ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਆਹਮੋ-ਸਾਹਮਣੇ, ਸਰਸਾ ਤੇ ਸਵਾਂ ਦਰਿਆਵਾਂ ’ਤੇ ਫਸੀ ਘੁੰਢੀ
Monday, Mar 04, 2024 - 06:04 AM (IST)
ਚੰਡੀਗੜ੍ਹ (ਅਸ਼ਵਨੀ)– ਪਾਣੀ ਦੇ ਪ੍ਰਦੂਸ਼ਣ ਦੇ ਮੁੱਦੇ ’ਤੇ ਪੰਜਾਬ ਤੇ ਹਿਮਾਚਲ ਸਰਕਾਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਮਾਮਲਾ 2 ਦਰਿਆਵਾਂ ਦੇ ਪ੍ਰਦੂਸ਼ਣ ਨਾਲ ਜੁੜਿਆ ਹੈ। ਸਰਸਾ ਤੇ ਸਵਾਂ ਦਰਿਆਵਾਂ ’ਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਦੋਵਾਂ ਸੂਬਿਆਂ ਵਲੋਂ ਇਕ-ਦੂਜੇ ’ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ।
ਪੰਜਾਬ ਦੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਦੋਵੇਂ ਦਰਿਆ ਹਿਮਾਚਲ ’ਚੋਂ ਨਿਕਲਦੇ ਹਨ। ਸਰਸਾ ਦਰਿਆ ਬੱਦੀ ਸਨਅਤੀ ਖ਼ੇਤਰ ’ਚੋਂ ਹੁੰਦਿਆਂ ਆਉਂਦਾ ਹੈ, ਜਦਕਿ ਸਵਾਂ ਦਰਿਆ ਹਿਮਾਚਲ ਦੇ ਪਿੰਡ ਸੰਤੋਸ਼ਗੜ੍ਹ ਤੋਂ ਹੁੰਦਿਆਂ ਪੰਜਾਬ ’ਚ ਦਾਖ਼ਲ ਹੁੰਦਾ ਹੈ। ਇਸ ਲਈ ਦੋਵਾਂ ਦਰਿਆਵਾਂ ’ਚ ਵੱਧ ਰਹੇ ਪ੍ਰਦੂਸ਼ਣ ਲਈ ਹਿਮਾਚਲ ਜ਼ਿੰਮੇਵਾਰ ਹੈ। ਦੂਜੇ ਪਾਸੇ ਹਿਮਾਚਲ ਦੇ ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦਰਿਆਵਾਂ ’ਚ ਪ੍ਰਦੂਸ਼ਣ ਪੰਜਾਬ ’ਚ ਹੀ ਵਧਦਾ ਹੈ।
ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਇਹ ਮਾਮਲਾ ਕੇਂਦਰੀ ਜਲ ਸ਼ਕਤੀ ਮੰਤਰਾਲੇ ਤਕ ਵੀ ਪਹੁੰਚ ਗਿਆ ਹੈ, ਜੋ ਜਲ ਸ਼ਕਤੀ ਮੰਤਰਾਲੇ ਦੇ ਪੱਧਰ ’ਤੇ ਹੋਈ ਕੇਂਦਰੀ ਨਿਗਰਾਨ ਕਮੇਟੀ ਦੀ ਮੀਟਿੰਗ ’ਚ ਚਰਚਾ ’ਚ ਆਇਆ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਮੰਤਰਾਲੇ ਦੇ ਸਕੱਤਰ ਨੇ ਪੰਜਾਬ ਵਲੋਂ ਲਾਏ ਦੋਸ਼ਾਂ ਸਬੰਧੀ ਹਿਮਾਚਲ ਸਰਕਾਰ ਨੂੰ ਜਾਣੂ ਕਰਵਾਇਆ। ਇਸ ਨੂੰ ਲੈ ਕੇ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੇ ਕਿਹਾ ਕਿ ਮਾਮਲਾ ਵਿਚਾਰ ਅਧੀਨ ਹੈ। ਇਸ ਬਾਰੇ ਪਿਛਲੇ ਦਿਨੀਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਵੀ ਹੋਈ ਸੀ, ਜਿਸ ’ਚ ਫ਼ੈਸਲਾ ਕੀਤਾ ਗਿਆ ਕਿ ਦਰਿਆਵਾਂ ਦੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਲੈਬ ’ਚ ਭੇਜੇ ਜਾਣ ਤਾਂ ਜੋ ਪ੍ਰਦੂਸ਼ਣ ਵਾਲੇ ਖ਼ੇਤਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਤੋਂ ਬਾਅਦ ਨਮੂਨਿਆਂ ਦੇ ਆਧਾਰ ’ਤੇ ਜ਼ਿੰਮੇਵਾਰ ਸੂਬਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕੇਗਾ।
ਇਹ ਖ਼ਬਰ ਵੀ ਪੜ੍ਹੋ : ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ
ਦੋਵਾਂ ਸੂਬਿਆਂ ਦੀ ਗੱਲ ਸੁਣਨ ਤੋਂ ਬਾਅਦ ਮੰਤਰਾਲੇ ਦੇ ਸਕੱਤਰ ਨੇ ਨਿਰਦੇਸ਼ ਦਿੱਤੇ ਹਨ ਕਿ ਕੇਂਦਰੀ ਨਿਗਰਾਨ ਕਮੇਟੀ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਤੇ ਹਿਮਾਚਲ ਸਰਕਾਰਾਂ ਸਾਂਝੇ ਤੌਰ ’ਤੇ ਕੰਮ ਕਰਨ ਤੇ ਅਗਲੀ ਮੀਟਿੰਗ ਤਕ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇ।
ਪ੍ਰਦੂਸ਼ਿਤ ਦਰਿਆਵਾਂ ਦੀ ਸੂਚੀ ਜਾਰੀ ਹੋਣ ’ਤੇ ਵਧਿਆ ਵਿਵਾਦ
ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਰਮਿਆਨ ਇਹ ਅੰਤਰਰਾਜੀ ਵਿਵਾਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦੇਸ਼ ਭਰ ਦੇ ਪ੍ਰਦੂਸ਼ਿਤ ਦਰਿਆਵਾਂ ਸਬੰਧੀ ਜਾਰੀ ਕੀਤੀ ਗਈ ਸੂਚੀ ਕਾਰਨ ਪੈਦਾ ਹੋਇਆ ਹੈ। ਦਰਅਸਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੈਸ਼ਨਲ ਵਾਟਰ ਕੁਆਲਿਟੀ ਮਾਨੀਟਰਿੰਗ ਪ੍ਰੋਗਰਾਮ ਤਹਿਤ ਪਿਛਲੇ ਕਈ ਸਾਲਾਂ ਤੋਂ ਜਲ ਸਰੋਤਾਂ ’ਚ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਆਧਾਰ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪ੍ਰਦੂਸ਼ਿਤ ਦਰਿਆਵਾਂ ਜਾਂ ਜਲ ਸਰੋਤਾਂ ਦੀ ਸੂਚੀ ਜਾਰੀ ਕਰਦਾ ਹੈ ਤਾਂ ਜੋ ਦਰਿਆਵਾਂ ਦੀ ਸਫ਼ਾਈ ਸਬੰਧੀ ਠੋਸ ਨੀਤੀ ਲਾਗੂ ਕੀਤੀ ਜਾ ਸਕੇ। ਪ੍ਰਦੂਸ਼ਣ ਦੇ ਹਿਸਾਬ ਨਾਲ ਇਨ੍ਹਾਂ ਦਰਿਆਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ, ਜਿਸ ’ਚ 1 ਨੰਬਰ ਸ਼੍ਰੇਣੀ ’ਤੇ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ’ਚ ਪੰਜਾਬ ਦੇ 5 ਦਰਿਆਵਾਂ ਨੂੰ ਪ੍ਰਦੂਸ਼ਿਤ ਦਰਿਆਵਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ ਘੱਗਰ ਤੇ ਸਤਲੁਜ ਸ਼੍ਰੇਣੀ 1 ’ਚ ਹਨ, ਜਦਕਿ ਕਾਲੀ ਵੇਈਂ ਨੂੰ ਸ਼੍ਰੇਣੀ 5 ’ਚ ਰੱਖਿਆ ਗਿਆ ਹੈ। ਇਸੇ ਲੜੀ ’ਚ ਸਰਸਾ ਦਰਿਆ ਨੂੰ ਸ਼੍ਰੇਣੀ 1 ’ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸਵਾਂ ਦਰਿਆ ਨੂੰ ਸ਼੍ਰੇਣੀ 4 ’ਚ ਰੱਖਿਆ ਗਿਆ ਹੈ। ਪੰਜਾਬ ਸਰਕਾਰ ਸਰਸਾ ਤੇ ਸਵਾਂ ਦਰਿਆਵਾਂ ਨੂੰ ਆਪਣੀ ਸੂਚੀ ’ਚੋਂ ਇਹ ਕਹਿ ਕੇ ਹਟਾਉਣਾ ਚਾਹੁੰਦੀ ਹੈ ਕਿ ਇਹ ਦਰਿਆ ਹਿਮਾਚਲ ’ਚੋਂ ਨਿਕਲ ਕੇ ਆਉਂਦੇ ਹਨ, ਇਸ ਲਈ ਇਨ੍ਹਾਂ ਨੂੰ ਸੂਚੀ ’ਚੋਂ ਬਾਹਰ ਕੀਤਾ ਜਾਵੇ।
ਬਿਆਸ ਦਰਿਆ ਨੂੰ ਸੂਚੀ ’ਚੋਂ ਕੀਤਾ ਗਿਆ ਬਾਹਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਭਰ ਦੇ ਪ੍ਰਦੂਸ਼ਿਤ ਜਲ ਸਰੋਤਾਂ ’ਚ ਪਹਿਲਾਂ ਪੰਜਾਬ ਦੇ ਬਿਆਸ ਦਰਿਆ ਨੂੰ ਵੀ ਸ਼ਾਮਲ ਕੀਤਾ ਸੀ ਪਰ ਬਾਅਦ ’ਚ ਇਸ ਨੂੰ ਸੂਚੀ ’ਚੋਂ ਹਟਾ ਦਿੱਤਾ ਗਿਆ ਸੀ। ਬਿਆਸ ਦਰਿਆ ’ਚ ਪਾਣੀ ਦੀ ਗੁਣਵੱਤਾ ਕਈ ਪੈਮਾਨਿਆਂ ’ਤੇ ਤੈਅ ਮਾਪਦੰਡਾਂ ਦੇ ਹਿਸਾਬ ਨਾਲ ਖਰੀ ਪਾਈ ਗਈ ਹੈ। ਇਸ ਲਈ ਇਸ ਨੂੰ ਸੂਚੀ ’ਚੋਂ ਹਟਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।