ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਾਂਗਰਸੀਆਂ ਦਾ ਆਪਸੀ ਮਤਭੇਦ : ਚੀਮਾ

Thursday, Aug 26, 2021 - 02:07 AM (IST)

ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਾਂਗਰਸੀਆਂ ਦਾ ਆਪਸੀ ਮਤਭੇਦ : ਚੀਮਾ

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵਿਚ ਚੱਲ ਰਹੇ ਆਪਸੀ ਕਲੇਸ਼ ਨੂੰ ਸੂਬੇ ਅਤੇ ਸੂਬੇ ਦੇ ਲੋਕਾਂ ਦੀ ਬਦਕਿਸਮਤੀ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਅਤੇ ਕਾਂਗਰਸੀਆਂ ਦਾ ਇਕੋ-ਇਕ ਟੀਚਾ ਕੁਰਸੀ ਸੀ। ਸਾਲ 2017 ਵਿਚ ਵੱਡੇ-ਵੱਡੇ ਲਿਖਤੀ ਲਾਰਿਆਂ ਨਾਲ ਪਹਿਲਾਂ ਇਨ੍ਹਾਂ ਕੁਰਸੀ ਲੁੱਟੀ ਅਤੇ ਹੁਣ ਇਸ ਕੁਰਸੀ ਲਈ ਆਪਸ ਵਿਚ ਲੜ ਰਹੇ ਹਨ, ਜਿਸ ਕਾਰਣ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਹੋ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਵਿਚ ਹੈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ

ਬੁੱਧਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਜਿਹੜਾ ਧੜਾ ਅੱਜ ‘ਪੰਜਾਬ’ ਦੀ ਵਕਾਲਤ ਕਰਦਾ ਹੋਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ’ਤੇ ਜੋ ਗੰਭੀਰ ਦੋਸ਼ ਲਗਾ ਰਿਹਾ ਹੈ, ਉਹ ਬਿਲਕੁਲ ਸਹੀ ਹਨ। ਇਨ੍ਹਾਂ ਕਾਂਗਰਸੀਆਂ ਦੇ ਵਲੋਂ ਲਾਏ ਜਾ ਰਹੇ ਦੋਸ਼ ਆਮ ਆਦਮੀ ਪਾਰਟੀ ਦੇ ਕੈਪਟਨ ਸਰਕਾਰ ’ਤੇ ਪਿਛਲੇ ਸਾਢੇ 4 ਸਾਲਾਂ ਤੋਂ ਬਾਦਲ ਅਤੇ ਮੋਦੀ ਦੇ ਰਲੇਵੇਂ ਨੂੰ ਲੈ ਕੇ ਲਗਾਏ ਗਏ ਗੰਭੀਰ ਦੋਸ਼ਾਂ ਦੀ ਪੁਸ਼ਟੀ ਕਰਦੇ ਹਨ।

ਅੱਜ ਸਾਢੇ ਚਾਰ ਸਾਲ ਬਾਅਦ ‘ਆਪ’ ਦੇ ਦੋਸ਼ਾਂ ਨੂੰ ਸਿਰਫ਼ ਕੈਪਟਨ ਅਮਰਿੰਦਰ ਸਿੰਘ ’ਤੇ ਸੁੱਟ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁੱਖ ਸਰਕਾਰੀਆ ਵਰਗੇ ਨੇਤਾ ਖ਼ੁਦ ਨੂੰ ਵੀ ਪਾਕਿ-ਸਾਫ ਸਾਬਿਤ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ : ਨਾਬਾਲਗ ਨੂੰ ਅਗਵਾ ਕਰ ਕੇ ਮੰਗੀ 3 ਲੱਖ ਦੀ ਫਿਰੌਤੀ, ਪੁਲਸ ਨੇ 4 ਘੰਟਿਆਂ 'ਚ ਕੀਤਾ ਰਿਕਵਰ

ਮੰਤਰੀ ਦੱਸਣ ਦੇਹਰਾਦੂਨ ਲਈ ਸਰਕਾਰੀ ਕਾਫ਼ਿਲੇ ਦੀ ਕਿਉਂ ਕੀਤੀ ਵਰਤੋਂ
ਹਰਪਾਲ ਸਿੰਘ ਚੀਮਾ ਨੇ ਕੁਰਸੀ ਲਈ ਕਾਂਗਰਸ ਦੇ ਕਾਟੋ-ਕਲੇਸ਼ ਦੌਰਾਨ ਮੰਤਰੀਆਂ ਵਲੋਂ ਲਾਈ ਦੇਹਰਾਦੂਨ ਫੇਰੀ ’ਤੇ ਹੋਏ ਖ਼ਰਚਿਆਂ ’ਤੇ ਉਂਗਲ ਚੁੱਕੀ ਹੈ। ਚੀਮਾ ਨੇ ਕਿਹਾ ਕਿ ਜਦ-ਜਦ ਵੀ ਸੱਤਾਧਾਰੀ ਕਾਂਗਰਸ ਵਿਚ ਅੰਦਰੂਨੀ ਲੜਾਈ ਹੁੰਦੀ ਹੈ, ਉਸ ਦਾ ਸਿੱਧਾ ਸੇਕ ਪੰਜਾਬ ਦੇ ਖ਼ਜ਼ਾਨੇ ਨੂੰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੋ ਮੰਤਰੀ ਸਰਕਾਰੀ ਕਾਰਾਂ ਦੇ ਕਾਫ਼ਿਲੇ ’ਤੇ ਦੇਹਰਾਦੂਨ ਗਏ ਹਨ ਕੀ ਉਹ ਸਪੱਸ਼ਟ ਕਰਨਗੇ ਕਿ ਕਾਂਗਰਸੀਆਂ ਦੀ ਕੁਰਸੀ ਲਈ ਨਿੱਜੀ ਲੜਾਈ ਦਾ ਪੰਜਾਬ ਦੇ ਲੋਕਾਂ ਅਤੇ ਖ਼ਜ਼ਾਨੇ ਨਾਲ ਕੀ ਸਬੰਧ ਹੈ? ਇਸ ਤੋਂ ਪਹਿਲਾਂ ਅਜਿਹੇ ਕਾਟੋ- ਕਲੇਸ਼ ਦੌਰਾਨ ਹੈਲੀਕਾਪਟਰਾਂ ਦੀ ਵੀ ਦੁਰਵਰਤੋਂ ਹੁੰਦੀ ਰਹੀ ਹੈ। ਉਸ ਦਾ ਹਿਸਾਬ ਕੌਣ ਦੇਵੇਗਾ?


author

Bharat Thapa

Content Editor

Related News