ਪੰਜਾਬ ਚੋਣਾਂ ’ਚ 50 ਲੱਖ ਨੌਜਵਾਨ ਵੋਟਰ ਬਣਨਗੇ ਗੇਮ ਚੇਂਜਰ, 5 ਸਿਆਸੀ ਪਾਰਟੀਆਂ ਨੂੰ ਝੱਲਣੀ ਪੈ ਸਕਦੀ ਹੈ ‘ਨਮੋਸ਼ੀ’
Sunday, Mar 06, 2022 - 10:06 PM (IST)
ਜਲੰਧਰ (ਅਨਿਲ ਪਾਹਵਾ) : ਪੰਜਾਬ ਵਿਚ 20 ਫਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਦੀ ਪ੍ਰਕਿਰਿਆ ਮੁਕੰਮਲ ਹੋਈ ਸੀ। ਹੁਣ ਚੋਣ ਨਤੀਜਿਆਂ ਦੀ ਉਡੀਕ ਹੈ। ਸਿਆਸੀ ਪਾਰਟੀਆਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। 2017 ਦੇ ਮੁਕਾਬਲੇ ਘੱਟ ਪੋਲਿੰਗ ਹੋਣ ਕਾਰਨ ਕਈ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਹਨ। ਸੰਭਾਵਿਤ ਚੋਣ ਨਤੀਜਿਆਂ ਸੰਬੰਧੀ ਅਸੀਂ ਪੇਂਡੂ ਬਾਜ਼ਾਰ ਮਾਹਰ ਰਾਕੇਸ਼ ਝਾਂਜੀ ਕੋਲੋਂ ਉਨ੍ਹਾਂ ਦੇ ਵਿਚਾਰ ਜਾਣੇ ਜਿਸ ਵਿਚ ਆਉਣ ਵਾਲੀ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੰਜ ਸਾਲ ਬਾਅਦ ਜ਼ਮਾਨਤ ’ਤੇ ਆਏ ਵਿਅਕਤੀ ਦਾ ਸ਼ਰੇ ਬਾਜ਼ਾਰ ਗੋਲ਼ੀਆਂ ਮਾਰ ਕੇ ਕਤਲ
ਆਮ ਆਦਮੀ ਪਾਰਟੀ ਦਾ ਸ਼ੋਰ ਵੀ ਹੈ ’ਤੇ ਜ਼ੋਰ ਵੀ
ਪੰਜਾਬ ਦੀ ਚੋਣ ਸਿਆਸਤ ਵਿਚ ਗੁਣਾਤਮਕ ਤਬਦੀਲੀ ਆਈ ਹੈ। ਇਹ ਦੋ ਪਾਰਟੀ ਮੁਕਾਬਲੇਬਾਜ਼ੀ ਤੋਂ ਇਕ ਬਹੁ-ਪਾਰਟੀ ਮੁਕਾਬਲੇਬਾਜ਼ੀ ਵਿਚ ਬਦਲ ਗਈ ਹੈ। ਇਸ ਕਾਰਨ ਚੋਣ ਸਰਗਰਮੀਆਂ ਦੀ ਭੀੜ ਵੱਧ ਗਈ ਹੈ। ਮੁਕਾਬਲੇਬਾਜ਼ੀ ਬਹੁ-ਧਿਰੀ ਹੋਣ ਕਾਰਨ ਵਧੇਰੇ ਸੀਟਾਂ ’ਤੇ ਜਿੱਤ ਦਾ ਫਰਕ ਵਧਣ ਦੀ ਸੰਭਾਵਨਾ ਵਧੇਰੇ ਨਹੀਂ ਹੈ। ਹਰ ਵਿਧਾਨ ਸਭਾ ਸੀਟ ਇਕ ਵੱਖਰੀ ਕਹਾਣੀ ਦੱਸ ਰਹੀ ਹੈ। ਇਕ ਸ਼ਬਦ ਜੋ ਹਰ ਕਹਾਣੀ ਵਿਚੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਤਬਦੀਲੀ ਦਾ। ਖੇਤੀਬਾੜੀ ਮੁੱਦੇ, ਬੇਅਦਬੀ ਦਾ ਮਾਮਲਾ, ਨਸ਼ੇ ਅਤੇ ਬੇਰੋਜ਼ਗਾਰੀ ਨਾਲ ਜੁੜੀਆਂ ਸਮੱਸਿਆਵਾਂ ਇਸ ਇਕ ਸ਼ਬਦ ‘ਤਬਦੀਲੀ’ ਸਾਹਮਣੇ ਧੁੰਦਲੀਆਂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਤਬਦੀਲੀ ਦੇ ਸੰਦੇਸ਼ ਨੂੰ ਵੋਟਰਾਂ ਦੀ ਕਲਪਨਾ ਨੇ ਫੜ ਲਿਆ ਹੈ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਚੁੱਕੇ ਵੋਟਰ 60 ਸਾਲ ਬਾਅਦ ਇਕ ਨਵੇਂ ਬਦਲ ਨੂੰ ਮੌਕਾ ਦਿੰਦੇ ਨਜ਼ਰ ਆ ਰਹੇ ਹਨ। ਜਾਤੀ, ਧਰਮ ਦੀ ਸਿਆਸਤ ਪੱਛੜਦੀ ਨਜ਼ਰ ਆ ਰਹੀ ਹੈ। ਮਾਲਵਾ ਖੇਤਰ ਜੋ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦਾ ਗੜ ਰਿਹਾ ਹੈ, ਉਥੇ ਚੋਣਾਂ ਦੇ ਆਖਰੀ ਦਿਨਾਂ ਵਿਚ ਤਬਦੀਲੀ ਦੇ ਸੰਦੇਸ਼ ਦੀ ਇਕ ਲਹਿਰ ਬਣਦੀ ਨਜ਼ਰ ਆਈ ਹੈ ।
ਇਹ ਵੀ ਪੜ੍ਹੋ : ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ’ਚ ਅਦਾਲਤ ਦਾ ਵੱਡਾ ਫ਼ੈਸਲਾ, 5 ਦੋਸ਼ੀਆਂ ਨੂੰ ਉਮਰ ਕੈਦ ਦਾ ਐਲਾਨ
ਮਾਲਵਾ ਵਿਚ 2017 ਵਿਚ ਆਮ ਆਦਮੀ ਪਾਰਟੀ ਨੂੰ 27 ਫੀਸਦੀ ਵੋਟਾਂ ਮਿਲੀਆਂ ਸਨ। ਉਹ 69 ਵਿਚੋਂ 18 ਸੀਟਾਂ ’ਤੇ ਜੇਤੂ ਰਹੀ ਸੀ। 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਫੀਸਦੀ ਲਗਭਗ 15 ਫੀਸਦੀ ਤੱਕ ਵਧਣ ਦੇ ਸੰਕੇਤ ਮਿਲ ਰਹੇ ਹਨ। ਇਸ ਕਾਰਨ ਉਸ ਨੂੰ ਮਾਲਵਾ ਖੇਤਰ ਵਿਚ 40-45 ਵਿਧਾਨ ਸਭਾ ਖੇਤਰਾਂ ਵਿਚ ਜਿੱਤ ਮਿਲਣ ਦੀ ਸੰਭਾਵਨਾ ਹੈ। ਤਬਦੀਲੀ ਦੇ ਸ਼ਬਦ ਦਾ ਕੁਝ ਅਸਰ ਮਾਝਾ ਅਤੇ ਦੋਆਬਾ ਖੇਤਰ ਵਿਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਇਥੇ ਉਸ ਨੂੰ 2017 ਦੇ ਮੁਕਾਬਲੇ ਵਧੇਰੇ ਸਫਲਤਾ ਮਿਲਣ ਦੇ ਆਸਾਰ ਹਨ। ਮਾਝਾ ਅਤੇ ਦੋਆਬਾ ਖੇਤਰਾਂ ਵਿਚ ਆਮ ਆਦਮੀ ਪਾਰਟੀ ਦੀ ਵੋਟ ਫੀਸਦੀ 10-12 ਤੱਕ ਵੱਧ ਸਕਦੀ ਹੈ। ਉਸ ਨੂੰ ਇਨ੍ਹਾਂ ਦੋਹਾਂ ਖੇਤਰਾਂ ਵਿਚ 48 ਵਿਚੋਂ 13 ਤੋਂ 18 ਖੇਤਰਾਂ ਵਿਚ ਜਿੱਤ ਮਿਲ ਸਕਦੀ ਹੈ। 2017 ਦੀਆਂ ਚੋਣਾਂ ਵਿਚ ਇਨ੍ਹਾਂ ਦੋਹਾਂ ਖੇਤਰਾਂ ਵਿਚ ਉਸ ਨੂੰ ਸਿਰਫ 2 ਸੀਟਾਂ ਮਿਲੀਆਂ ਸਨ। ਪੰਜਾਬ ਦੇ 50 ਲੱਖ ਨੌਜਵਾਨ ਵੋਟਰ ਅਤੇ ਗਰੀਬ ਵਰਗ ਨਾਲ ਸੰਬੰਧਤ ਵੋਟਰ ਆਮ ਆਦਮੀ ਪਾਰਟੀ ਦੇ ਪਿੱਛੇ ਮਜ਼ਬੂਤੀ ਨਾਲ ਖੜੇ ਨਜ਼ਰ ਆ ਰਹੇ ਹਨ। ਇਹ ਦੋਵੇਂ ਵਰਗ ਉਸ ਲਈ ਗੇਮ ਚੇਂਜਰ ਬਣੇ ਹਨ।
ਇਹ ਵੀ ਪੜ੍ਹੋ : ਚੱਲਦੇ ਵਿਆਹ ’ਚ ਹੋਈ ਖੂਨੀ ਲੜਾਈ, ਵੀਡੀਓ ’ਚ ਦੇਖੋ ਕਿਵੇਂ ਹੋਈ ਗੁੰਡਾਗਰਦੀ
ਕਾਂਗਰਸ ਨੂੰ ਬਹੁਤ ਵੱਡਾ ਝਟਕਾ
ਕਾਂਗਰਸ ਨੂੰ 2017 ਵਿਚ 38.5 ਫੀਸਦੀ ਵੋਟਾਂ ਨਾਲ 77 ਵਿਧਾਨ ਸਭਾ ਖੇਤਰਾਂ ਵਿਚ ਸਫਲਤਾ ਮਿਲੀ ਸੀ। ਆਪਸੀ ਕਲੇਸ਼ ਅਤੇ ਅਨੁਸ਼ਾਸਨਹੀਣਤਾ ਨੇ ਪਾਰਟੀ ਦੀ ਜਿੱਤ ਦੀ ਸੰਭਾਵਨਾ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਦੂਜਿਆਂ ਦੇ ਨਾਲ-ਨਾਲ ਆਪਣਿਆਂ ’ਤੇ ਵੀ ਵਰ੍ਹਦੇ ਰਹੇ ਹਨ। ਕਾਂਗਰਸ ਦੇ ਵਧੇਰੇ ਸੰਸਦ ਮੈਂਬਰ ਘਰਾਂ ਵਿਚ ਹੀ ਬੈਠੇ ਰਹੇ। ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਵੀ ਚਰਚਾ ਦਾ ਵਿਸ਼ਾ ਬਣੀ। ਸੁਨੀਲ ਜਾਖੜ ਵਰਗੇ ਸੂਝਵਾਨ ਨੇਤਾ ਨੇ ਚੋਣਾਂ ਦੇ ਅੱਧ ਵਿਚ ਇਕ ਹਿੰਦੂ ਨੂੰ ਮੁੱਖ ਮੰਤਰੀ ਨਾ ਬਣਾਏ ਜਾਣ ਦੀ ਗੱਲ ਕਹਿ ਕੇ ਕਾਂਗਰਸ ਦਾ ਕੋਈ ਭਲਾ ਨਹੀਂ ਕੀਤਾ। ਮਨੀਸ਼ ਤਿਵਾੜੀ ਵਰਗੇ ਬੁੱਧੀਜੀਵੀ ਨੇਤਾ ਨੇ ਮੁੱਖ ਮੰਤਰੀ ਵਲੋਂ ਪ੍ਰਵਾਸੀਆਂ ਸੰਬੰਧੀ ਚੋਣ ਮੁਹਿੰਮ ਦੇ ਅੱਧ ਵਿਚ ਬਿਆਨ ਦੇ ਕੇ ਸਿਆਣਪ ਦਾ ਕੋਈ ਸਬੂਤ ਨਹੀਂ ਦਿੱਤਾ। ਕੁੱਲ ਮਿਲਾ ਕੇ ਕਾਂਗਰਸ ਦੀ ਚੋਣ ਮੁਹਿੰਮ ਮੁੱਖ ਮੰਤਰੀ ਚੰਨੀ ਨੇ ‘ਵਨ ਮੈਨ ਆਰਮੀ’ ਵਾਂਗ ਚਲਾਈ। ਕਾਂਗਰਸ ਦੀ ਪੂਰੀ ਖੇਡ ਦਲਿਤ ਵੋਟਾਂ ’ਤੇ ਟਿਕੀ ਨਜ਼ਰ ਆਈ। 34 ਰਿਜ਼ਰਵ ਸੀਟਾਂ ਤੋਂ ਇਲਾਵਾ 64 ਜਨਰਲ ਸੀਟਾਂ ’ਤੇ ਵੀ ਦਲਿਤ ਵੋਟਾਂ ਦਾ ਆਧਾਰ 20 ਤੋਂ 43 ਫੀਸਦੀ ਦਰਮਿਆਨ ਹੈ। ਦਲਿਤ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕਰਕੇ ਕਾਂਗਰਸ ਦਲਿਤ ਵੋਟਾਂ ਵਿਚੋਂ 60 ਤੋਂ 65 ਫੀਸਦੀ ਹਾਸਲ ਕਰਨ ਦੀ ਉਮੀਦ ਕਰ ਰਹੀ ਸੀ। ਦੋਆਬਾ ਖੇਤਰ ਨੂੰ ਛੱਡ ਕੇ ਮਾਲਵਾ ਅਤੇ ਮਾਝਾ ਖੇਤਰ ਵਿਚ ਚੰਨੀ ਫੈਕਟਰ ਆਪਣਾ ਕੋਈ ਵਧੇਰੇ ਪ੍ਰਭਾਵ ਨਹੀਂ ਛੱਡ ਸਕਿਆ। 2017 ਦੇ ਮੁਕਾਬਲੇ ਕਾਂਗਰਸ ਦਾ ਵੋਟ ਫੀਸਦੀ ਲਗਭਗ 8 ਤੋਂ 10 ਫੀਸਦੀ ਤੱਕ ਡਿੱਗਣ ਦੀ ਸੰਭਾਵਨਾ ਹੈ। ਸਭ ਤੋਂ ਵੱਡਾ ਨੁਕਸਾਨ ਉਸ ਨੂੰ ਮਾਲਵਾ ਖੇਤਰ ਵਿਚ ਹੋਣ ਦੇ ਆਸਾਰ ਹਨ। 2017 ਦੀਆਂ 40 ਸੀਟਾਂ ਦੇ ਮੁਕਾਬਲੇ ਉਸ ਨੂੰ ਸਿਰਫ 10 ਜਾਂ 12 ਖੇਤਰਾਂ ਵਿਚ ਜਿੱਤ ਹਾਸਲ ਕਰ ਕੇ ਸੰਤੁਸ਼ਟ ਹੋਣਾ ਪਵੇਗਾ। ਦੋਆਬਾ ਅਤੇ ਮਾਝਾ ਵਿਚ ਉਸ ਨੂੰ 2017 ਦੀਆਂ ਚੋਣਾਂ ਵਿਚ 37 ਸੀਟਾਂ ਮਿਲੀਆਂ ਸਨ। ਇਸ ਵਾਰ ਇਹ ਅੰਕੜਾ 16 ਤੋਂ 22 ਦਰਮਿਆਨ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜ਼ੀਰਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਰੈਸਟੋਰੈਂਟ ’ਚ ਦਾਖਲ ਹੋ ਕੇ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨਿਆ
ਭਾਜਪਾ ਗਠਜੋੜ ਦੀ ਹਾਲਤ ਨਿਰਾਸ਼ਾਜਨਕ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਨਾਲ ਚੋਣ ਗਠਜੋੜ ਕੀਤਾ ਹੈ। 117 ਵਿਚੋਂ 93 ਵਿਧਾਨ ਸਭਾ ਖੇਤਰ ਅਜਿਹੇ ਹਨ ਜਿਥੇ ਪੇਂਡੂ ਵੋਟਰਾਂ ਦਾ ਪ੍ਰਭਾਵ ਹੈ। ਪੇਂਡੂ ਖੇਤਰਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ। ਪੰਜਾਬ ਦੇ ਪਿੰਡਾਂ ਵਿਚ ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਨਾਰਾਜ਼ਗੀ ਅਤੇ ਕੁੜੱਤਣ ਨੇ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੀਆਂ ਸੰਭਾਵਨਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਦਲਿਤਾਂ ਅਤੇ ਜੱਟ ਸਿੱਖ ਵੋਟਰਾਂ ਵਲੋਂ ਇਸ ਗਠਜੋੜ ਨੂੰ ਮਾਮੂਲੀ ਹਮਾਇਤ ਮਿਲਣ ਦੇ ਆਸਾਰ ਹਨ। ਇਸ ਗਠਜੋੜ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਫਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਹੋਣ ਵਾਲੀ ਸੀ। ਪ੍ਰਧਾਨ ਮੰਤਰੀ ਨੇ ਉਦੋਂ ਪੰਜਾਬ ਲਈ ਬਹੁਤ ਐਲਾਨ ਕਰਨੇ ਸਨ। ਇਸ ਗਠਜੋੜ ਦੀ ਚੋਣ ਮੁਹਿੰਮ ਨੂੰ ਰਫਤਾਰ ਮਿਲਣੀ ਸੀ ਪਰ ਵੱਖ-ਵੱਖ ਕਾਰਨਾਂ ਕਾਰਨ ਉਕਤ ਰੈਲੀ ਨਹੀਂ ਹੋ ਸਕੀ। ਪ੍ਰਧਾਨ ਮੰਤਰੀ ਜੇ ਚਾਹੁੰਦੇ ਤਾਂ ਉਕਤ ਐਲਾਨ ਦਿੱਲੀ ਜਾ ਕੇ ਵੀ ਕਰ ਸਕਦੇ ਸਨ, ਜਿਸ ਨਾਲ ਇਸ ਗਠਜੋੜ ਦੀ ਚੋਣ ਮੁਹਿੰਮ ਨੂੰ ਇਕ ਚੰਗੀ ਸ਼ੁਰੂਆਤ ਮਿਲ ਜਾਣੀ ਸੀ। ਚੋਣ ਮੁਹਿੰਮ ਦੇ ਆਖਰੀ ਪੜਾਅ ਤੱਕ ਆਉਂਦੇ-ਆਉਂਦੇ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਚੋਟੀ ਦੇ ਆਗੂਆਂ ਦਾ ਕੱਦ ਬਹੁਤ ਛੋਟਾ ਲੱਗਣ ਲੱਗਾ। ਹਿੰਦੂ ਵੋਟ ਬੈਂਕ ਵਿਚ ਵੀ ਪੂਰੀ ਤਰ੍ਹਾਂ ਖਿੰਡਰਾਅ ਆ ਗਿਆ। ਅਜਿਹੇ ਹਾਲਾਤ ਵਿਚ ਇਸ ਗਠਜੋੜ ਦਾ ਵੋਟ ਫੀਸਦੀ 10 ਫੀਸਦੀ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਇਸ ਗਠਜੋੜ ਨੂੰ 4 ਤੋਂ 10 ਸੀਟਾਂ ਮਿਲਣ ਦੀ ਹੀ ਸੰਭਾਵਨਾ ਹੈ। ਇਸ ਨੂੰ ਅਸੀਂ ਇਕ ਅਪਮਾਨਜਨਕ ਹਾਰ ਕਹਿ ਸਕਦੇ ਹਾਂ।
ਇਹ ਵੀ ਪੜ੍ਹੋ : ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ
ਅਕਾਲੀ ਦਲ-ਬਸਪਾ ਗਠਜੋੜ ਦੀ ਹਾਲਤ ਤਸੱਲੀਬਖਸ਼ ਨਹੀਂ
ਅਕਾਲੀ ਦਲ ਨੂੰ 2017 ਵਿਚ ਲਗਭਗ 20 ਸੀਟਾਂ ਮਿਲੀਆਂ ਸਨ। ਬਹੁਜਨ ਸਮਾਜ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਸੀ। ਇੰਨੀ ਵੱਡੀ ਹਾਰ ਤੋਂ ਬਾਅਦ ਵੀ ਮਾਇਆਵਤੀ ਵਲੋਂ ਆਪਣੀ ਪਾਰਟੀ ਨੂੰ ਪੰਜਾਬ ਵਿਚ ਮੁੜ ਜ਼ਿੰਦਾ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ। ਕਾਂਗਰਸ ਵਲੋਂ ਇਕ ਦਲਿਤ ਮੁੱਖ ਮੰਤਰੀ ਦਾ ਚਿਹਰਾ ਅੱਗੇ ਕਰਨ ਨਾਲ ਮਾਇਆਵਤੀ ਦੀ ਪਾਰਟੀ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਆਪਣੀਆਂ ਵੋਟਾਂ ਇਕ-ਦੂਜੇ ਨੂੰ ਟਰਾਂਸਫਰ ਕਰਨ ਵਿਚ ਅਸਫਲ ਰਹੀਆਂ। ਅਜਿਹੇ ਹਾਲਾਤ ਵਿਚ ਬਹੁਜਨ ਸਮਾਜ ਪਾਰਟੀ ਨੂੰ ਇਕ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਕਾਲੀ ਦਲ ਨੂੰ ਜੋ ਨੁਕਸਾਨ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਕਾਰਨ ਹੋਇਆ ਹੈ, ਉਸ ਦੀ ਪੂਰਤੀ ਕਰਨ ਵਿਚ ਮਾਇਆਵਤੀ ਦੀ ਪਾਰਟੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਅਕਾਲੀ ਦਲ ਦਾ ਇਕ ਜੱਟ ਸਿੱਖ ਵੋਟ ਬੈਂਕ ਵੀ ਪੂਰੀ ਤਰ੍ਹਾਂ ਖਿਲਰਿਆ ਨਜ਼ਰ ਆ ਰਿਹਾ ਹੈ। ਕਿਸਾਨ ਸਮਾਜ ਮੋਰਚਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਇਸ ਜੱਟ ਸਿੱਖ ਵੋਟ ਬੈਂਕ ਦੇ ਭਾਈਵਾਲ ਬਣ ਗਏ ਹਨ। ਸ਼ਹਿਰੀ ਅਤੇ ਅਰਥ-ਸ਼ਹਿਰੀ ਸੀਟਾਂ ’ਤੇ ਅਕਾਲੀ ਦਲ ਦੇ ਗਠਜੋੜ ਨੂੰ ਕੋਈ ਹਮਾਇਤ ਮਿਲਦੀ ਨਜ਼ਰ ਨਹੀਂ ਆਉਂਦੀ। ਅਜਿਹੇ ਹਾਲਾਤ ਵਿਚ 2017 ਦੇ ਮੁਕਾਬਲੇ ਅਕਾਲੀ ਦਲ ਦਾ ਵੋਟ ਫੀਸਦੀ 5 ਤੋਂ 7 ਫੀਸਦੀ ਤੱਕ ਡਿੱਗਣ ਦੇ ਆਸਾਰ ਹਨ। ਇਸ ਕਾਰਨ ਇਸ ਗਠਜੋੜ ਨੂੰ 18 ਤੋਂ 22 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮਜੀਠਾ ’ਚ ਵੱਡੀ ਵਾਰਦਾਤ, ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲ਼ਾ
ਕਿਸਾਨ ਮੋਰਚਾ ਦੀ ਸਥਿਤੀ ਕਮਜ਼ੋਰ
ਕਿਸਾਨ ਸਮਾਜ ਮੋਰਚਾ ਨੂੰ ਸਿਰਫ ਕਿਸਾਨਾਂ ਦੇ ਨਾਲ ਮਿਲ ਕੇ ਇਕ ਪਾਰਟੀ ਬਣਾ ਕੇ ਚੋਣਾਂ ਵਿਚ ਕੋਈ ਖਾਸ ਸਫਲਤਾ ਮਿਲਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਵਿਚ ਕੋਈ ਅਜਿਹਾ ਚੋਣ ਖੇਤਰ ਨਹੀਂ ਹੈ, ਜਿਥੇ ਹਰ ਵਰਗ ਦੇ ਲੋਕ ਤੁਹਾਨੂੰ ਨਾ ਮਿਲਣ ਅਤੇ ਨਾ ਹੀ ਅਜਿਹੀ ਕੋਈ ਸਿਆਸੀ ਪਾਰਟੀ ਹੈ, ਜਿਸ ਵਿਚ ਹਰ ਤਰ੍ਹਾਂ ਦੇ ਲੋਕਾਂ ਦੀ ਨੁਮਾਇੰਦਗੀ ਨਾ ਹੋਵੇ। ਜੋ ਕਿਸਾਨ ਯੂਨੀਅਨ ਇਸ ਸਿਆਸੀ ਲੜਾਈ ਦੇ ਬਾਹਰ ਬੈਠੀ ਹੈ, ਉਸ ਨੇ ਵੀ ਕਿਸਾਨ ਸਮਾਜ ਮੋਰਚਾ ਦੀ ਹਮਾਇਤ ਕਰਨ ਦੀ ਬਜਾਏ ਆਪਣੇ ਮੈਂਬਰਾਂ ਨੂੰ ਆਪਣੇ ਵਿਵੇਕ ਮੁਤਾਬਕ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਦੇਣ ਦੀ ਗੱਲ ਕਹੀ ਹੈ। ਅਜਿਹੇ ਹਾਲਾਤ ਵਿਚ ਕਿਸਾਨ ਸਮਾਜ ਮੋਰਚਾ ਦੇ ਹੱਕ ਵਿਚ ਸਨਮਾਨਜਨਕ ਨਤੀਜਾ ਆਉਣ ਦੀ ਸੰਭਾਵਨਾ ਅਸੰਭਵ ਲੱਗਦੀ ਹੈ। ਇਨ੍ਹਾਂ ਸਭ ਹਾਲਾਤ ਵਿਚ ਇਸ ਮੋਰਚੇ ਨੂੰ ਵੱਧ ਤੋਂ ਵੱਧ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੁੱਤ ਤੋਂ ਫੋਨ ਕਰਵਾ ਕੇ ਪਹਿਲਾਂ ਸਹੁਰੇ ਘਰ ਬੁਲਾਇਆ ਪਤੀ, ਫਿਰ ਕਤਲ ਕਰਕੇ ਸ਼ਮਸ਼ਾਨਘਾਟ ’ਚ ਦੱਬ ਦਿੱਤੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?