ਉਮਰਕੈਦ ਦੀ ਸਜ਼ਾ ਕੱਟ ਰਹੇ 2 ਲੋਕਾਂ ਨੂੰ ਹਾਈਕੋਰਟ ਨੇ ਕੀਤਾ ਬਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
Tuesday, Aug 20, 2024 - 03:11 PM (IST)
ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਫ਼ੈਸਲੇ ਨੂੰ ਪਲਟਦਿਆਂ ਉਮਰ ਕੈਦ ਦੀ ਸਜ਼ਾ ਸੁਣਾਏ ਗਏ 2 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਜਸਟਿਸ ਸੁਰੇਸ਼ਵਰ ਠਾਕੁਰ ਅਤੇ ਜਸਟਿਸ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਨੋਟ ਕੀਤਾ ਕਿ ਪੁਲਸ ਕਦੇ ਵੀ ਇਸ ਮਾਮਲੇ 'ਚ ਲਾਸ਼ ਅਤੇ ਹਥਿਆਰ ਬਰਾਮਦ ਨਹੀਂ ਕਰ ਸਕੀ। ਇਸ ਤੋਂ ਇਲਾਵਾ ਮਾਮਲੇ ਦੇ ਜਾਂਚ ਅਧਿਕਾਰੀ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਮੌਕੇ ਦੀ ਜਾਂਚ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਦੂਜੀ ਧਿਰ ਦੇ ਜ਼ਿਆਦਾਤਰ ਗਵਾਹ ਜਿਰ੍ਹਾ ਦੌਰਾਨ ਆਪਣੇ ਪਿਛਲੇ ਬਿਆਨਾਂ ਨੂੰ ਸਹੀ ਢੰਗ ਨਾਲ ਮੇਲ ਨਹੀਂ ਕਰਵਾ ਸਕੇ ਸਨ।
ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ ਦੇਣ ਧਿਆਨ, ਅੱਜ ਵੀ ਨਵੇਂ ਮਰੀਜ਼ਾਂ ਦੀ ਨਹੀਂ ਹੋਵੇਗੀ ਜਾਂਚ
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਅੰਬਾਲਾ ਦੀ ਜ਼ਿਲ੍ਹਾ ਅਦਾਲਤ ਨੇ ਨਵੰਬਰ 1997 'ਚ ਦਰਜ ਹੋਏ ਅਗਵਾ ਅਤੇ ਕਤਲ ਮਾਮਲੇ 'ਚ ਸਾਲ 2003 'ਚ ਭੁਪਿੰਦਰ ਅਤੇ ਸ਼ਾਮ ਲਾਲ ਨੂੰ ਮੁਲਜ਼ਮ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ 'ਚ ਰਾਜੇਸ਼ ਅਤੇ ਕੁਲਦੀਪ ਨਾਮਕ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਮੁਲਾਣਾ ਥਾਣੇ 'ਚ ਨਰੇਸ਼ ਕੁਮਾਰ ਨਾਮਕ ਵਿਅਕਤੀ ਦੇ ਕਤਲ ਦੀ ਐੱਫ. ਆਈ. ਆਰ. ਦਰਜ ਹੋਈ ਸੀ। ਮਾਮਲੇ ਮੁਤਾਬਕ ਮ੍ਰਿਤਕ ਅਤੇ ਸਾਰੇ ਮੁਲਜ਼ਮ ਰਿਸ਼ਤੇਦਾਰ ਸਨ। ਬਰਾੜਾ ਇਲਾਕੇ ’ਚ ਪੁਰਾਣੇ ਜ਼ਮੀਨੀ ਝਗੜੇ ਨੂੰ ਲੈ ਕੇ ਨਰੇਸ਼ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ। ਨਰੇਸ਼ ਕੁਮਾਰ ਨੂੰ ਵੀ ਭੁਪਿੰਦਰ ਦੇ ਪਿਤਾ ਦੇ ਕਤਲ ਲਈ ਪਹਿਲਾਂ ਟ੍ਰਾਇਲ ਕੋਰਟ ਤੋਂ ਸਜ਼ਾ ਹੋਈ ਸੀ ਅਤੇ ਬਾਅਦ 'ਚ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
ਮੌਜੂਦਾ ਮਾਮਲੇ 'ਚ ਹਾਈਕੋਰਟ ਦੀ ਬੈਂਚ ਨੇ ਨੋਟ ਕੀਤਾ ਕਿ ਦੂਜੀ ਧਿਰ ਕਤਲ ਦਾ ਕਾਰਨ ਸਪੱਸ਼ਟ ਕਰਨ ’ਚ ਅਸਫ਼ਲ ਰਹੀ। ਜਦੋਂ ਭੁਪਿੰਦਰ ਦੇ ਪਿਤਾ ਦਾ ਕਤਲ ਹੋਇਆ ਸੀ ਤਾਂ ਉਹ ਨਾਬਾਲਗ ਸੀ ਅਤੇ ਬਾਅਦ 'ਚ ਵਿਦੇਸ਼ ਚਲਾ ਗਿਆ ਸੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਵੀ ਦੋਹਾਂ ਪਰਿਵਾਰਾਂ ਵਿਚ ਕੋਈ ਗੱਲਬਾਤ ਨਹੀਂ ਸੀ ਪਰ ਨਰੇਸ਼ ਕੁਮਾਰ ਦੇ ਕਤਲ ਤੋਂ ਕਰੀਬ 3 ਸਾਲ ਪਹਿਲਾਂ ਦੋਵਾਂ ਪਰਿਵਾਰਾਂ ਨੇ ਆਪਸ ਵਿਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ। ਨਰੇਸ਼ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਸੀ ਕਿ ਪੁਰਾਣੇ ਝਗੜੇ ਦਾ ਬਦਲਾ ਲੈਣ ਲਈ ਗੱਲਬਾਤ ਸ਼ੁਰੂ ਕੀਤੀ ਗਈ ਸੀ ਅਤੇ ਮੌਕਾ ਦੇਖ ਕੇ ਨਰੇਸ਼ ਦਾ ਕਤਲ ਕਰ ਦਿੱਤਾ ਗਿਆ ਸੀ। ਹਾਈਕੋਰਟ ਵਿਚ ਦੂਜੀ ਧਿਰ ਸਥਿਤੀ ਸਪੱਸ਼ਟ ਕਰਨ ਵਿਚ ਅਸਫ਼ਲ ਰਹੀ। ਜਾਂਚ ਅਧਿਕਾਰੀ ਨੇ ਆਪਣੀ ਜਿਰ੍ਹਾ ਵਿਚ ਮੰਨਿਆ ਕਿ ਸਾਰੇ ਮੁਲਜ਼ਮਾਂ ਦੇ ਦਸਤਖ਼ਤ ਕੀਤੇ ਬਿਆਨ ਨਹੀਂ ਲਏ ਸਨ। ਨਾਲ ਹੀ, ਜਿਨ੍ਹਾਂ ਲੋਕਾਂ ਨੂੰ ਗਵਾਹ ਬਣਾਇਆ ਸੀ ਕਿ ਮੁਲਜ਼ਮਾਂ ਨੂੰ ਮ੍ਰਿਤਕ ਨੂੰ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਸੀ, ਉਹ ਵੀ ਜਿਰ੍ਹਾ ਵਿਚ ਸਥਿਤੀ ਸਪੱਸ਼ਟ ਨਹੀਂ ਕਰ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8