''ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਸਫਲਤਾ ਪੂਰਵਕ ਦੂਜਾ ਸਾਲ ਪੂਰਾ ਕਰਨ ਵਾਲਾ ਪਹਿਲਾ ਸੂਬਾ''

11/08/2019 7:05:44 PM

ਐੱਸ. ਏ. ਐੱਸ. ਨਗਰ, (ਵਿੱਕੀ) : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਨੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ 'ਚ ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ਮੌਕੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕਰੇਗਾ।| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ, ਸਹੀ ਮਾਰਗਦਰਸ਼ਨ, ਯੋਗ ਅਗਵਾਈ ਨਾਲ ਅਧਿਆਪਕਾਂ ਦੀ ਲਗਨ ਤੇ ਮਿਹਨਤ ਸਦਕਾ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ 'ਚ ਤਕਰੀਬਨ ਦੋ ਸਾਲ ਪਹਿਲਾਂ 14 ਨਵੰਬਰ, 2017 ਨੂੰ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਹੋਇਆ ਸੀ। ਹੁਣ ਤੱਕ 2.20 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਪੜ੍ਹ ਰਹੇ ਹਨ।

ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸਫ਼ਲਤਾਪੂਰਵਕ ਦੋ ਸਾਲ ਪੂਰੇ ਹੋਣ ਮੌਕੇ ਬੋਲਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ 'ਚ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖ਼ਲਾ ਹੋਇਆ ਹੈ। ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਤਾਜ਼ਾ ਅੰਕੜਿਆਂ ਮੁਤਾਬਕ 2.20 ਲੱਖ ਬੱਚਿਆਂ ਦਾ ਦਾਖ਼ਲਾ ਹੋਣ ਨਾਲ ਜਿੱਥੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਬਹੁਤ ਵਾਧਾ ਹੋਇਆ ਹੈ। ਉੱਥੇ ਪ੍ਰਾਇਮਰੀ ਜਮਾਤਾਂ ਦੀ ਨੀਂਹ ਵੀ ਮਜ਼ਬੂਤ ਹੋਈ ਹੈ।|
ਉਨ੍ਹਾਂ ਮੁਤਾਬਕ ਪਹਿਲਾਂ 3-6 ਸਾਲ ਤੱਕ ਦੀ ਉਮਰ 'ਚ ਬੱਚੇ ਦਾ ਬੌਧਿਕ ਵਿਕਾਸ ਹੋ ਰਿਹਾ ਹੁੰਦਾ ਹੈ। ਇਸ ਸਮੇਂ ਜੇਕਰ ਬੱਚੇ ਨੂੰ ਖੇਡ ਵਿਧੀ ਰਾਹੀਂ ਸਿੱਖਣ ਦਾ ਢੁਕਵਾਂ ਵਾਤਾਵਰਨ ਮਿਲ ਜਾਵੇ ਤਾਂ ਅਗਲੀਆਂ ਜਮਾਤਾਂ 'ਚ ਉਸ ਦਾ ਸਿੱਖਣ ਪੱਧਰ ਜ਼ਿਆਦਾ ਉੱਚਾ ਹੁੰਦਾ ਹੈ।|ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਪਾਠਕ੍ਰਮ ਬੱਚੇ ਦੀਆਂ ਬੌਧਿਕ, ਭਾਸ਼ਾਈ, ਸਰੀਰਕ, ਭਾਵਨਾਤਮਕ ਤੇ ਰਚਨਾਤਮਕ ਤੇ ਸਮਾਜਿਕ ਵਿਕਾਸ ਦੀ ਲੋੜ ਅਨੁਸਾਰ ਤਿਆਰ ਕੀਤਾ ਗਿਆ ਹੈ।|ਪਾਠਕ੍ਰਮ 'ਚ ਸ਼ਾਮਲ ਬਾਲ-ਗੀਤ, ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਬਾਲ-ਮਨਾਂ ਦੀਆਂ ਬਾਤਾਂ ਪਾਉਂਦੀਆਂ ਹਨ। ਵਿਦਿਆਰਥੀਆਂ ਨੂੰ ਖੇਡ ਮਹਿਲ ਰਾਹੀਂ ਸਿਖਾਉਣ ਲਈ ਗਤੀਵਿਧੀ ਕੈਲੰਡਰ 1 ਅਤੇ 2 ਤਿਆਰ ਕੀਤਾ ਗਿਆ ਹੈ।|

ਉਨ੍ਹਾਂ ਕਿਹਾ ਕਿ 14 ਨਵੰਬਰ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸਫਲਤਾਪੂਰਵਕ ਪੂਰਨ ਹੋਣ ਤੇ ਬਾਲ ਦਿਵਸ ਮੌਕੇ ਬਾਲ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।|ਜਿਸ ਵਿੱਚ ਵਿਦਿਆਰਥੀਆਂ ਦੀਆਂ ਗੁਣਾਤਮਕ ਪੇਸ਼ਕਾਰੀਆਂ ਉਨ੍ਹਾਂ ਦੇ ਮਾਪਿਆਂ ਦੇ ਸਨਮੁੱਖ ਬੱਚਿਆਂ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਹਨ।|ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸਮਾਰਟ ਸਕੂਲਾਂ ਦੀ ਪ੍ਰਗਤੀ, ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਅਧਿਆਪਕਾਂ ਦੁਆਰਾ ਬੋਰਡ ਦੀਆਂ ਸ਼੍ਰੇਣੀਆਂ ਦੀਆਂ ਲਗਾਈਆਂ ਜਾ ਰਹੀਆਂ ਵਾਧੂ ਜਮਾਤਾਂ ਲਈ ਪ੍ਰਸ਼ੰਸਾ ਵੀ ਕੀਤੀ।| ਇਸ ਮੌਕੇ ਡੀ. ਪੀ. ਆਈ. ਐਲੀਮੈਂਟਰੀ ਸਿੱਖਿਆ ਕਮ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ, ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੰਦੀਪ ਨਾਗਰ ਡਿਪਟੀ ਐੱਸ.ਪੀ.ਡੀ., ਜਯੋਤੀ ਸੋਨੀ, ਸੰਜੀਵ ਭੂਸ਼ਣ ਅਤੇ ਹੋਰ ਸਿੱਖਿਆ ਅਧਿਕਾਰੀ ਮੌਜੂਦ ਰਹੇ।


Related News