ਪੰਜਾਬ ''ਚ ਪਹਿਲਾਂ ਤੋਂ ਹੀ ਰਾਸ਼ਟਰਪਤੀ ਰਾਜ ਚਲ ਰਿਹੈ : ਮਜੀਠੀਆ
Thursday, Oct 22, 2020 - 01:30 AM (IST)
ਚੰਡੀਗੜ੍ਹ, (ਅਸ਼ਵਨੀ)- ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਨੂੰ ਲੈ ਕੇ ਮੁੱਖ ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿਚ ਤਾਂ ਪਹਿਲਾਂ ਤੋਂ ਹੀ ਰਾਸ਼ਟਰਪਤੀ ਸ਼ਾਸਨ ਚੱਲ ਰਿਹਾ ਹੈ। ਮੁੱਖ ਮੰਤਰੀ ਤਾਂ ਸਿਰਫ਼ ਪਹਿਲਾਂ ਤੋਂ ਚੱਲ ਰਹੇ ਰਾਸ਼ਟਰਪਤੀ ਸ਼ਾਸਨ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਵਿਚ ਇਹ ਹਰ ਕੋਈ ਜਾਣਦਾ ਹੈ ਕਿ ਮੋਦੀ ਤੋਂ ਮਨਜ਼ੂਰੀ ਲਏ ਬਿਨਾਂ ਪੰਜਾਬ ’ਚ ਇਕ ਪੱਤਾ ਤਕ ਨਹੀਂ ਹਿੱਲਦਾ, ਇਹ ਬਿੱਲ ਤਾਂ ਸਿਰਫ਼ ਇਕ ਹੋਰ ਉਦਾਹਰਨ ਮਾਤਰ ਹਨ।
ਅਕਾਲੀ ਨੇਤਾ ਨੇ ਪੁੱਛਿਆ ਕਿ ਕੀ ਸੂਬਾ ਸਰਕਾਰ ਕੋਲ ਆਪਣੇ ਕਿਸਾਨਾਂ ਦੀ ਰੱਖਿਆ ਲਈ ਇਕ ਬਿੱਲ ਲਿਆਉਣ ਦੇ ਸਾਹਸ ਦੀ ਕਮੀ ਹੈ, ਜਿਸ ਵਿਚ ਰਾਸ਼ਟਰਪਤੀ ਦੀ ਮਨਜ਼ੂਰੀ ਜਾਂ ਦੂਜੇ ਸ਼ਬਦਾਂ ਵਿਚ ਮੋਦੀ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ? ਮਜੀਠਿਆ ਨੇ ਕਿਹਾ ਹੈ ਕਿ ਜਿਨ੍ਹਾਂ ਬਿੱਲਾਂ ਨੂੰ ਵਿਧਾਨਸਭਾ ਵਿਚ ਲਿਆਂਦਾ ਗਿਆ ਅਤੇ ਪਾਸ ਕੀਤਾ ਗਿਆ, ਉਹ ਸਪੱਸ਼ਟ ਤੌਰ ’ਤੇ ਮੋਦੀ-ਕੈਪਟਨ ਦੀ ਜੋੜੀ ਵਲੋਂ ਸੂਬੇ ਵਲੋਂ ਫਸਲ ਦੀ ਖਰੀਦ ਦੀ ਜ਼ਿੰਮੇਵਾਰੀ ਕੇਂਦਰ ’ਤੇ ਸੁੱਟ ਕੇ ਕਿਸਾਨਾਂ ਨੂੰ ਤਬਾਹ ਕਰਨ ਲਈ ਚੁੱਕਿਆ ਗਿਆ ਚਲਾਕੀ ਭਰਿਆ ਕਦਮ ਹੈ।
ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਮੋਦੀ ਨੂੰ ਚੁਣਿਆ ਹੈ ਅਤੇ ਉਸ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਅਤੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਇਸ ਲਈ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀ ਕਰੇਗਾ। ਕੱਲ ਵਿਧਾਨਸਭਾ ਵਿਚ ਬਿੱਲਾਂ ਦਾ ਸਮਰਥਨ ਕਰਨ ਦਾ ਇਕਲੌਤਾ ਕਾਰਨ ਕਿਸਾਨਾਂ ਨਾਲ ਇਕਜੁਟਤਾ ਦਿਖਾਉਣਾ ਸੀ।
ਅਕਾਲੀ ਨੇਤਾ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨੇ ਕਿਸਾਨਾਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜੇਕਰ ਖਰੀਦਦਾਰ ਪਿੱਛੇ ਹਟਦਾ ਹੈ ਤਾਂ ਉਹ ਭੁਗਤਾਨ ਦਾ ਦਾਅਵਾ ਨਹੀ ਕਰ ਸਕਦਾ। ਮਜੀਠਿਆ ਨੇ ਪੁੱਛਿਆ ਕਿ ਜੇਕਰ ਪ੍ਰਾਈਵੇਟ ਕਾਰਪੋਰੇਟ ਅਤੇ ਕੇਂਦਰ ਦੇ ਲੋਕ ਘੱਟ ਤੋਂ ਘੱਟ ਸਮਰਥਨ ਮੁੱਲ ’ਤੇ ਫਸਲ ਨਹੀ ਖਰੀਦਣਗੇ ਤਾਂ ਸੂਬਾ ਸਰਕਾਰ ਕਿਸਾਨਾਂ ਦੀ ਕਿਵੇਂ ਮਦਦ ਕਰੇਗੀ? ਕੀ ਸੂਬਾ ਸਰਕਾਰ ਇਸ ਦੀ ਖਰੀਦ ’ਤੇ ਕੋਈ ਗਾਰੰਟੀ ਦੇਵੇਗੀ?
ਧਰਮਸੌਤ ਨੂੰ ਕਲੀਨ ਚਿਟ ’ਤੇ ਸਵਾਲ
ਮਜੀਠੀਆ ਨੇ ਸਾਧੂ ਸਿੰਘ ਧਰਮਸੌਤ ਨੂੰ ਦਿੱਤੀ ਗਈ ਕਲੀਨ ਚਿਟ ਦੀ ਵੀ ਨਿੰਦਾ ਕੀਤੀ ਹੈ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ‘ਕੋਰਟ ਦੀ ਨਿਗਰਾਨੀ’ ਵਿਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ, ਸਮਾਜਿਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਜੁੜੇ ਸਾਡੇ ਬੱਚਿਆਂ ਦੇ ਭਵਿੱਖ ’ਤੇ ਡੂੰਘਾ ਅਸਰ ਪੈਂਦਾ ਹੈ।