ਪੰਜਾਬ ’ਚ ‘ਹਫ਼ਤਾਵਾਰੀ ਲਾਕਡਾਉਨ’ : ਘਰਾਂ ਦੀਆਂ ਕੰਧਾਂ ਅੰਦਰ ਕੈਦ ਹੋਈ ਮਨੁੱਖੀ ਜ਼ਿੰਦਗੀ, ਬਾਜ਼ਾਰਾਂ ’ਚ ਸੁੰਨ ਪਸਰੀ

Monday, May 03, 2021 - 10:17 AM (IST)

ਪੰਜਾਬ ’ਚ ‘ਹਫ਼ਤਾਵਾਰੀ ਲਾਕਡਾਉਨ’ : ਘਰਾਂ ਦੀਆਂ ਕੰਧਾਂ ਅੰਦਰ ਕੈਦ ਹੋਈ ਮਨੁੱਖੀ ਜ਼ਿੰਦਗੀ, ਬਾਜ਼ਾਰਾਂ ’ਚ ਸੁੰਨ ਪਸਰੀ

ਮੋਗਾ (ਗੋਪੀ ਰਾਊਕੇ) - ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਮਹਾਂਮਾਰੀ ਦੀ ਚੱਲ ਰਹੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਗਾਏ ਗਏ ਹਫ਼ਤਾਵਰੀ ਲਾਕਡਾਉਨ ਨੇ ਘਰਾਂ ਦੀਆਂ ਕੰਧਾਂ ਅੰਦਰ ਮੁੜ ਮਨੁੱਖੀ ਜ਼ਿੰਦਗੀ ਕੈਦ ਕਰ ਕੇ ਰੱਖ ਦਿੱਤੀ ਹੈ। ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਰੌਣਕਾਂ ਦੇ ਸ਼ਹਿਰ ਮੋਗਾ ਅੰਦਰ ਅੱਜ ਕਿੱਧਰੇ ‘ਚਹਿਲ-ਪਹਿਲ’ ਦੇਖਣ ਨੂੰ ਨਹੀਂ ਮਿਲੀ ਅਤੇ ਚਾਰੇ ਪਾਸੇ ਸੁੰਨ ਪਸਰੀ ਰਹੀ।

ਪਿਛਲੇ ਹਫ਼ਤੇ ਸਰਕਾਰ ਵੱਲੋਂ ਸਿਰਫ਼ ਐਤਵਾਰ ਨੂੰ ਲਾਕਡਾਉਨ ਲਗਾਇਆ ਗਿਆ ਪਰ ਇਸੇ ਹਫ਼ਤੇ ਤੋਂ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਪੂਰੀ ਸਖ਼ਤੀ ਨਾਲ ਲੋਕਾਂ ਨੂੰ ਜਾਗਰੂਕ ਕਰਦਿਆਂ ਇਸ ਬੰਦ ਨੂੰ ਸਫ਼ਲ ਬਨਾਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਸ਼ਹਿਰੀਆਂ ਨੇ ਵੀ ਇਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਸਹਿਯੋਗ ਦਿੰਦੇ ਹੋਏ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ।

‘ਜਗ ਬਾਣੀ’ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਮੋਗਾ ਦੇ ਰੇਲਵੇ ਜੰਕਸ਼ਨ ਅਤੇ ਫਿਰੋਜ਼ਪੁਰ ਤੋਂ ਲੁਧਿਆਣਾ ਤੱਕ ਚੱਲਣ ਵਾਲੀਆਂ ਤਿੰਨ ਰੇਲ ਗੱਡੀਆਂ ਅਤੇ ਬੱਸ ਅੱਡੇ ਤੋਂ ਕੁਝ ਪ੍ਰਾਈਵੇਟ ’ਤੇ ਬਹੁਤੀਆਂ ਸਰਕਾਰੀ ਬੱਸਾਂ ਆਮ ਦੀ ਤਰ੍ਹਾਂ ਦੌੜੀਆਂ ਪਰ ਬੱਸਾਂ ਅਤੇ ਰੇਲ ਗੱਡੀਆਂ ’ਤੇ ਸਵਾਰੀਆਂ ‘ਟਾਵੀਆਂ-ਟਾਵੀਆਂ’ ਹੀ ਨਜ਼ਰ ਆਈਆਂ। ਪਤਾ ਲੱਗਾ ਹੈ ਕਿ ਮੋਗਾ ਦੇ ਬੱਸ ਅੱਡੇ ਤੋਂ ਬਹੁਤੀਆਂ ਪ੍ਰਾਈਵੇਟ ਬੱਸਾਂ ਤਾਂ ਦੌੜੀਆਂ ਨਹੀਂ ਪਰ ਕੁਝ ਵੱਡੀਆਂ ਬੱਸ ਕੰਪਨੀਆਂ ਨੇ ਫਿਰੋਜ਼ਪੁਰ ਤੋਂ ਲੁਧਿਆਣਾ ਅਤੇ ਅਬੋਹਰ ਤੋਂ ਵਾਇਆ ਮੋਗਾ ਰਾਹੀਂ ਲੁਧਿਆਣਾ ਜਾਣ ਵਾਲੀਆਂ ਕੁਝ ਬੱਸਾਂ ਨੂੰ ਚਲਾਇਆ, ਜਿਨ੍ਹਾਂ ਵਿੱਚ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਦੇਖਣ ਨੂੰ ਮਿਲੀ।

ਇਸੇ ਦੌਰਾਨ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਮੋਗਾ ਅੰਦਰ ਚਾਰੇ ਪਾਸਿਓਂ ਦਾਖਲ ਹੋਣ ਵਾਲੇ ਰਸਤਿਆਂ ’ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਘਰੋਂ ਨਿਕਲਣ ਦਾ ਕਾਰਣ ਪੁੱਛਿਆ ਗਿਆ ਅਤੇ ਜਿਹੜੇ ਲੋਕ ਬਿਨਾਂ ਮੈਡੀਕਲ ਅਤੇ ਐਮਰਜੈਂਸੀ ਤੋਂ ਘਰਾਂ ਤੋਂ ਬਾਹਰ ਆਏ ਸਨ। ਉਨ੍ਹਾਂ ਦੇ ਚਲਾਨ ਕੱਟਦੇ ਹੋਏ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਘਰਾਂ ਵਿੱਚ ਰਹਿ ਕੇ ਸਾਥ ਦੇਣ ਦੀ ਅਪੀਲ ਕੀਤੀ।


author

rajwinder kaur

Content Editor

Related News