ਪੰਜਾਬ ''ਚ ਲੋਕ ਸਭਾ ਚੋਣਾਂ ''ਤੇ ਪੰਥਕ ਮੁੱਦੇ ਰਹੇ ਭਾਰੀ
Saturday, May 18, 2019 - 06:44 PM (IST)

ਬਠਿੰਡਾ,(ਵਰਮਾ) : ਲੋਕਸਭਾ ਪ੍ਰਚਾਰ ਦੇ ਆਖਿਰੀ ਦੌਰ ਦਾ ਪਹਿਆ ਸ਼ੁੱਕਰਵਾਰ ਸ਼ਾਮ ਨੂੰ ਰੁੱਕ ਗਿਆ, ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਚੋਣਾਂ ਦੇ ਪ੍ਰਚਾਰ ਲਈ ਆਗੂਆਂ ਨੇ 84 ਦੇ ਦੰਗਿਆਂ ਵਰਗੇ ਮਾਮਲਿਆਂ ਨੂੰ ਬਹੁਤ ਉਛਾਲਿਆਂ। ਦੂਜੇ ਪਾਸੇ ਕਾਂਗਰਸ ਨੇ ਬੇਅਦਬੀ ਮਾਮਲਿਆਂ ਵਰਗੇ ਸੰਵੇਦਨਸ਼ੀਲ ਮੁੱਦਿਆਂ ਦੇ ਨਾਂ 'ਤੇ ਵੋਟਾਂ ਮੰਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਆਪਣੀ ਜਨਸਭਾ 'ਚ ਸਪੱਸ਼ਟ ਕੀਤਾ ਹੈ ਕਿ '84 ਦੇ ਦੰਗਿਆਂ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਬਾਕੀਆਂ ਨੂੰ ਉਮਰ ਕੈਦ ਤੇ ਜੋ ਬੱਚ ਗਏ ਹਨ, ਉਨ੍ਹਾਂ ਨੂੰ ਜੇਲ ਭੇਜਿਆਂ ਜਾਵੇਗਾ। ਦੂਜੇ ਪਾਸੇ ਪ੍ਰਿਯੰਕਾ ਗਾਂਧੀ ਨੇ ਪਹਿਲੀ ਵਾਰ ਬਠਿੰਡਾ 'ਚ ਕਦਮ ਰੱਖਦੇ ਹੋਏ ਬਠਿੰਡਾ ਦੀ ਧਰਤੀ ਨੂੰ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਸ਼ਾਮਲ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਬੇਸ਼ਕ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਦੇ ਭੂਗੋਲ ਤੇ ਭੂਮਿਕਾ ਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਉਨ੍ਹਾਂ ਨੂੰ ਜਿਸ ਤਰ੍ਹਾਂ ਲਿੱਖ ਕੇ ਦਿੱਤਾ ਗਿਆ, ਉਨ੍ਹਾਂ ਨੇ ਉਸ ਤਰ੍ਹਾਂ ਬੋਲ ਦਿੱਤਾ। ਸ਼ਾਇਦ ਉਹ ਬੇਅਦਬੀ ਸ਼ਬਦ ਨੂੰ ਪਛਾਣ ਨਹੀਂ ਸਕੀ ਪਰ ਉਨ੍ਹਾਂ ਨੇ ਇਸ ਮਾਮਲੇ ਨੂੰ ਬਹੁਤ ਤਰਾਸ਼ ਕੇ ਬੋਲਿਆ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਕੇਜਰੀਵਾਲ ਵੀ ਇਸ 'ਚ ਪਿਛੇ ਨਹੀਂ ਰਹੇ। ਉਨ੍ਹਾਂ ਨੇ ਪੰਜਾਬ 'ਚ ਆਕਾਲੀ ਤੇ ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਨੂੰ ਫਰੈਨਡਲੀ ਮੈਚ ਦੱਸਿਆ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਥੱਲੜੇ ਅਫ਼ਸਰਾਂ ਤੱਕ ਹੀ ਗਾਜ਼ ਪਈ ਜਦਕਿ ਬਹਿਬਲ ਕਲਾਂ ਕਾਂਡ 'ਚ ਗੋਲੀ ਚਲਾਉਣ ਵਾਲਿਆਂ ਨੂੰ ਕਾਂਗਰੇਸ ਨੇ ਹੱਥ ਤਕ ਨਹੀਂ ਲਾਇਆ। ਉਨ੍ਹਾਂ ਨੇ ਕੈਪਟਨ 'ਤੇ ਝੂੱਠੀ ਸਹੰ ਲੈ ਕੇ ਸੱਤਾ ਹਾਸਲ ਕਰਨ ਦੇ ਦੋਸ਼ ਲਾਏ।
ਕਾਂਗਰਸ ਦੇ ਤੇਜ਼ ਤਰਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਸਹੁੰ ਖਾਧੀ ਕਿ ਜ਼ਿੰਦਗੀ 'ਚ ਉਹ ਗੁਰੂਆਂ ਦੇ ਅਪਮਾਨ ਦਾ ਜ਼ਰੂਰ ਬਦਲਾ ਲੈਣਗੇ ਨਹੀਂ ਤਾਂ ਉਹ ਰਾਜਨੀਤੀ ਛੱਡ ਦੇਣਗੇ। ਇਸ਼ਾਰਿਆਂ-ਇਸ਼ਾਰਿਆਂ 'ਚ ਉਨ੍ਹਾਂ ਨੇ ਬੇਅਦਬੀ ਮਾਮਲਿਆਂ 'ਚ ਕਾਰਵਾਈ ਨਾ ਕਰਨ ਨੂੰ ਲੈ ਕੇ ਭਾਵਨਾਤਮਕਤਾ ਵਿਖਾਈ। ਬਾਲੀਵੁੱਡ ਦੇ ਸਿਤਾਰੇ ਸੰਨੀ ਦਿਓਲ ਤੇ ਹੇਮਾ ਮਾਲਿਨੀ ਨੇ ਲੋਕਾਂ ਤੋਂ ਕੇਵਲ ਵੋਟਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਸੇ ਵੀ ਪੰਥਕ ਮੁੱਦੇ ਨੂੰ ਛੇੜਕੇ ਕਿਸੇ 'ਤੇ ਕੋਈ ਦੋਸ਼ ਨਹੀਂ ਲਾਏ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਤਾਂ '84 ਦੇ ਦੰਗਿਆਂ 'ਤੇ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਮਾਮਲੇ ਦੀ ਆੜ 'ਚ ਬੇਅਦਬੀ ਕਾਂਡ ਨੂੰ ਭੁੱਲਨਾ ਚਾਹੁੰਦੇ ਸਨ ਪਰ ਸਫ਼ਲ ਨਹੀਂ ਹੋ ਪਾਏ। '84 ਦੇ ਦੰਗਿਆਂ ਨੂੰ 35 ਸਾਲ ਬੀਤ ਚੁੱਕੇ ਹਨ। ਅਚਾਨਕ ਪ੍ਰਧਾਨ ਮੰਤਰੀ ਦੀ ਜੁਬਾਨ 'ਤੇ ਜਨਸਭਾ ਦੀ ਸਟੇਜ 'ਤੇ ਮੁੱਦਾ ਆਉਣਾ ਇਕ ਵੱਡੀ ਸਾਜ਼ਿਸ ਦਾ ਹਿੱਸਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।