ਕਾਂਗਰਸ ਦੀ ਅਗਵਾਈ ''ਚ ਪੰਜਾਬ ਦਾ ਭਵਿੱਖ ਅੱਧ-ਵਿਚਕਾਰ ਲਟਕਿਆ : ਸ਼ਵੇਤ ਮਲਿਕ

08/13/2018 4:27:48 AM

ਬਠਿੰਡਾ, (ਵਰਮਾ)- ਕਾਂਗਰਸ ਨੇ ਜਦੋਂ ਤੋਂ ਪੰਜਾਬ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਪੰਜਾਬ ਦਾ ਭਵਿੱਖ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਦਾ ਹੋਇਆ ਅੱਧ-ਵਿਚਕਾਰ ਲਟਕ ਚੁੱਕਾ ਹੈ, ਜਿਸਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹਨ । ਪੰਜਾਬ 'ਚ ਮਾਫੀਆ ਦਾ ਬੋਲਬਾਲਾ ਹੈ, ਭਾਵੇਂ ਉਹ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਜਾ ਡਰੱਗ ਮਾਫੀਆ । ਇਹ ਸ਼ਬਦ ਪ੍ਰਦੇਸ਼ ਭਾਜਪਾ ਪ੍ਰਧਾਨ ਤੇ  ਸੰਸਦ ਮੈਂਬਰ ਸ਼ਵੇਤ ਮਲਿਕ ਨੇ ਪੱਤਰਕਾਰ ਸੰਮਲੇਨ 'ਚ ਕਹੇ ।
ਕਾਂਗਰਸ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਨਤਾ ਨੂੰ ਠੱਗਣ 'ਚ ਸਫਲ ਹੋਏ, ਇੱਥੋਂ ਤੱਕ ਕਿ ਉਨ੍ਹਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਵੀ ਬੇਅਦਬੀ ਕੀਤੀ, ਜਦੋਂ ਉਨ੍ਹਾਂ ਨੇ ਪੰਜਵੇ ਤਖਤ ਦਮਦਮਾ ਸਾਹਿਬ ਅੱਗੇ ਨਤਮਸਤਕ ਹੋ ਕੇ ਸਹੁੰ ਖਾਧੀ ਸੀ ਕਿ ਚਾਰ ਹਫਤਿਆਂ 'ਚ ਨਸ਼ਾ ਖਤਮ ਕਰ ਦੇਣਗੇ ਪਰ ਨਸ਼ਾ ਖਤਮ ਕੀ ਹੋਣਾ ਸੀ ਸਗੋਂ ਵਧਦਾ ਹੀ ਚਲਾ ਗਿਆ।
ਸ਼ਵੇਤ ਮਲਿਕ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਜੇ ਵੀ ਪੰਜਾਬ ਵਿਚ ਚੌਕੀਦਾਰੀ ਦੀ ਭੂਮਿਕਾ ਨਿਭਾ ਰਿਹਾ ਹੈ । ਉਹ ਕਾਂਗਰਸ ਸਰਕਾਰ ਨੂੰ ਮਜਬੂਰ ਕਰ ਦੇਣਗੇ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ । ਉਨ੍ਹਾਂ ਕਿਹਾ ਕਿ ਉਹ 15 ਅਗਸਤ ਤੋਂ ਕਾਂਗਰਸ ਨੂੰ ਪੰਜਾਬ 'ਚੋਂ ਕੱਢਣ ਲਈ ਪੈਦਲ ਯਾਤਰਾ ਰਾਹੀਂ ਇਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਹੁਸ਼ਿਆਰਪੁਰ ਤੋਂ ਕੀਤੀ ਜਾਵੇਗੀ ।
ਕਾਂਗਰਸ ਸਰਕਾਰ ਨੇ ਕੀਤੀ ਬਿਜਲੀ ਮਹਿੰਗੀ
ਪੰਜਾਬ ਸਰਕਾਰ ਥਰਮਲ ਪਲਾਂਟ ਨੂੰ ਬੰਦ ਕਰ ਕੇ ਉਸਦੀ 2500 ਏਕੜ ਜ਼ਮੀਨ ਨੂੰ ਹੜੱਪਣਾ ਚਾਹੁੰਦੀ ਹੈ। ਮਨਪ੍ਰੀਤ ਬਾਦਲ ਚੋਣਾਂ ਤੋਂ ਪਹਿਲਾਂ ਕਹਿ ਰਹੇ ਸੀ ਕਿ ਉਨ੍ਹਾਂ ਨੂੰ ਦੁਖ ਹੈ ਕਿ ਚਿਮਨੀਆਂ ਠੰਡੀਆਂ ਪਈਆਂ ਹਨ, ਜਦੋਂ ਉਹ ਸੱਤਾ 'ਚ ਆਉਣਗੇ ਤਾਂ ਉਨ੍ਹਾਂ 'ਚੋਂ ਧੂੰਆਂ ਨਿਕਲੇਗਾ। ਉਨ੍ਹਾਂ ਲੋਕਾਂ ਅੱਗੇ ਭਾਵੁਕ ਹੋਣ ਦਾ ਡਰਾਮਾ ਕੀਤਾ, ਹੁਣ ਉਨ੍ਹਾਂ ਦੀ ਵਚਨਬੱਧਤਾ ਕਿਥੇ ਗਈ । ਕਾਂਗਰਸ ਨੇ ਪੰਜਾਬ ਦੀ ਇੰਡਸਟਰੀ ਤਬਾਹ ਕਰ ਦਿੱਤੀ। ਉਨ੍ਹਾਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ 9 ਰੁਪਏ ਪ੍ਰਤੀ ਯੂਨਿਟ ਚਾਰਜ ਕੀਤਾ ਜਾ ਰਿਹਾ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ 'ਚ 22 ਫੀਸਦੀ ਬਿਜਲੀ ਦੇ ਰੇਟ ਵਧਾ ਦਿੱਤੇ। ਇੱਥੋਂ ਤੱਕ ਕਿ ਇਨਕਮ ਟੈਕਸ 'ਤੇ ਵੀ ਟੈਕਸ ਲਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ।
ਵਿਦੇਸ਼ੀ ਤਾਕਤਾਂ ਦੇਸ਼ ਨੂੰ ਤੋੜ ਰਹੀਆਂ
ਰੈਫਰੈਂਡਮ 2020 ਸਬੰਧੀ ਭਾਜਪਾ ਨੇ ਆਪਣਾ ਵਿਰੋਧ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਡਟ ਕੇ ਇਸਦਾ ਵਿਰੋਧ ਕਰਦੀ ਹੈ । ਵਿਦੇਸ਼ੀ ਤਾਕਤਾਂ ਦੇਸ਼ ਨੂੰ ਤੋੜਨ 'ਚ ਲੱਗੀਆਂ ਹੋਈਆਂ ਹਨ। ਵਿਦੇਸ਼ੀ ਧਰਤੀ 'ਤੇ ਪੰਜਾਬ ਨੂੰ ਦਹਿਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ । ਭਾਜਪਾ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ, ਇਸ ਲਈ ਸੰਪ੍ਰਦਾਇਕ ਪਾਰਟੀਆਂ ਨਾਲ ਦੂਰੀਆਂ ਬਣਾਈਆਂ ਹੋਈਆਂ ਹਨ। ਸ਼ਵੇਤ ਮਲਿਕ ਨੇ ਕਿਹਾ ਕਿ ਪਾਕਿਸਤਾਨ ਦੇ ਇਸ਼ਾਰੇ 'ਤੇ ਲੰਡਨ 'ਚ ਪੰਜਾਬ ਵੱਖ ਸੂਬੇ ਦੀ ਮੰਗ ਕਰ ਰਹੀ ਹੈ, ਇਸ ਸਾਜ਼ਿਸ਼ ਪਿੱਛੇ ਵੀ ਆਈ. ਐੱਸ. ਆਈ. ਦਾ ਹੱਥ ਹੈ ।
ਏਮਜ਼ ਮਾਮਲਾ ਕਾਂਗਰਸ ਨੇ ਲਟਕਾਇਆ
ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਏਮਜ਼ ਲਈ ਪੈਸਾ ਲੈ ਕੇ ਕਾਂਗਰਸ ਦੇ ਬੂਹੇ 'ਤੇ ਖੜ੍ਹੀ ਹੈ ਪਰ ਕਾਂਗਰਸ ਇਕ ਸਾਜ਼ਿਸ਼ ਤਹਿਤ ਏਮਜ਼ ਨੂੰ ਚਲਾਉਣ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਨਕਸ਼ਾ ਪਾਸ ਕਰਨ ਲਈ ਡੇਢ ਸਾਲ ਲਾ ਦਿੱਤਾ, ਜਦਕਿ ਹੁਣ ਤੱਕ ਏਮਜ਼ ਬਣ ਕੇ ਤਿਆਰ ਹੋ ਜਾਣਾ ਸੀ । ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਵਚਨਵੱਧ ਹੈ, ਜਿਸ ਲਈ ਸਰਕਾਰ ਨੇ 5 ਲੱਖ ਰੁਪਏ ਤੱਕ ਦਾ ਮੁਫਤ ਬੀਮਾ ਕਰ ਕੇ 5 ਕਰੋੜ ਲੋਕਾਂ ਨੂੰ ਰਾਹਤ ਦਿੱਤੀ । ਮੋਦੀ ਸਰਕਾਰ ਲੋਕਾਂ ਦੇ ਸਿਹਤ ਕਾਰਡ ਬਣਾ ਰਹੀ ਹੈ, ਜਿਸ ਨਾਲ ਰੋਗੀ ਨੂੰ 60 ਫੀਸਦੀ ਫਾਇਦਾ ਹੋ ਰਿਹਾ ਹੈ ।
ਸ਼ਵੇਤ ਮਲਿਕ ਨੇ ਡਾਇਮੰਡ ਕਲੱਬ ਦੇ ਸੱਦੇ 'ਤੇ ਤੀਜ ਮੇਲੇ 'ਚ ਸ਼ਾਮਲ ਹੋ ਕੇ ਸਾਉਣ ਮਹੀਨੇ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ । ਏਮਜ ਦੇ ਆਉਣ ਨਾਲ ਹਰਿਆਣਾ, ਰਾਜਸਥਾਨ, ਪੰਜਾਬ ਤੇ ਹੋਰ ਲੋਕਾਂ ਦੇ ਰਾਜਾਂ ਨੂੰ ਫਾਇਦਾ ਮਿਲੇਗਾ।
ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਜ਼ਿਲਾ ਪ੍ਰਧਾਨ ਵਿਨੋਦ, ਪੰਜਾਬ ਦੇ ਮੀਡੀਆ ਪ੍ਰਮੁਖ ਸੁਨੀਲ ਸਿੰਗਲਾ, ਪੰਜਾਬ ਭਾਜਪਾ ਦੇ ਮਹਾਮੰਤਰੀ ਦਿਆਲ ਚੰਦ ਸੋਢੀ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰ ਕੌਰ ਮਾਂਗਟ, ਅਸ਼ੋਕ ਬਾਲਿਆਂਵਾਲੀ, ਮੋਹਨ ਲਾਲ ਗਰਗ ਸਮੇਤ ਕਾਰਜਕਾਰੀ ਮੌਜੂਦ ਸਨ ।


Related News