''ਪੰਜਾਬ ਅਚੀਵਮੈਂਟ ਸਰਵੇ'' ਦਾ ਪਹਿਲਾ ਪੜਾਅ ਮੁਕੰਮਲ, ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ

10/03/2020 3:55:09 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਪੰਜਾਬ ਅਚੀਵਮੈਂਟ ਸਰਵੇ (ਪੀ. ਏ. ਐਸ.) ਦੇ ਪਹਿਲੇ ਪੜਾਅ ਦਾ ਕੰਮ ਸਫਲਤਾ ਪੂਰਨ ਮੁਕੰਮਲ ਕਰ ਲਿਆ ਹੈ। ਇਹ ਆਨਲਾਈਨ ਸਰਵੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਵਾਉਣ ਲਈ ਆਯੋਜਿਤ ਕਰਵਾਇਆ ਗਿਆ ਹੈ। ਇਹ ਸਰਵੇ ਤਿੰਨ ਪੜਾਵਾਂ 'ਚ ਆਯੋਜਿਤ ਕਰਵਾਇਆ ਜਾਣਾ ਹੈ।

ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਮੁਤਾਬਕ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਸਰਵੇ 21 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਪਹਿਲਾ ਪੜਾਅ ਅੱਜ 3 ਅਕਤੂਬਰ ਨੂੰ ਪੂਰੀ ਸਫ਼ਲਤਾ ਨਾਲ ਖਤਮ ਹੋ ਗਿਆ ਹੈ। ਇਸ 'ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਅਧਿਆਪਕਾਂ ਨੇ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਇਸ ਸਰਵੇ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।

ਬੁਲਾਰੇ ਦੇ ਅਨੁਸਾਰ ਪਹਿਲਾ ਪੜਾਅ ਮੁਕੰਮਲ ਹੋਣ ਤੋਂ ਬਾਅਦ ਹੁਣ ਅਧਿਆਪਕਾਂ ਵੱਲੋਂ ਇਸ ਸਰਵੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਵੇ ਦੇ ਸਬੰਧ 'ਚ ਸਾਹਮਣੇ ਆਏ ਕਮਜ਼ੋਰ ਪੱਖਾਂ ਨੂੰ ਦੂਰ ਕੀਤਾ ਜਾਵੇਗਾ। ਬੁਲਾਰੇ ਦੇ ਅਨੁਸਾਰ ਸਰਵੇ ਨਾਲ ਵਿਦਿਆਰਥੀਆਂ 'ਚ ਮੁਕਾਬਲੇ ਵਾਲੇ ਇਮਤਿਹਾਨਾਂ ਬਾਰੇ ਸਮਝ ਵਧੇਗੀ ਅਤੇ ਇਸ ਨਾਲ ਸਿੱਖਿਆ 'ਚ ਗੁਣਾਤਮਿਕ ਤਬਦੀਲੀ ਆਵੇਗੀ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਜ਼ਿਆਦਾਤਰ ਸਵਾਲ ਆਬਜੈਕਟਿਵ ਟਾਈਪ ਪੁੱਛੇ ਗਏ ਹਨ, ਜਿਨ੍ਹਾਂ ਦੇ ਨਾਲ ਵਿਦਿਆਰਥੀਆਂ 'ਚ ਇੱਕ ਦਮ ਸੋਚਣ ਦੀ ਕਾਬਲੀਅਤ ਪੈਦਾ ਹੋਵਗੇ। ਇਸ ਦੇ ਨਾਲ ਵਿਦਿਆਰਥੀਆਂ ਦੀ ਕੁਸ਼ਲਤਾ 'ਚ ਵਾਧਾ ਹੋਣ ਦੇ ਕਾਰਨ ਇਹ ਸਰਵੇ ਭਵਿੱਖ 'ਚ ਉਨ੍ਹਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਵੇਗਾ। ਇਹ ਸਰਵੇ ਪਹਿਲੀ ਤੋਂ ਲੈ ਕੇ 12 ਜਮਾਤ ਦੇ ਵਿਦਿਆਰਥੀਆਂ ਦੇ ਆਧਾਰ ’ਤੇ ਕਰਵਾਇਆ ਗਿਆ ਹੈ।

ਇਸ ਵਾਸਤੇ ਪਹਿਲਾ ਪੇਪਰ 21 ਸਤੰਬਰ ਨੂੰ ਹੋਇਆ ਸੀ ਅਤੇ ਇਹ ਪੇਪਰ ਤਕਰੀਬਨ ਦੋ ਹਫ਼ਤੇ ਚੱਲੇ ਹਨ। ਪਹਿਲੀ ਜਮਾਤ ਵਿਦਿਆਰਥੀਆਂ ਲਈ ਹਰੇਕ ਵਿਸ਼ੇ ਦੇ 10 ਪ੍ਰਸ਼ਨ ਪੁੱਛੇ ਗਏ, ਜਦੋਂ ਕਿ ਦੂਜੀ ਤੋਂ ਪੰਜਵੀਂ ਜਮਾਤ ਲਈ ਹਰੇਕ ਵਿਸ਼ੇ ਦੇ 15 ਸਵਾਲ ਪਾਏ ਗਏ ਸਨ। ਇਨਾਂ 'ਚੋਂ ਹਰੇਕ ਸਵਾਲ 2 ਅੰਕਾਂ ਦਾ ਸੀ। ਬੁਲਾਰੇ ਅਨੁਸਾਰ ਛੇਵੀਂ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਰੇਕ ਪੇਪਰ ਦੇ 20 ਸਵਾਲ ਸਨ।


Babita

Content Editor

Related News