ਪੰਜਾਬ ''ਚ ਆਈ. ਐੱਸ. ਆਈ. ਸਰਗਰਮ : ਕੈਪਟਨ
Monday, Oct 15, 2018 - 11:25 PM (IST)

ਚੰਡੀਗੜ੍ਹ,(ਅਸ਼ਵਨੀ)— ਪੰਜਾਬ 'ਚ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ (ਆਈ. ਐੱਸ. ਆਈ.) ਕਾਫ਼ੀ ਸਰਗਰਮ ਹੈ। ਸੋਮਵਾਰ ਨੂੰ ਪੰਜਾਬ ਭਵਨ 'ਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਈ. ਐੱਸ. ਆਈ. ਦਾ ਕਾਫ਼ੀ ਪ੍ਰਭਾਵ ਹੈ। ਹਾਲ ਹੀ 'ਚ ਪੰਜਾਬ ਤੋਂ ਫੜ੍ਹੇ ਗਏ ਕਸ਼ਮੀਰੀ ਵਿਦਿਆਰਥੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਈ. ਐੱਸ. ਆਈ. ਕਸ਼ਮੀਰੀ ਵਿਦਿਆਰਥੀਆਂ ਦਾ ਇਸਤੇਮਾਲ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਤੋਂ ਆਪ੍ਰੇਟ ਕਰ ਰਹੇ ਕਈ ਆਤੰਕੀ ਸਰਗਾਨਾਵਾਂ ਨੂੰ ਪੁਲਸ ਅਤੇ ਆਰਮੀ ਨੇ ਫੜ੍ਹਿਆ ਵੀ ਹੈ। ਹਾਲਾਂਕਿ ਕਸ਼ਮੀਰ ਦੇ ਸਾਰੇ ਵਿਦਿਆਰਥੀ ਅੱਤਵਾਦੀ ਨਹੀਂ ਹਨ ਅਤੇ ਪੁਲਸ ਵੀ ਹੁਣ ਤੱਕ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਦੇ ਸਥਾਨਕ ਲੋਕਾਂ ਨਾਲ ਸੰਪਰਕਾਂ ਨੂੰ ਸਾਬਿਤ ਨਹੀਂ ਕਰ ਸਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਗੈਂਗਸਟਰਾਂ ਤੋਂ ਆਈ. ਐੱਸ. ਆਈ. ਸਬੰਧੀ ਵੀ ਸਿਰੇ ਤੋਂ ਨਕਾਰਿਆ ਨਹੀਂ ਜਾ ਸਕਦਾ। ਹਾਲਾਂਕਿ ਪੰਜਾਬ ਸਰਕਾਰ ਨੇ ਗੈਂਗਸਟਰਾਂ 'ਤੇ ਨਕੇਲ ਕੱਸੀ ਹੈ। ਸਰਕਾਰ ਨੇ ਕਰੀਬ 100-105 ਗੈਂਗਸਟਰਾਂ ਨੂੰ ਜੇਲ੍ਹ 'ਚ ਪਾ ਦਿੱਤਾ ਹੈ। 14-15 ਪੁਲਸ ਮੁਠਭੇੜ 'ਚ ਮਾਰੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਈ. ਐੱਸ. ਆਈ. ਦਾ ਗੇਮ ਪਲਾਨ ਪਾਕਿਸਤਾਨ ਸਰਹੱਦ ਨਾਲ ਲੱਗਦੇ ਰਾਜਾਂ 'ਚ ਗੜਬੜੀ ਫੈਲਾਉਣ ਦਾ ਹੈ । ਇਸ ਦੇ ਪਿੱਛੇ ਆਈ. ਐੱਸ. ਆਈ. ਦੀ ਇੱਛਾ ਪਾਕਿਸਤਾਨ ਨੂੰ ਸੁਰੱਖਿਅਤ ਬਣਾਉਣ ਦੀ ਹੈ, ਇਸ ਲਈ ਉਹ ਲਗਾਤਾਰ ਪੰਜਾਬ 'ਚ ਵੀ ਸਰਗਰਮ ਰਹਿੰਦੇ ਹਨ ।