਬ ਬਚਾਓ ਕਿਸਾਨ ਬਚਾਓ ਰੋਸ ਮਾਰਚ' ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਜ਼ਰੀਏ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਇਹ ਰੋਸ ਮਾਰਚ 22 ਜੂਨ ਦਿਨ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 26 ਜੂਨ ਦਿਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਸਮਾਪਤ ਹੋਵੇਗਾ ਅਤੇ ਇਸ ਰੋਸ ਮਾਰਚ ਦੀ ਅਗਵਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਕਰਨਗੇ। ਉਨ੍ਹਾਂ ਦੱÎਸਿਆ ਕਿ ਇਸ ਰੋਸ ਮਾਰਚ ਵਿਚ 50 ਸਾਈਕਲ ਸਵਾਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਕਾਲੇ ਝੰਡੇ ਅਤੇ ਕਾਲੀਆਂ ਪੱਗਾਂ ਬੰਨ੍ਹ ਕੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਤੱਕ ਪਹੁੰਚਣਗੇ ਅਤੇ 50 ਸਾਈਕਲ ਸਵਾਰਾਂ ਵਿਚ ਜ਼ਿਲ੍ਹਾ ਪ੍ਰਧਾਨ, ਵਿੰਗਾਂ ਦੇ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਹੋਣਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਾਰਚ ਵਿਚ ਭਾਗ ਲੈਣ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਇਸੇ ਕਰਕੇ ਹੀ ਸਿਰਫ 50 ਸਾਈਕਲ ਸਵਾਰ ਇਸ ਮਾਰਚ ਦਾ ਹਿੱਸਾ ਹੋਣਗੇ ਅਤੇ ਬਾਕੀ ਜੋ ਪਿੱਛੇ ਕਾਰਾਂ ਦਾ ਕਾਫਲਾ ਹੋਵੇਗਾ ਉਸ ਵਿਚ ਵੀ ਹਰ ਕਾਰ ਵਿਚ ਸਮੇਤ ਡਰਾਈਵਰ ਸਿਰਫ਼ ਤਿੰਨ ਵਿਅਕਤੀ ਹੀ ਹੋਣਗੇ। ਉਨ੍ਹਾਂ ਦੱÎਸਿਆ ਕਿ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਇਹ ਮੰਗ ਕੀਤੀ ਜਾਵੇਗੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਦੇ ਇਸ ਅਰਡੀਨੈਂਸ ਨੂੰ ਨਾਮਨਜ਼ੂਰ ਕਰਕੇ ਰੱਦ ਕਰਨ ਸੰਬੰਧੀ ਮੱਤਾ ਪਾਸ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਕਿਸਾਨ ਅਤੇ ਪੰਜਾਬ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਲਈ ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਅਤੇ ਹੋਰ ਕਿਸਾਨ ਹਤੈਸ਼ੀ ਪਾਰਟੀਆਂ ਵੱਲੋਂ ਸਰਕਾਰ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈਲੀਆਂ ਪ੍ਰਦਰਸ਼ਨ ਕਰਨਾ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੈ। ਸੂਬਾ ਸਰਕਾਰਾਂ ਕੋਲ ਕੇਂਦਰ ਦੇ ਕਿਸੇ ਵੀ ਲੋਕ ਵਿਰੋਧੀ ਫੈਸਲੇ ਨੂੰ ਨਾ ਮਨਜ਼ੂਰ ਕਰਨ ਦੀ ਪੂਰੀ ਤਾਕਤ ਹੁੰਦੀ ਹੈ। ਇਸ ਲਈ ਸੂਬਾ ਸਰਕਾਰ ਨੂੰ ਕੇਂਦਰ ਦੇ ਇਸ ਫੈਸਲੇ ਨੂੰ ਵਿਧਾਨ ਸਭਾ ਵਿਚ ਤੁਰੰਤ ਰੱਦ ਕਰਨਾ ਚਾਹੀਦਾ ਹੈ।


Harinder Kaur

Content Editor

Related News