ਪੰਜਾਬ ''ਚ ਆਵਾਰਾ ਕੁੱਤਿਆਂ ਦੀ ਦਹਿਸ਼ਤ

02/24/2020 12:24:25 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜਾਬ 'ਚ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਨੂੰ ਵੱਢਣ ਦੀਆਂ ਘਟਨਾਵਾਂ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਜ਼ਿਲਾ ਖੰਨਾ ਦੇ ਪਿੰਡ ਨੋਲਡੀ ਵਿਚ ਇਕ 12 ਸਾਲ ਦੀ ਛੋਟੀ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਛੋਟੀ ਬੱਚੀ ਖੇਤਾਂ 'ਚੋਂ ਆਲੂ ਲੈਣ ਗਈ ਸੀ ਅਤੇ ਖੇਤਾਂ ਵਿਚੋਂ ਹੀ ਉਸ ਦੀ ਲਾਸ਼ ਮਿਲੀ। ਇਸੇ ਤਰ੍ਹਾਂ ਨਾਲ ਪੰਜਾਬ ਦੇ ਇਕ ਹੋਰ ਹਿੱਸੇ 'ਚ ਕੁੱਤਿਆਂ ਨੇ ਦੋ ਸਕੀਆਂ ਭੈਣਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਦੋਵੇਂ ਭੈਣਾਂ ਵੀ ਇਸ ਘਟਨਾ ਵਿਚ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਜ਼ਿਲਾ ਬਰਨਾਲਾ 'ਚ ਵੀ ਆਵਾਰਾ ਕੁੱਤਿਆਂ ਨੇ ਦਹਿਸ਼ਤ ਮਚਾਈ ਹੋਈ ਹੈ। ਆਏ ਦਿਨ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕੁੱਤਿਆਂ ਵੱਲੋਂ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਕਾਰਨ ਜ਼ਿਲਾ ਬਰਨਾਲਾ ਦੇ ਲੋਕ ਬਹੁਤ ਜ਼ਿਆਦਾ ਦੁਖੀ ਹਨ। ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਦੀ ਨਸਬੰਦੀ ਲਈ ਕੋਈ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਸ਼ਹਿਰ ਵਿਚ ਝੁੰਡਾਂ ਦੇ ਝੁੰਡ ਕੁੱਤਿਆਂ ਦੇ ਘੁੰਮਦੇ ਰਹਿੰਦੇ ਹਨ। ਇਹੀ ਹਾਲ ਪਿੰਡਾਂ 'ਚ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਜ਼ਿਲੇ 'ਚ ਆਵਾਰਾ ਕੁੱਤਿਆਂ ਦੀ ਗਿਣਤੀ 6 ਹਜ਼ਾਰ ਦੇ ਕਰੀਬ
ਜ਼ਿਲਾ ਬਰਨਾਲਾ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਭਗ 6 ਹਜ਼ਾਰ ਦੇ ਕਰੀਬ ਹੈ। ਕੁੱਤੇ ਮੁਹੱਲਿਆਂ ਅਤੇ ਸ਼ਹਿਰ ਦੇ ਪਾਸ਼ ਇਲਾਕਿਆਂ ਵਿਚ ਝੁੰਡਾਂ ਦੇ ਝੁੰਡ ਬਣਾ ਕੇ ਫਿਰਦੇ ਹਨ। ਫਰਵਾਹੀ ਬਾਜ਼ਾਰ, ਸਦਰ ਬਾਜ਼ਾਰ, ਆਸਥਾ ਇਨਕਲੇਵ, ਲੱਖੀ ਕਾਲੋਨੀ, ਕੱਚਾ ਕਾਲਜ ਰੋਡ ਅਤੇ ਪੱਕਾ ਕਾਲਜ ਰੋਡ ਵਰਗੇ ਪਾਸ਼ ਇਲਾਕਿਆਂ ਵਿਚ ਵੀ ਝੁੰਡਾਂ ਦੇ ਝੁੰਡ ਕੁੱਤਿਆਂ ਦੇ ਫਿਰਦੇ ਹਨ। ਬਾਹਰਲੇ ਇਲਾਕਿਆਂ 'ਚ ਤਾਂ ਹੋਰ ਵੀ ਬੁਰਾ ਹਾਲ ਹੈ। ਇਸੇ ਤਰ੍ਹਾਂ ਨਾਲ ਪਿੰਡਾਂ ਦੇ ਲੋਕ ਵੀ ਕੁੱਤਿਆਂ ਦੀ ਦਹਿਸ਼ਤ ਤੋਂ ਦੁਖੀ ਹਨ। ਕੁੱਤਿਆਂ ਦੀ ਸਾਂਭ-ਸੰਭਾਲ ਲਈ ਕੋਈ ਸਮਾਜ ਸੇਵੀ ਸੰਸਥਾ ਵੀ ਕੰਮ ਨਹੀਂ ਕਰ ਰਹੀ। ਹਰ ਸਾਲ ਇਨ੍ਹਾਂ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ।

ਹਰ ਮਹੀਨੇ 100 ਦੇ ਕਰੀਬ ਮਰੀਜ਼ ਆਉਂਦੇ ਹਨ ਸਿਵਲ ਹਸਪਤਾਲ ਵਿਚ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਜੋਤੀ ਕੌਸ਼ਲ ਨੇ ਦੱਸਿਆ ਕਿ ਸੌ ਦੇ ਲਗਭਗ ਮਰੀਜ਼ ਹਰ ਮਹੀਨੇ ਕੁੱਤਿਆਂ ਵੱਲੋਂ ਵੱਢੇ ਗਏ ਆਉਂਦੇ ਹਨ। ਇਨ੍ਹਾਂ ਲੋਕਾਂ ਦਾ ਇਲਾਜ ਸਿਵਲ ਹਸਪਤਾਲ 'ਚ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਤਾਂ ਡਾਟਾ ਸਿਰਫ ਸਰਕਾਰੀ ਹਸਪਤਾਲ ਬਰਨਾਲਾ ਦਾ ਹੈ। ਕਈ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਵੀ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਹਨ ਜਾਂ ਕਈ ਲੋਕ ਆਪਣਾ ਘਰ ਹੀ ਇਲਾਜ ਕਰ ਲੈਂਦੇ ਹਨ।

ਹਲਕੇ ਕੁੱਤਿਆਂ ਕਾਰਣ ਲੋਕਾਂ ਦੀ ਜਾਨ ਨੂੰ ਖਤਰਾ ਪਰ ਪ੍ਰਸ਼ਾਸਨ ਚੁੱਪ
ਭਾਜਪਾ ਆਗੂ ਕੁਲਦੀਪ ਸਹੌਰੀਆ ਨੇ ਕਿਹਾ ਕਿ ਕੁੱਤਿਆਂ ਵੱਲੋਂ ਵੱਢਣ ਦੀਆਂ ਘਟਨਾਵਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਕਈ ਹਲਕੇ ਹੋਏ ਕੁੱਤੇ ਵੀ ਸ਼ਹਿਰ ਵਿਚ ਸ਼ਰੇਆਮ ਘੁੰਮ ਰਹੇ ਹਨ, ਜੋ ਲੋਕਾਂ ਨੂੰ ਵੱਢ ਰਹੇ ਹਨ। ਲੋਕ ਮਹੀਨਾ-ਮਹੀਨਾ ਭਰ ਆਪਣਾ ਇਲਾਜ ਕਰਵਾਉਂਦੇ ਰਹਿੰਦੇ ਹਨ। ਇਨ੍ਹਾਂ ਕੁੱਤਿਆਂ ਕਾਰਣ ਸ਼ਹਿਰ ਨਿਵਾਸੀਆਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਮੁੱਦੇ 'ਤੇ ਕੋਈ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ।

ਆਵਾਰਾ ਕੁੱਤਿਆਂ 'ਤੇ ਨਕੇਲ ਕੱਸਣ ਲਈ ਕੀਤੀ ਜਾਵੇ ਨਸਬੰਦੀ
ਮਦਰ ਟੀਚਰ ਸਕੂਲ ਦੇ ਐੱਮ. ਡੀ. ਕਪਿਲ ਮਿੱਤਲ ਨੇ ਕਿਹਾ ਕਿ ਆਵਾਰਾ ਕੁੱਤਿਆਂ 'ਤੇ ਨਕੇਲ ਕੱਸਣ ਲਈ ਕੁੱਤਿਆਂ ਦੀ ਨਸਬੰਦੀ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ਵਿਚ ਨਗਰ ਕੌਂਸਲ ਨੇ ਮਤਾ ਵੀ ਪਾਸ ਕੀਤਾ ਸੀ ਕਿ ਸ਼ਹਿਰ 'ਚ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਅਤੇ ਨਗਰ ਕੌਂਸਲ ਦੇ ਬਜਟ 'ਚ ਇਸ ਲਈ ਅਲੱਗ ਤੋਂ ਬਜਟ ਵੀ ਰੱਖਿਆ ਸੀ ਪਰ ਅਜੇ ਤੱਕ ਇਹ ਨਸਬੰਦੀ ਨਹੀਂ ਹੋਈ। ਇਨ੍ਹਾਂ ਕਾਰਨਾਂ ਦਾ ਸ਼ਹਿਰ ਵਾਸੀਆਂ ਨੂੰ ਕੋਈ ਪਤਾ ਨਹੀਂ ਕਿ ਇਨ੍ਹਾਂ ਕੁੱਤਿਆਂ ਦੀ ਨਸਬੰਦੀ ਕਿਉਂ ਨਹੀਂ ਕੀਤੀ ਗਈ। ਕੁੱਤਿਆਂ 'ਤੇ ਨਕੇਲ ਕੱਸਣ ਲਈ ਇਨ੍ਹਾਂ ਦੀ ਨਸਬੰਦੀ ਫੌਰੀ ਤੌਰ 'ਤੇ ਸ਼ੁਰੂ ਕਰਵਾਈ ਜਾਵੇ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਰਾਹਤ ਮਿਲ ਸਕੇ।

ਕਈ ਘਰਾਂ ਦੇ ਬੁਝ ਚੁੱਕੇ ਨੇ ਚਿਰਾਗ
ਰੇਡੀਐਂਟ ਪਲਾਜ਼ਾ ਦੇ ਐੱਮ. ਡੀ. ਵਿਸ਼ਨੂੰ ਸਿੰਗਲਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਵੱਢਣ ਕਾਰਣ ਪੰਜਾਬ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲਾ ਬਰਨਾਲਾ 'ਚ ਵੀ ਕੁਝ ਲੋਕਾਂ ਦੀ ਮੌਤ ਕੁੱਤਿਆਂ ਦੇ ਵੱਢਣ ਕਾਰਣ ਹੋ ਚੁੱਕੀ ਹੈ। ਕੁੱਤਿਆਂ ਵੱਲੋਂ ਵੱਢਣ ਦੀਆਂ ਘਟਨਾਵਾਂ ਕਾਰਣ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਖਾਸ ਕਰਕੇ ਬੱਚਿਆਂ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਹਨ। ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ 'ਤੇ ਕੋਈ ਕਦਮ ਚੁੱਕਣਾ ਚਾਹੀਦਾ ਹੈ।

ਆਵਾਰਾ ਕੁੱਤਿਆਂ ਕਾਰਨ ਵਾਪਰ ਰਹੇ ਹਨ ਕਈ ਸੜਕ ਹਾਦਸੇ
ਭਾਰਤ ਭੂਸ਼ਣ ਸਿੰਗਲਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਕਾਰਨ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਵੱਡੀ ਗਿਣਤੀ 'ਚ ਆਵਾਰਾ ਕੁੱਤੇ ਹਰ ਜਗ੍ਹਾ 'ਤੇ ਘੁੰਮ ਰਹੇ ਹਨ। ਜਦੋਂ ਕੋਈ ਵ੍ਹੀਕਲ ਚਾਲਕ ਇਨ੍ਹਾਂ ਦੇ ਕੋਲੋਂ ਲੰਘਦਾ ਹੈ ਤਾਂ ਇਕਦਮ ਝੁੰਡਾਂ ਦੇ ਝੁੰਡ ਕੁੱਤੇ ਉਸ ਪਿੱਛੇ ਪੈ ਜਾਂਦੇ ਹਨ। ਕਈ ਵ੍ਹੀਕਲ ਚਾਲਕ ਘਬਰਾ ਕੇ ਆਪਣਾ ਸੰਤੁਲਨ ਖੋ ਬੈਠਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਈ ਵਾਰ ਕੁੱਤੇ ਇਕਦਮ ਵ੍ਹੀਕਲਾਂ ਅੱਗੇ ਆ ਜਾਂਦੇ ਹਨ, ਜਿਸ ਕਾਰਣ ਸੜਕ ਹਾਦਸੇ ਵਾਪਰਦੇ ਹਨ ਅਤੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਲਈ ਆਵਾਰਾ ਕੁੱਤਿਆਂ 'ਤੇ ਪਹਿਲ ਦੇ ਆਧਾਰ 'ਤੇ ਨਕੇਲ ਕੱਸਣ ਦੀ ਜ਼ਰੂਰਤ ਹੈ।

ਦੇਸ਼ ਦੇ ਸੰਵਿਧਾਨ 'ਚ ਵੀ ਬਦਲਾਅ ਕਰਨ ਦੀ ਜ਼ਰੂਰਤ
ਭੋਲਾ ਅਰੋੜਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਹਲਕੇ ਹੋਏ ਕੁੱਤਿਆਂ ਨੂੰ ਮਾਰਨ ਲਈ ਵੀ ਲੰਬੀ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ ਅਤੇ ਵੱਖ-ਵੱਖ ਮਹਿਕਮਿਆਂ ਤੋਂ ਇਸ ਦੀ ਇਜਾਜ਼ਤ ਲੈਣੀ ਪੈਂਦੀ ਹੈ, ਜਿਸ ਕਾਰਣ ਹਲਕੇ ਹੋਏ ਕੁੱਤਿਆਂ ਦੀ ਗਿਣਤੀ ਵੀ ਦਿਨੋ-ਦਿਨ ਵਧ ਰਹੀ ਹੈ। ਕੋਈ ਚਾਹ ਕੇ ਵੀ ਹਲਕੇ ਹੋਏ ਕੁੱਤਿਆਂ ਨੂੰ ਮਾਰ ਨਹੀਂ ਸਕਦਾ। ਜੇਕਰ ਦੇਸ਼ ਦੇ ਸੰਵਿਧਾਨ ਵਿਚ ਤਬਦੀਲੀ ਲਿਆ ਕੇ ਹਲਕੇ ਹੋਏ ਕੁੱਤਿਆਂ ਦੇ ਮਾਰਨ ਦੀ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਹਲਕੇ ਹੋਏ ਕੁੱਤਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।


cherry

Content Editor

Related News