ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਵਿਚ ਇਕ ਹੋਰ ਵੱਡਾ ਝਟਕਾ

Thursday, Aug 19, 2021 - 06:16 PM (IST)

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਵਿਚ ਇਕ ਹੋਰ ਵੱਡਾ ਝਟਕਾ

ਫਿਰੋਜ਼ਪੁਰ (ਕੁਮਾਰ): ਪੰਜਾਬ ਦੇ ਸਾਬਕਾ ਚੀਫ਼ ਪਾਰਲੀਮੈਂਟਰੀ ਸੈਕਟਰੀ ਅਤੇ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਅੱਜ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਦੇ ਕਿਹਾ ਕਿ ਉਨ੍ਹਾਂ ਤੋਂ ਕਿਸਾਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਅਤੇ ਲੰਬੇ ਸਮੇਂ ਤੋਂ ਉਹ ਪੰਜਾਬ ਭਾਜਪਾ ਅਤੇ ਕੇਂਦਰ ਦੀ ਲੀਡਰਸ਼ਿਪ ਨੂੰ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਲੈਣ ਲਈ ਅਪੀਲ ਕਰ ਰਹੇ ਹਨ, ਪਰ ਉਨ੍ਹਾਂ ’ਤੇ ਕੋਈ ਅਸਰ ਨਾ ਹੁੰਦਾ ਵੇਖ ਕੇ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਸੁਖਪਾਲ ਸਿੰਘ ਨੰਨੂ ਨੇ ਦੋਸ਼ ਲਾਇਆ ਕਿ ਪੰਜਾਬ ਭਾਜਪਾ ਨੂੰ 4 ਲੋਕਾਂ ਨੇ ਹਾਈਜੈਕ ਕੀਤਾ ਹੋਇਆ ਹੈ ਅਤੇ ਉਹ ਦਫ਼ਤਰ ਵਿੱਚ ਬੈਠੇ ਹੀ ਗਲਤ ਰਿਪੋਰਟ ਤਿਆਰ ਕਰਕੇ ਕੇਂਦਰੀ ਭਾਜਪਾ ਲੀਡਰਸ਼ਿਪ ਨੂੰ ਭੇਜ ਰਹੇ ਹਨ।

ਇਹ ਵੀ ਪੜ੍ਹੋ :  ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਹਾਦਸੇ ’ਚ ਮੌਤ, ਕੁੱਝ ਸਮਾਂ ਪਹਿਲਾਂ ਪਰਤਿਆ ਸੀ ਵਿਦੇਸ਼ੋਂ

ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਆਪਣੇ ਹਨ ਅਤੇ ਜੇਕਰ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨ ਗ਼ਲਤ ਲੱਗਦੇ ਹਨ, ਤਾਂ ਕੇਂਦਰ ਸਰਕਾਰ ਉਨ੍ਹਾਂ ਕਾਨੂੰਨਾਂ ਨੂੰ ਰੱਦ ਕਿਉਂ ਨਹੀਂ ਕਰਦੀ?  ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਅਤੇ ਕੇਂਦਰ ਦੀ ਭਾਜਪਾ ਲੀਡਰਸ਼ਿਪ ਨੂੰ ਸਹੀ ਸਲਾਹ ਦਿੰਦੀ ਤਾਂ ਇਹ ਕਾਲੇ ਕਾਨੂੰਨ ਰੱਦ ਕੀਤੇ ਜਾ ਸਕਦੇ ਸਨ। ਨੰਨੂ ਨੇ ਕਿਹਾ ਕਿ ਭਾਜਪਾ, ਉਨ੍ਹਾਂ ਨੂੰ ਉਨ੍ਹਾਂ ਦੇ ਸਵਰਗੀ ਪਿਤਾ ਸਾਬਕਾ ਭਾਜਪਾ ਵਿਧਾਇਕ ਸਰਦਾਰ ਗਿਰਧਰ ਸਿੰਘ ਤੋਂ ਵਿਰਾਸਤ ਵਿੱਚ ਮਿਲੀ ਹੈ ਅਤੇ ਉਨ੍ਹਾਂ ਨੇ ਭਾਜਪਾ ਪਾਰਟੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਮਹੱਤਵ ਦਿੱਤਾ ਹੈ, ਪਰ ਕਿਸਾਨ ਅੰਦੋਲਨ ਕਾਰਨ ਕਿਸਾਨਾਂ ਪ੍ਰਤੀ ਭਾਜਪਾ ਦੇ ਰਵੱਈਏ ਨੂੰ ਵੇਖ ਕੇ ਉਨ੍ਹਾਂ ਨੂੰ ਭਾਜਪਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ

ਭਾਵੁਕ ਹੁੰਦੇ ਹੋਏ ਅਤੇ ਅੱਖਾਂ ਵਿੱਚ ਹੰਝੂ ਲਈ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਭਾਜਪਾ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਦਿਨ ਸੋਚਿਆ ਤੇ ਅਖੀਰ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿਣਾ ਹੀ ਸਹੀ ਸਮਝਿਆ। ਉਨ੍ਹਾਂ ਨੇ ਆਪਣੀ ਕੋਠੀ ’ਤੇ ਸਾਲਾਂ ਤੋਂ ਲੱਗੇ ਭਾਜਪਾ ਦੇ ਝੰਡੇ ਨੂੰ ਉਤਾਰ ਕੇ ਕਿਸਾਨਾਂ ਦਾ ਝੰਡਾ ਲਗਾਇਆ ਅਤੇ ਕਿਹਾ ਕਿ ਹੁਣ ਉਹ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰਨਗੇ ਅਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਨਾਲ ਖੜ੍ਹਨਗੇ। ਭਾਜਪਾ ਦੇ ਸਾਬਕਾ ਵਿਧਾਇਕ ਨਨੂੰ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵਰਕਰਾਂ ਦਾ ਥਾਂ -ਥਾਂ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਹੋਰ ਭਾਜਪਾ ਆਗੂ ਏ.ਸੀ. ਕਮਰਿਆਂ ਵਿੱਚ ਬੈਠੇ ਹੋਏ ਹਨ ਅਤੇ ਜੇਕਰ ਕਿਸਾਨਾਂ ਪ੍ਰਤੀ ਭਾਜਪਾ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ 2022 ਵਿੱਚ ਹੋਦ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਚੋਣ ਜਿੱਤਣਾ ਤਾਂ ਦੂਰ, ਪੂਰੇ ਪੰਜਾਬ ਵਿੱਚ ਭਾਜਪਾ ਦੇ ਬੂਥ ਤੱਕ ਨਹੀਂ ਲੱਗ ਸਕਣਗੇ।

ਇਹ ਵੀ ਪੜ੍ਹੋ :  ਬਠਿੰਡਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼, ਇਤਰਾਜ਼ਯੋਗ ਹਾਲਾਤ ’ਚ ਮਿਲੇ ਜੋੜੇ

PunjabKesari

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਤੇ ਖੁੱਲ੍ਹੇ ਦਿਲ ਨਾਲ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡੇ ਦੇਸ਼ ਦਾ ਕਿਸਾਨ ਖੁਸ਼ ਨਹੀਂ ਹੈ ਤਾਂ ਦੇਸ਼ ਤਰੱਕੀ ਕਿਵੇਂ ਕਰੇਗਾ? ਉਨ੍ਹਾਂ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਭਾਜਪਾ ਦੀ ਲੀਡਰਸ਼ਿਪ ਕਿਸਾਨਾਂ ਵਿੱਚ ਭੇਜਣ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ।ਇੱਕ ਸਵਾਲ ਦੇ ਜਵਾਬ ਵਿੱਚ ਨਨੂੰ ਨੇ ਕਿਹਾ ਕਿ ਕਿਤੇ ਉਹ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹਨ ਤੇ ਉਹ ਮਹਿਸੂਸ ਕਰਦੇ ਸਨ ਕਿ ਭਾਜਪਾ ਵਿੱਚ ਰਹਿ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕੇਂਦਰੀ ਭਾਜਪਾ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਸਨਸਨੀ, ਅਣਪਛਾਤਿਆਂ ਵਲੋਂ ਕਾਰ ਸਵਾਰ ’ਤੇ ਹਮਲਾ, ਇਕ ਦੀ ਮੌਤ

ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ, ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਸ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਅਸਤੀਫਾ ਦੇਣਾ ਵੀ ਉਸ ਦੇ ਸਮਰਥਕਾਂ ਅਤੇ ਵੋਟਰਾਂ ਦਾ ਫੈਸਲਾ ਸੀ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਸਮਰਥਕ ਜੋ ਵੀ ਕਹਿਣਗੇ ਉਹ ਕਰਨਗੇ, ਕਿਉਂਕਿ ਉਨ੍ਹਾਂ ਦਾ ਵੋਟਰ ਸਮਰਥਕ ਉਨ੍ਹਾਂ ਲਈ ਸਭ ਕੁਝ ਹਨ ਅਤੇ ਹਰ ਅੰਤਿਮ ਫੈਸਲਾ ਉਨ੍ਹਾਂ ਦਾ ਹੀ ਹੋਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ? 


author

Shyna

Content Editor

Related News