ਆਪ ਨੇਤਾ ਨੇ 31 ਭਾਰਤੀਆਂ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਨੂੰ ਕੀਤੀ ਦਖਲ ਦੀ ਮੰਗ

04/12/2018 9:03:54 PM

ਚੰਡੀਗੜ੍ਹ— ਪੰਜਾਬ ਦੇ ਆਪ ਨੇਤਾ ਹਰਜੋਤ ਸਿੰਘ ਬੈਂਸ ਨੇ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ 'ਚ ਫਸੇ 31 ਭਾਰਤੀਆਂ ਨੂੰ ਬਚਾਉਣ ਲਈ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਦਖਲ ਅੰਦਾਜੀ ਦੀ ਮੰਗ ਕੀਤੀ ਹੈ। ਬੈਂਸ ਨੇ ਕਿਹਾ ਕਿ ਇਨ੍ਹਾਂ 31 ਭਾਰਤੀਆਂ 'ਚ 27 ਲੋਕ ਪੰਜਾਬ ਦੇ ਹਨ ਤੇ ਬਾਕੀ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਹਨ। ਇਰਾਕ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਮਾਰ ਦਿੱਤੇ ਗਏ 38 ਭਾਰਤੀਆਂ ਦੀ ਦੇਹ ਵਾਪਸ ਲਿਆਏ ਜਾਣ ਦੇ 2 ਹਫਤੇ ਬਾਅਦ ਸਾਊਦੀ ਅਰਬ ਤੇ ਯੂ.ਏ.ਈ. 'ਚ ਭਾਰਤੀਆਂ ਦੇ ਫਸੇ ਹੋਣ ਦੀ ਖਬਰ ਆਈ ਹੈ।
ਆਪ ਦੇ ਮੁੱਖ ਬੁਲਾਰੇ ਬੈਂਸ ਤੇ ਪਾਰਟੀ ਦੇ ਇਕ ਹੋਰ ਨੇਤਾ ਜੈ ਕਿਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਖਾੜੀ ਦੇਸ਼ਾਂ 'ਚ ਫਸੇ ਲੋਕਾਂ ਦਾ ਬਿਓਰਾ ਵਿਦੇਸ਼ ਮੰਤਰਾਲੇ ਨੂੰ ਦੇ ਦਿੱਤਾ ਹੈ। ਬੈਂਸ ਨੇ ਦੱਸਿਆ, 'ਦੋ ਦਿਨ ਪਹਿਲਾਂ ਅਸੀਂ ਦਿੱਲੀ 'ਚ ਵਿਦੇਸ਼ ਮੰਤਰੀ ਦੇ ਦਫਤਰ ਗਏ ਸੀ। ਅਸੀਂ 27 ਪੰਜਾਬੀਆਂ ਸਣੇ 31 ਲੋਕਾਂ ਦੀ ਸੂਚੀ ਸੌਂਪੀ। ਇਹ ਲੋਕ ਟ੍ਰੈਵਲ ਏਜੰਟਾਂ ਦੀਆਂ ਗੱਲਾਂ 'ਚ ਆਉਣ ਤੋਂ ਬਾਅਦ ਦੋ ਦੇਸ਼ਾਂ 'ਚ ਫਸੇ ਹੋਏ ਹਨ। ਸੂਚੀ 'ਚ ਉਨ੍ਹਾਂ ਦਾ ਨਾਂ, ਪਤਾ, ਪਾਸਪੋਰਟ ਨੰਬਰ, ਨਿਵਾਸ ਸਥਾਨ ਵਰਗਾ ਬਿਓਰਾ ਦਿੱਤਾ ਗਿਆ ਹੈ।'' ਆਪ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸੁਸ਼ਮਾ ਤੋਂ ਇਸ ਮਾਮਲੇ 'ਚ ਦਖਲ ਅੰਦਾਜੀ ਦੀ ਅਪੀਲ ਕੀਤੀ ਗਈ ਹੈ। ਆਪ ਨੇਤਾ ਨੇ ਕਿਹਾ ਦੋਹਾਂ ਦੇਸ਼ਾਂ 'ਚ ਫਸੇ ਲੋਕਾਂ 'ਚ ਕੁਝ ਨੇ ਵੀਡੀਓ ਭੇਜਿਆ ਹੈ, ਜਿਸ 'ਚ ਉਹ ਮੁਸ਼ਕਿਲ ਸਥਿਤੀ 'ਚ ਦਿਖ ਰਹੇ ਹਨ। ਪੰਜਾਬ ਪੁਲਸ ਨੇ ਧੋਖਾਦੇਹੀ ਕਰਨ ਵਾਲੇ ਟ੍ਰੇਵਲ ਏਜੰਟ ਖਿਲਾਫ ਪਿਛਲੇ ਵਿੱਤ ਸਾਲ 'ਚ ਇੰਮੀਗ੍ਰੇਸ਼ਨ ਐਕਟ 1983, ਪੰਜਾਬ ਟ੍ਰੇਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2013 ਤੇ ਆਈ.ਪੀ.ਸੀ. ਦੀ ਧਾਰਾ ਦੇ ਤਹਿਤ 900 ਮਾਮਲੇ ਦਰਜ ਕੀਤੇ।


Related News