ਪੰਜਾਬ ਦੇ ਪਸ਼ੂ ਪਾਲਕਾਂ ਨੂੰ ਮਿਲੀ ਵੱਡੀ ਰਾਹਤ
Wednesday, Jun 03, 2020 - 08:21 AM (IST)
ਜਲੰਧਰ : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪਸ਼ੂਆਂ ਦੇ ਬਣਾਉਟੀ ਗਰਭਦਾਨ ਬੇਹੱਦ ਸਸਤਾ ਕਰਨ ਅਤੇ ਗਲਘੋਟੂ, ਪੱਟ ਸੋਜਾ ਵਰਗੀਆਂ ਬੇਹੱਦ ਮਾਰੂ ਬੀਮਾਰੀਆਂ ਦਾ ਟੀਕਾਕਰਨ ਮੁਫਤ ਕਰਨ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਕਦਮਾਂ ਨਾਲ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਇਹ ਜਾਣਕਾਰੀ ਸਾਂਝੇ ਤੌਰ ’ਤੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਰਾਜੀਵ ਮਲਹੋਤਰਾ, ਬਰਿੰਦਰਪਾਲ ਸਿੰਘ ਕੈਰੋਂ, ਜਗਸੀਰ ਸਿੰਘ ਖਿਆਲਾ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦਿੱਤੀ।
ਇਹ ਵੀ ਪੜ੍ਹੋ : 5 ਜੂਨ ਤੱਕ ਤੇਜ਼ ਹਵਾਵਾਂ ਤੇ ਬਾਰਸ਼ ਦੀ ਸੰਭਾਵਨਾ
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਮ ਤੌਰ ’ਤੇ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੁੰਦਾ ਰਿਹਾ ਹੈ ਪਰ ਬਾਜਵਾ ਵੱਲੋਂ ਨਿਵੇਕਲਾ ਕਦਮ ਚੁੱਕਦਿਆਂ ਪਸ਼ੂ ਪਾਲਕਾਂ ਦੀ ਬਿਹਤਰੀ ਲਈ ਸਰਕਾਰੀ ਸੇਵਾਵਾਂ ਮੁਫਤ ਦੇ ਭਾਅ ਦੇਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਬਾਜਵਾ ਦੇ ਇਸ ਉੱਦਮ ਕਾਰਣ ਪਸ਼ੂ ਪਾਲਕਾਂ ਦਾ ਪਸ਼ੂ ਪਾਲਣ ਮਹਿਕਮੇ 'ਚ ਭਰੋਸਾ ਦੁੱਗਣਾ ਹੋ ਗਿਆ ਹੈ। ਇਸ ਦੇ ਨਾਲ ਪਸ਼ੂ ਪਾਲਣ ਮਹਿਕਮੇ ਦੀਆਂ ਸੇਵਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਾਲਾ ਵੈਟਰਨਰੀ ਇੰਸਪੈਕਟਰ ਕੇਡਰ ਵੀ ਪੂਰੇ ਹੌਂਸਲੇ 'ਚ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਮਹਿਕਮੇ 'ਚ ਵੈਟਰਨਰੀ ਇੰਸਪੈਕਟਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਨੂੰ ਨਿੱਜੀ ਯਤਨਾਂ ਨਾਲ ਨੇਪਰੇ ਚੜ੍ਹਾਉਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਮਹੇਸ਼ ਸ਼ਰਮਾ, ਗੁਰਪ੍ਰੀਤ ਸੰਗਰੂਰ, ਬਲਰਾਜ ਸ਼ਰਮਾ, ਅਮਰੀਕ ਸਿੰਘ ਕਾਹਲੋਂ, ਰੁਪਿੰਦਰਪਾਲ ਸਿੰਘ ਲਹੁਕਾ, ਸੁਖਰਾਜ ਸਿੰਘ ਰੰਧਾਵਾ, ਅਮਨਦੀਪ ਸ਼ਰਮਾ, ਤਰੁਣ ਚੁੱਘ, ਸੰਦੀਪ ਚੌਧਰੀ, ਅਜਾਇਬ ਸਿੰਘ, ਹਰਜੋਤ ਸਿੰਘ, ਸੁਰਜੀਤ ਲੋਧੀਵਾਲ, ਜਸਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਚੰਦਰ ਦੇਵ ਹਾਜ਼ਰ ਸਨ।
ਇਹ ਵੀ ਪੜ੍ਹੋ : ਐੱਸ. ਏ. ਐੱਸ. ਨਗਰ ਤੋਂ ਲੋੜੀਂਦਾ ਗੈਂਗਸਟਰ ਤੇਜਾ ਗ੍ਰਿਫਤਾਰ