ਪੰਜਾਬ ''ਚ ਪੰਚਾਇਤੀ ਚੋਣਾਂ 30 ਨੂੰ, ਅੱਜ ਹੋ ਸਕਦੈ ਨੋਟੀਫਿਕੇਸ਼ਨ ਜਾਰੀ
Wednesday, Dec 05, 2018 - 09:16 AM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)— ਪੰਜਾਬ 'ਚ ਪੰਚਾਇਤੀ ਚੋਣਾਂ ਕਰਵਾਉਣ ਸਬੰਧੀ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਇਹ ਚੋਣਾਂ ਕਰਵਾਉਣ ਲਈ ਪਹਿਲਾਂ ਕਈ ਵਾਰ ਬਿਆਨ ਦੇਣ ਦੇ ਬਾਵਜੂਦ ਇਹ ਚੋਣਾਂ ਨਿਰਧਾਰਤ ਸਮੇਂ 'ਤੇ ਨਹੀਂ ਹੋ ਸਕੀਆਂ ਪਰ ਆਖਿਰਕਾਰ ਪੰਜਾਬ ਸਰਕਾਰ ਨੇ ਹੁਣ ਇਹ ਚੋਣਾਂ ਕਰਵਾਉਣ ਦਾ ਪੱਕਾ ਮੂਡ ਬਣਾ ਲਿਆ ਹੈ ਤੇ ਇਸੇ ਮਹੀਨੇ ਦੀ 30 ਤਰੀਕ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਹ ਚੋਣਾਂ ਕਰਵਾਉਣ ਲਈ ਰਾਜ ਦੇ ਚੋਣ ਕਮਿਸ਼ਨ ਨੂੰ ਸਾਰੀ ਰੂਪ-ਰੇਖਾ ਤਿਆਰ ਕਰ ਕੇ ਭੇਜ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰੇ।
ਸੰਕੇਤਕ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ 30 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਅੱਜ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਹੋਣ ਦੀ ਪੂਰੀ ਸੰਭਾਵਨਾ ਹੈ। ਚੋਣਾਂ ਸਬੰਧੀ ਜਾਰੀ ਕੀਤੇ ਜਾਣ ਵਾਲੇ ਸ਼ਡਿਊਲ ਅਨੁਸਾਰ 17 ਤੋਂ 20 ਦਸੰਬਰ ਤੱਕ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਣਗੇ, 21 ਨੂੰ ਪੇਪਰਾਂ ਦੀ ਜਾਂਚ-ਪੜਤਾਲ ਦਾ ਕੰਮ ਹੋਵੇਗਾ, ਜਦਕਿ 22 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ ਹੋਵੇਗਾ। ਉਪਰੰਤ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 30 ਦਸੰਬਰ ਨੂੰ ਵੋਟਾਂ ਪਾਉਣ ਦਾ ਕੰਮ ਆਰੰਭ ਹੋਵੇਗਾ ਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰ ਕੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।
