7 ਕਿਰਤੀ ਕਿਸਾਨ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਥਾਣਾ ਸਿਟੀ ਦੇ ਸਾਹਮਣੇ ਦਿੱਤਾ ਧਰਨਾ

02/07/2018 6:17:43 PM

ਗੁਰਦਾਸਪੁਰ (ਵਿਨੋਦ) - ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਗੁਰਦਾਸਪੁਰ ਵਿਖੇ ਥਾਣਾ ਸਿਟੀ ਸਾਹਮਣੇ ਸੜਕ ਜਾਮ ਕੀਤਾ ਗਿਆ।
ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰਾਂਗਲਾ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਤੇ ਖੁਦਕੁਸ਼ੀ ਕਰਨ ਵਾਲੇ ਦੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਤੇ ਉਸ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਬਣਨ ਉਪਰੰਤ ਕੈਪਟਨ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਮੁਕਰ ਕੇ ਸਿਰਫ ਢਾਈ ਤੋਂ 5 ਏਕੜ ਤੱਕ ਦੇ ਕਿਸਾਨਾਂ ਸਹਿਕਾਰੀ ਸੋਸਾਇਟੀਆਂ ਦਾ ਫਸਲੀ ਕਰਜ਼ਾਂ ਮੁਆਫ ਕਰਨ ਦਾ ਐਲਾਨ ਕਰਨਾ ਸਮੁੱਚੀ ਕਿਸਾਨੀ ਨਾਲ ਧੋਖਾ ਹੈ।
ਇਸ ਲਈ ਵੀ ਕਿਸਾਨਾਂ ਨੂੰ ਸਵੈ ਘੋਸ਼ਣਾ ਪੱਤਰ ਦੇਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਬਜਾਏ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਨੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਨੂੰ ਹੋਰ ਵਧਾਇਆ ਹੈ ਤੇ ਕਿਸਾਨਾਂ ਤੇ ਹੋਰ ਬੋਲ ਪਾਉਣ ਲਈ ਖੇਤੀ ਮੋਟਰਾਂ ਤੇ ਮਿਲਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਨੀਯਤ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਅਤੇ ਡਾ. ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਮੁਕਰ ਗਈਆਂ ਹਨ। ਜਿਸ ਕਰਕੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਨ ਲਈ ਕਾਲੇ ਕਾਨੂੰਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਲੋਕਤੰਤਰ ਤੇ ਜਮਹੂਰੀ ਹੱਕਾਂ ਦਾ ਘਾਣ ਹੈ। ਇਸ ਮੌਕੇ ਤੇ ਦਲਬੀਰ ਸਿੰਘ ਸਮਸ਼ੇਰਪੁਰ, ਜਸਬੀਰ ਸਿੰਘ, ਪਲਵਿੰਦਰ ਸਿੰਘ, ਭਜਨ ਸਿੰਘ, ਸਾਗਰ ਸਿੰਘ, ਪੀ. ਐੱਮ. ਯੂ ਆਗੂ ਰਾਜ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਇਸ ਸੰਬੰਧੀ ਜਦ ਥਾਣਾ ਮੁਖੀ ਸ਼ਾਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਬੁੱਧਵਾਰ ਥਾਣੇ ਦੇ ਬਾਹਰ ਅਚਨਚੇਤ ਧਰਨਾ ਲਗਾ ਦਿੱਤਾ ਗਿਆ। ਇਸ ਸੰਬੰਧੀ ਜਦੋਂ ਅਸੀਂ ਕਿਸਾਨਾਂ ਨੂੰ ਧਰਨਾ ਲਗਾਉਣ ਸੰਬੰਧੀ ਪੁੱਛਿਆ ਕਿ ਤੁਸੀਂ ਧਰਨਾ ਲਗਾਉਣ ਲਈ ਆਗਿਆ ਲਈ ਹੈ ਤਾਂ ਉਨ੍ਹਾਂ ਨੇ ਕਿਹਾ ਅਸੀਂ ਆਗਿਆ ਨਹੀਂ ਲਈ, ਜਿਸ ਸੰਬੰਧੀ ਉੱਚ ਅਧਿਕਾਰੀਆਂ ਦੇ ਕਹਿਣ ਤੇ ਪੁਲਸ ਵਲੋਂ ਸੜਕ ਜਾਮ ਕਰਨ ਦੇ ਚਲਦੇ ਇਨ੍ਹਾਂ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


Related News