ਹੁਣ ਵਿਦੇਸ਼ੀ ਲੋਕ ਵੀ ਲੈਣਗੇ ਪੰਜਾਬ ਦੇ ''ਆਰਗੈਨਿਕ ਫੂਡ'' ਦਾ ਸੁਆਦ
Tuesday, Jan 30, 2018 - 09:36 AM (IST)

ਚੰਡੀਗੜ੍ਹ : ਪੰਜਾਬ ਦੇ ਖੇਤਾਂ 'ਚ ਉਗਾਏ ਗਏ 'ਆਰਗੈਨਿਕ ਫੂਡ' ਦਾ ਸੁਆਦ ਹੁਣ ਵਿਦੇਸ਼ੀ ਲੋਕ ਵੀ ਲੈ ਸਕਣਗੇ। ਇਸ ਦੇ ਲਈ 'ਪੰਜਾਬ ਐਗਰੋ' ਨੇ ਪੂਰੀ ਤਿਆਰੀ ਖਿੱਚ ਲਈ ਹੈ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ 'ਚ ਵੀ ਡੀਲਰ ਨੈੱਟਵਰਕ ਖੜ੍ਹਾ ਕਰਨ ਦੀ ਤਿਆਰੀ ਕੀਤੀ ਗਈ ਹੈ। 'ਪੰਜਾਬ ਐਗਰੋ' ਪੰਜਾਬ ਸਰਕਾਰ ਦਾ ਪਹਿਲਾ ਉਪਰਾਲਾ ਹੈ, ਜਿਸ ਨੇ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ। ਇਸ ਤੋਂ ਪਹਿਲਾਂ 'ਪੰਜਾਬ ਐਗਰੋ' ਸਿਰਫ ਜੂਸ ਵੇਚਦਾ ਸੀ। ਪੰਜਾਬ ਸਰਕਾਰ ਦੇ ਬ੍ਰਾਂਡ 'ਮਾਰਕਫੈੱਡ' ਦੇ ਖਾਣ ਵਾਲੇ ਪਦਾਰਥ ਬਾਜ਼ਾਰ 'ਚ ਮੁੱਹਈਆ ਹਨ ਪਰ 'ਮਾਰਕਫੈੱਡ' ਨੇ ਕੋਈ ਆਰਗੈਨਿਕ ਉਤਪਾਦ ਨਹੀਂ ਬਣਾਇਆ, ਜਦੋਂ ਕਿ 'ਪੰਜਾਬ ਐਗਰੋ' ਨੇ ਪਹਿਲੇ ਪੱਧਰ 'ਚ ਤਿੰਨ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ, ਜਿਨ੍ਹਾਂ 'ਚ ਆਟਾ, ਚੌਲ ਅਤੇ ਦਲੀਆ ਸ਼ਾਮਲ ਹੈ। ਇਨ੍ਹਾਂ ਦੇ ਰੇਟ ਵੀ ਬਾਜ਼ਾਰ ਤੋਂ ਘੱਟ ਰੱਖੇ ਗਏ ਹਨ। ਆਟਾ 255 ਰੁਪਏ ਦਾ 5 ਕਿਲੋ, ਚੌਲ 135 ਰੁਪਏ ਪ੍ਰਤੀ ਕਿਲੋ ਅਤੇ ਦਲੀਆ 75 ਰੁਪਏ ਪ੍ਰਤੀ ਕਿਲੋ ਹੈ। ਸੂਬੇ 'ਚ ਫਿਲਹਾਲ ਕੋਈ ਆਊਟਲੈੱਟ ਨਹੀਂ ਹੈ। ਇਸ ਲਈ 'ਪੰਜਾਬ ਐਗਰੋ' ਦੇ ਇਹ ਤਿੰਨੇ ਆਰਗੈਨਿਕ ਪ੍ਰੋਡਕਟ ਮਾਰਕਫੈੱਡ ਦੇ ਸਾਰੇ ਆਊਟਲੈੱਟਾਂ 'ਤੇ ਮੁਹੱਈਆ ਕਰਾਏ ਗਏ ਹਨ। ਆਰਗੈਨਿਕ ਫੂਡ ਪ੍ਰਤੀ ਰੁਝਾਨ ਸਾਰੀਆਂ ਥਾਵਾਂ 'ਤੇ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ 'ਪੰਜਾਬ ਐਗਰੋ' ਨੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰ 'ਚ ਮੌਜੂਦਗੀ ਦਰਜ ਕਰਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਭਰ 'ਚ 'ਪੰਜਾਬ ਐਗਰੋ' ਆਪਣਾ ਨੈੱਟਵਰਕ ਖੜ੍ਹਾ ਕਰਨ ਦੀ ਯੋਜਨਾ ਬਣਾ ਰਿਹਾ ਹੈ। 'ਪੰਜਾਬ ਐਗਰੋ' ਨੇ ਆਪਣੇ ਤਿੰਨ ਉਤਪਾਦਾਂ ਦੇ ਸੈਂਪਲ ਇੰਗਲੈਂਡ ਭੇਜੇ ਹਨ। ਜੇਕਰ ਉੱਥੋਂ ਹਰੀ ਝੰਡੀ ਮਿਲ ਗਈ ਤਾਂ ਤੁਰੰਤ ਕਾਰੋਬਾਰੀ ਗਤੀਵਿਧੀ ਸ਼ੁਰੂ ਕਰ ਦਿੱਤੀ ਜਾਵੇਗੀ। 'ਪੰਜਾਬ ਐਗਰੋ' ਦੀ ਨਜ਼ਰ ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ 'ਤੇ ਹੈ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ।