ਪੰਜਾਬ, ਹਿਮਾਚਲ ਤੇ ਦਿੱਲੀ ਪਹੁੰਚਿਆ ਮਾਨਸੂਨ, ਮੀਂਹ ਨਾਲ ਮਿਲੀ ਗਰਮੀ ਤੋਂ ਰਾਹਤ
Thursday, Jun 25, 2020 - 02:05 AM (IST)
ਲੁਧਿਆਣਾ/ਸ਼ਿਮਲਾ, (ਸਲੂਜਾ,ਰਾਜੇਸ਼) : ਅੱਗ ਬਰਸਾਉਂਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਨਸੂਨ ਉਤਰੀ ਰਾਜਾਂ 'ਚ ਪਹੁੰਚ ਗਿਆ। ਬੁੱਧਵਾਰ ਨੂੰ ਤੇਜ਼ ਮੀਂਹ ਨੇ ਇਸ ਦੇ ਪੰਜਾਬ, ਹਿਮਾਚਲ, ਦਿੱਲੀ ਅਤੇ ਰਾਜਸਥਾਨ ਪਹੁੰਚਣ ਦਾ ਅਹਿਸਾਸ ਕਰਵਾਇਆ। ਪੰਜਾਬ 'ਚ ਪਟਿਆਲਾ 'ਚ ਅੱਜ 0.4 ਮਿਲੀਮੀਟਰ, ਪਠਾਨਕੋਟ 'ਚ 4, ਆਦਮਪੁਰ 'ਚ 13 ਜਦਕਿ ਚੰਡੀਗੜ੍ਹ 'ਚ 23.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਪੂਰੇ ਹਿਮਾਚਲ ਪ੍ਰਦੇਸ਼ 'ਚ ਤੇਜ਼ ਮੀਂਹ ਨਾਲ ਤਾਪਮਾਨ 'ਚ ਗਿਰਾਵਟ ਆਈ ਅਤੇ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਸ਼ਿਮਲਾ ਸਮੇਤ ਮੱਧ ਪਹਾੜੀ ਇਲਾਕਿਆਂ ਦੇ 6 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ 'ਚ ਮਾਨਸੂਨ ਦੇ ਬਾਦਲਾਂ ਦੀ ਦਸਤਕ ਦੇ ਨਾਲ ਹੀ ਬੁੱਧਵਾਰ ਨੂੰ ਕਈ ਇਲਾਕਿਆਂ 'ਚ ਜੰਮ ਕੇ ਮੀਂਹ ਪਿਆ। ਸ਼ਹਿਰ ਦੇ ਕਈ ਇਲਾਕਿਆਂ ਅਤੇ ਪ੍ਰਮੁੱਖ ਚੌਰਾਹਿਆਂ 'ਤੇ ਪਾਣੀ ਭਰਨ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ। ਰਾਜਸਥਾਨ 'ਚ ਬੁੱਧਵਾਰ ਨੂੰ ਮਾਨਸੂਨ ਇਕ ਦਿਨ ਪਹਿਲਾਂ ਹੀ ਪ੍ਰਵੇਸ਼ ਕਰ ਗਿਆ। ਰਾਜ ਦੇ 14 ਜ਼ਿਲ੍ਹਿਆਂ 'ਚ ਮਾਨਸੂਨ ਦਾ ਪਹਿਲਾਂ ਮੀਂਹ ਪੈ ਚੁਕਾ ਹੈ। ਬੀਤੇ 10 ਸਾਲ 'ਚ ਤੀਜੀ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਰਾਜਸਥਾਨ ਪਹੁੰਚਿਆ ਹੈ।