ਕੇਂਦਰ ਸਰਕਾਰ ਵਲੋਂ ਪੰਜਾਬ ਦੇ 10 ਅਗਾਂਹਵਧੂ ਕਿਸਾਨਾਂ ਦਾ ਸਨਮਾਨ
Tuesday, Sep 10, 2019 - 08:46 AM (IST)
![ਕੇਂਦਰ ਸਰਕਾਰ ਵਲੋਂ ਪੰਜਾਬ ਦੇ 10 ਅਗਾਂਹਵਧੂ ਕਿਸਾਨਾਂ ਦਾ ਸਨਮਾਨ](https://static.jagbani.com/multimedia/2019_9image_08_45_480052702farmers0.jpg)
ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੀਆਂ ਵਿਧੀਆਂ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਰਾਸ਼ਟਰੀ ਪੱਧਰ 'ਤੇ ਉਸ ਸਮੇਂ ਥਾਪੜਾ ਮਿਲਿਆ, ਜਦੋਂ ਭਾਰਤ ਸਰਕਾਰ ਵੱਲੋਂ ਸੂਬੇ ਦੇ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਨੂੰ ਜ਼ਮੀਨ ਵਿੱਚ ਹੀ ਖਪਾਉਣ ਦੀਆਂ ਵਿਧੀਆਂ ਨੂੰ ਅਪਣਾਇਆ ਗਿਆ ਹੈ।
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਵੱਲੋਂ ਇਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਇੱਥੇ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕਿਸਾਨਾਂ ਦੀ ਹੋਈ ਕੌਮੀ ਕਾਨਫਰੰਸ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਕੇਂਦਰੀ ਮੰਤਰੀ ਵੱਲੋਂ ਸਨਮਾਨਤ ਕੀਤੇ ਗਏ ਇਨ੍ਹਾਂ ਕਿਸਾਨਾਂ ਵਿੱਚ ਡਾ. ਹਰਮਿੰਦਰ ਸਿੰਘ ਸਿੱਧੂ ਪਿੰਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ, ਗੁਰਿੰਦਰ ਸਿੰਘ ਗਿੱਲ ਪਿੰਡ ਕਨੋਈ ਜ਼ਿਲ੍ਹਾ ਸੰਗਰੂਰ, ਜਗਤਾਰ ਸਿੰਘ ਬਰਾੜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ, ਨਰਿੰਦਰ ਸਿੰਘ ਪਿੰਡ ਬੁਹ ਹਵੇਲੀਆਂ ਜ਼ਿਲ੍ਹਾ ਤਰਨਤਾਰਨ, ਸੁਖਜੀਤ ਸਿੰਘ ਪਿੰਡ ਦਿਵਾਲਾ ਜ਼ਿਲ੍ਹਾ ਲੁਧਿਆਣਾ, ਭੁਪਿੰਦਰ ਸਿੰਘ ਪਿੰਡ ਬਦਨਪੁਰ ਜ਼ਿਲ੍ਹਾ ਮੁਹਾਲੀ, ਬੀਰ ਦਲਵਿੰਦਰ ਸਿੰਘ ਪਿੰਡ ਕਲਾ ਮਾਜਰੀ ਜ਼ਿਲ੍ਹਾ ਪਟਿਆਲਾ, ਬਲਵਿੰਦਰ ਸਿੰਘ ਪਿੰਡ ਘਰਾਂਗਣਾ ਜ਼ਿਲ੍ਹਾ ਮਾਨਸਾ, ਗੁਰਦਿਆਲ ਸਿੰਘ ਪਿੰਡ ਸਲੋਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਹਰਵਿੰਦਰ ਸਿੰਘ ਬੜਿੰਗ ਪਿੰਡ ਕੋਠੇ ਗੋਬਿੰਦਪੁਰਾ ਜ਼ਿਲ੍ਹਾ ਬਰਨਾਲਾ ਸ਼ਾਮਲ ਹਨ।