ਪੰਜਾਬ ਦੇ ਆੜ੍ਹਤੀਆਂ ਵਲੋਂ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ ਕਰਨ ਦਾ ਐਲਾਣ

09/25/2019 8:34:43 PM

ਖੰਨਾ, (ਸੁਖਵਿੰਦਰ ਕੌਰ)-ਪੰਜਾਬ ਸਰਕਾਰ ਦੇ ਖੁਰਾਕ ਵਿਭਾਗ ਵਲੋਂ 16 ਸਤੰਬਰ ਤੋਂ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਆੜ੍ਹਤੀ ਕਿਸਾਨਾਂ ਦੇ ਬੈਂਕ ਖਾਤੇ ਪੀ. ਐੱਮ. ਐੱਫ. ਐੱਸ. ਪੋਰਟਲ ’ਤੇ ਨਹੀਂ ਪਾਉਂਦੇ ਤਾਂ ਉਨ੍ਹਾਂ ਨੂੰ ਆੜ੍ਹਤ ਨਾ ਦਿੱਤੀ ਜਾਵੇ, ਜਿਸ ਕਾਰਣ ਪੰਜਾਬ ਭਰ ’ਚ ਆੜ੍ਹਤੀਆਂ ’ਚ ਪਾਏ ਜਾ ਰਹੇ ਰੋਸ ਨੂੰ ਮੁੱਖ ਰੱਖਦੇ ਹੋਏ ਅੱਜ ਆੜ੍ਹਤੀ ਐਸੋਸੀਏਸ਼ਨ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਅਨਾਜ ਮੰਡੀ ਖੰਨਾ ਵਿਖੇ ਹੋਈ, ਜਿਸ ’ਚ ਪੰਜਾਬ ਭਰ ਦੀਆਂ ਮੰਡੀਆਂ ਤੋਂ ਆਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ, ਜ਼ਿਲਾ ਪ੍ਰਧਾਨ ਅਤੇ ਸੂਬਾਈ ਕਾਰਜਕਾਰਨੀ ਮੈਂਬਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਅਹੁਦੇਦਾਰਾਂ ਅਤੇ ਜ਼ਿਲਾ ਪ੍ਰਧਾਨਾਂ ਵਲੋਂ ਮੰਡੀਆਂ ’ਚ ਮੁਕੰਮਲ ਹੜਤਾਲ ਕਰਨ ਦਾ ਐਲਾਨ ਕਰਨ ਲਈ ਸੁਝਾਅ ਦਿੱਤੇ ਗਏ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਬਾਸਮਤੀ ਫਸਲ ਬੀਜਣ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਮੁਕੰਮਲ ਹੜਤਾਲ ਦੀ ਥਾਂ ਹਾਲ ਦੀ ਘੜੀ ਸਰਕਾਰੀ ਖਰੀਦ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨਾਂ ਅਤੇ ਸੀਨੀਅਰ ਮੰਡੀ ਪ੍ਰਧਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪੰਜਾਬ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰੇਗੀ।

ਇਸੇ ਤਰ੍ਹਾਂ ਜ਼ਿਲਾ ਪ੍ਰਧਾਨ ਅਤੇ ਸੀਨੀਅਰ ਮੰਡੀ ਪ੍ਰਧਾਨਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਜੋ ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀਆਂ ਨਾਲ ਗੱਲ ਕਰੇਗੀ। ਇਸ ਤੋਂ ਇਲਾਵਾ 5 ਅਕਤੂਬਰ ਤੋਂ ਭਾਰਤੀ ਖੁਰਾਕ ਨਿਗਮ ਦੇ ਡਿਪੂਆਂ ਦੇ ਬਾਹਰ ਅਤੇ ਮਾਰਕੀਟ ਕਮੇਟੀ ਦਫ਼ਤਰਾਂ ਦੇ ਬਾਹਰ ਆੜ੍ਹਤੀਆਂ ਵਲੋਂ ਇਕ ਘੰਟੇ ਦਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੁੂ ਨੇਤਰ ਸਿੰਘ ਨਾਗਰਾ, ਗੁਰਪਾਲ ਸਿੰਘ ਈਸੜੂ, ਗੁਰਪ੍ਰੀਤ ਸਿੰਘ ਚਾਹਲ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਉੱਪ ਪ੍ਰਧਾਨ ਹਰਨਾਮ ਸਿੰਘ ਅਲਾਵਲਪੁਰ, ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਮੱਘਰ ਸਿੰਘ ਮੁੱਲਾਪੁਰ, ਧੀਰਜ ਕੁਮਾਰ ਬਰਨਾਲਾ, ਯਾਦਵਿੰਦਰ ਸਿੰਘ ਯਾਦੂ ਆਦਿ ਹਾਜ਼ਰ ਸਨ।


Arun chopra

Content Editor

Related News