ਕੋਵਿਡ-19 ਨਾਲ ਨਜਿੱਠਣ ਲਈ ਆਈ. ਐਮ. ਏ. ਨੇ ਕੀਤੀ ਪੰਜਾਬ ਦੀ ਸ਼ਲਾਘਾ

04/23/2020 1:31:45 AM

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਤਾਲਾਬੰਦੀ/ਲਾਕਡਾਊਨ ਸਬੰਧੀ ਚੁੱਕੇ ਗਏ ਸਖ਼ਤ ਕਦਮਾਂ ਦੀ ਸ਼ਲਾਘਾ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸਨ (ਆਈ. ਐੱਮ. ਏ.) ਨੇ ਕੋਵਿਡ-19 ਦੇ ਖਤਰੇ ਦੀ ਤੁਰੰਤ ਪਛਾਣ, ਜਾਂਚ ਤੇ ਰੋਕਥਾਮ ਰਣਨੀਤੀ ਅਪਣਾ ਕੇ ਇਸ ਮਹਾਵਾਰੀ ਨਾਲ ਨਜਿੱਠਣ ਲਈ ਸੂਬੇ ਦੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਵਡਿਆਈ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸਨ ਨੇ ਬਿਆਨ 'ਚ ਕਿਹਾ ਹੈ ਕਿ ਪੰਜਾਬ ਵਿੱਚ 4 ਮਾਰਚ ਨੂੰ ਕੋਰੋਨਾ ਨਾਲ ਪੀੜਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਪਰ ਵਿਭਾਗ ਜਨਵਰੀ 2020 ਤੋਂ ਵਾਹਗਾ ਅਤੇ ਕਰਤਾਰਪੁਰ ਲਾਂਘੇ 'ਤੇ ਅੰਤਰਰਾਸਟਰੀ ਹਵਾਈ ਅੱਡਿਆਂ ਅਤੇ ਅੰਤਰਰਾਸਟਰੀ ਚੈੱਕ ਪੋਸਟਾਂ 'ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਸਬੰਧੀ ਪਹਿਲਾਂ ਹੀ ਚੌਕਸ ਰਿਹਾ ਹੈ।

ਇਸ ਤੋਂ ਇਲਾਵਾ ਵਿਭਾਗ ਦੀ ਸਰਗਰਮ ਕਾਰਜਸੀਲਤਾ ਇਸ ਤੱਥ ਤੋਂ ਸਪੱਸਟ ਹੈ ਕਿ ਯਾਤਰੀਆਂ ਦੀ ਜਾਂਚ ਚੰਡੀਗੜ੍ਹ ਵਿਖੇ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਭਾਰਤ ਸਰਕਾਰ ਤੋਂ ਵੀ ਪਹਿਲਾਂ ਚੈੱਕ ਪੋਸਟਾਂ 'ਤੇ ਸਕਰੀਨਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਸਰਗਰਮ ਨਿਗਰਾਨੀ ਦੇ ਨਤੀਜੇ ਵਜੋਂ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਕੋਵਿਡ -19 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਗਿਆ, ਜਿਸ ਨਾਲ ਇਸ ਨੂੰ ਅੱਗੇ ਫੈਲਣ ਤੋਂ ਰੋਕਣ 'ਚ ਸਹਾਇਤਾ ਮਿਲੀ। ਆਈ.ਐੱਮ.ਏ. ਨੇ ਜਲੰਧਰ ਕੋਵਿਡ ਹਸਪਤਾਲ ਕੋਲ 10 ਵੈਂਟੀਲੇਟਰਾਂ ਅਤੇ 25 ਬੈੱਡਾਂ ਵਾਲਾ ਹਸਪਤਾਲ ਸਥਾਪਤ ਕੀਤਾ ਹੈ, ਜਿਸ ਨੂੰ ਲੋੜ ਪੈਣ 'ਤੇ ਸੂਬਾ ਸਰਕਾਰ ਨੂੰ ਸੌਂਪੇ ਜਾਣ ਦੀ ਪੇਸਕਸ਼ ਕੀਤੀ ਹੈ। ਇਸ ਦੇ ਨਾਲ ਹੀ ਆਈ. ਐੱਮ. ਏ. ਵੱਲੋਂ ਕਈ ਜ਼ਿਲ੍ਹਿਆਂ 'ਚ ਪੀ. ਪੀ. ਈ. ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੋਵਿਡ -19 ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲਾਂ 'ਚ ਜਾਂਚ ਲਈ ਐਂਬੂਲੈਂਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਆਈ. ਐਮ. ਏ. ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਐਸ. ਬੀ. ਐਸ ਨਗਰ ਅਤੇ ਮੁਹਾਲੀ ਜ਼ਿਲੇ ਦੇ ਡੇਰਾਬਸੀ 'ਚ ਸੂਬੇ ਦੇ ਦੋ ਹਾਟ ਸਪਾਟਾਂ 'ਚ ਸੂਬੇ ਦੀਆਂ ਟੀਮਾਂ ਵੱਲੋਂ ਸਾਰੇ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ਅਤੇ ਪਾਜ਼ੇਟਿਵ ਮਾਮਲਿਆਂ ਦੇ ਸਾਰੇ ਸੰਪਰਕਾਂ ਦੀ ਤੁਰੰਤ ਟ੍ਰੇਸਿੰਗ ਕਰਕੇ ਜਾਂਚ ਕੀਤੀ ਗਈ। ਮਹਾਮਾਰੀ ਦੇ ਅਸਰ ਦੇ ਵਿਸ਼ਵ ਵਿਆਪੀ ਪੈਮਾਨੇ ਦੇ ਮੱਦੇਨਜਰ ਸੂਬੇ ਵੱਲੋਂ ਸਾਂਝੇ ਹੁੰਗਾਰੇ ਨੂੰ ਦੇਖਦਿਆਂ, ਆਈ. ਐਮ. ਏ. ਨੇ ਵਿਸ਼ੇਸ਼ ਤੌਰ 'ਤੇ ਸਿਹਤ ਵਿਭਾਗ ਦੇ ਆਈਸੋਲੇਸ਼ਨ ਸਹੂਲਤਾਂ ਤਿਆਰ ਕਰਨ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮਨੁੱਖ ਸਕਤੀ ਦਾ ਪੁਨਰਗਠਨ, ਸਮਰੱਥਾ ਨਿਰਮਾਣ ਅਤੇ ਆਈ. ਈ. ਸੀ. ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਸਬੰਧੀ ਜਾਗਰੂਕਤਾ ਲਈ ਵੱਡੀ ਮੁਹਿੰਮ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਵੀ ਸ਼ਲਾਘਾ ਕੀਤੀ। ਵਿਭਾਗ ਵੱਲੋਂ ਚੁੱਕੇ ਕਦਮਾਂ ਦੀ ਸਫਲਤਾ ਐਸ. ਬੀ. ਐਸ. ਨਗਰ ਦੇ ਪਠਲਾਵਾ ਪਿੰਡ 'ਚ ਵਾਇਰਸ ਫੈਲਣ ਦੀ ਰੋਕਥਾਮ ਦੇ ਸੁਚੱਜੇ ਯਤਨਾਂ 'ਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ, ਜਿਥੇ ਬਹੁਤ ਘੱਟ ਸਮੇਂ 'ਚ 19 ਕੇਸ ਸਾਹਮਣੇ ਆਏ ਸਨ।

ਤੁਰੰਤ ਟੈਸਟਿੰਗ ਅਤੇ ਰੋਕਥਾਮ ਦੇ ਯਤਨਾਂ ਨਾਲ ਐਸ. ਬੀ. ਐਸ. ਨਗਰ ਤੋਂ 25 ਮਾਰਚ ਤੋਂ ਬਾਅਦ ਹੁਣ ਤੱਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸਾਰੇ ਮਰੀਜ਼ ਤੰਦਰੁਸਤ ਐਲਾਨੇ ਜਾ ਚੁੱਕੇ ਹਨ, ਜਦਕਿ ਸਿਰਫ ਇਕ ਮਰੀਜ਼ ਨੂੰ ਵੀ ਇੱਕ ਦਿਨ ਬਾਅਦ ਛੁੱਟੀ ਹੋਣ ਦੀ ਸੰਭਾਵਨਾ ਹੈ। ਆਈ.ਐਮ.ਏ. ਨੇ ਪੰਜਾਬ ਨੂੰ ਆਪਣੇ ਪੂਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਰੇ ਸੂਬੇ ਵਿੱਚ ਨਿੱਜੀ ਹਸਪਤਾਲਾਂ ਵਿਚ ਓ. ਪੀ. ਡੀ. ਦੀ ਸੁਵਿਧਾ ਦੇਣ ਅਤੇ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਦੇ ਪ੍ਰਬੰਧ ਨੂੰ ਯਕੀਨੀ ਬਣਾ ਕੇ ਇਹ ਸੰਸਥਾ ਆਪਣੀ ਪੂਰੀ ਸਮਰੱਥਾ ਨਾਲ ਸੂਬੇ ਦੀ ਸਹਾਇਤਾ ਕਰ ਰਹੀ ਹੈ। ਆਈ. ਐਮ. ਏ. ਪੰਜਾਬ ਨੇ ਸੂਬਾ ਸਰਕਾਰ ਨੂੰ ਇਸ ਮਹਾਮਾਰੀ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ ਹੈ।

ਜ਼ਿਕਰਯੋਗ ਹੈ ਕਿ ਆਈ. ਐੱਮ. ਏ. ਪੰਜਾਬ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਜਨਤਕ ਅਤੇ ਨਿੱਜੀ ਖੇਤਰ ਦੀਆਂ ਸਿਹਤ ਸਹੂਲਤਾਂ ਦੀਆਂ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਕਈ ਮੁਲਾਕਾਤਾਂ ਕੀਤੀਆਂ। ਉਨ੍ਹਾਂ 28 ਮਾਰਚ ਤੋਂ ਕੋਵਿਡ-19 ਦੇ ਕੇਂਦਰ ਪਠਲਾਵਾ (ਐਸ. ਬੀ. ਐੱਸ. ਨਗਰ) ਅਤੇ ਸਬਜ਼ੀ ਮੰਡੀ ਵਿੱਚ ਕੈਂਪ ਲਗਾਏ। ਆਈ.ਐਮ.ਏ. ਦੇ ਸਾਰੇ ਜ਼ਿਲ੍ਹਾ ਪ੍ਰਧਾਨ ਸਿਵਲ ਸਰਜਨਾਂ ਨਾਲ ਤਾਲਮੇਲ ਕਰ ਰਹੇ ਹਨ।


Deepak Kumar

Content Editor

Related News